ਕਣਕ ਤੇ ਦਾਲ ਦੀ ਵੰਡ ਨੂੰ ਲੈ ਕੇ ਆਹਮੋ-ਸਾਹਮਣੇ ਹੋਈ ਕੇਂਦਰ ਤੇ ਪੰਜਾਬ ਸਰਕਾਰ
Thursday, May 07, 2020 - 11:55 PM (IST)
ਲੁਧਿਆਣਾ,(ਹਿਤੇਸ਼)- ਕਰਫਿਊ ਦੌਰਾਨ ਗਰੀਬ ਲੋਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਆਹਮੋ-ਸਾਹਮਣੇ ਹੋ ਗਈਆਂ ਹਨ। ਜਿਸ ਦੇ ਤਹਿਤ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਕੀਤੇ ਗਏ ਦਾਅਵੇ 'ਤੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਵਾਲ ਖੜ੍ਹੇ ਕੀਤੇ ਹਨ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਨੀਲੇ ਕਾਰਡਧਾਰੀਆਂ ਨੂੰ ਮੁਫਤ ਵਿਚ ਤਿੰਨ ਮਹੀਨਿਆਂ ਲਈ ਕਣਕ ਅਤੇ ਦਾਲ ਦੇਣ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ ਅਕਾਲੀ-ਭਾਜਪਾ ਵੱਲੋਂ ਪੰਜਾਬ ਸਰਕਾਰ 'ਤੇ ਰਾਸ਼ਨ ਦੀ ਵੰਡ ਠੀਕ ਢੰਗ ਨਾਲ ਨਾ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਜਦੋਂਕਿ ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਕਾਫੀ ਦੇਰ ਤੱਕ ਦਾਲ ਨਾ ਭੇਜਣ ਕਾਰਨ ਮੁਸ਼ਕਲ ਆ ਰਹੀ ਹੈ।
ਇਸੇ ਦੌਰਾਨ ਕੇਂਦਰੀ ਫੂਡ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰ ਕੇ ਪੰਜਾਬ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਪਾਸਵਾਨ ਮੁਤਾਬਕ ਲਾਕਡਾਊਨ ਦੇ ਬਾਵਜੂਦ ਦੇਸ਼ ਦੇ ਕੋਨੇ-ਕੋਨੇ ਵਿਚ ਅਨਾਜ ਪਹੁੰਚਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਪੰਜਾਬ ਨੂੰ ਅਪ੍ਰੈਲ ਲਈ 70,725 ਟਨ ਅਨਾਜ ਭੇਜਿਆ ਗਿਆ ਪਰ ਪੰਜਾਬ ਸਰਕਾਰ ਵੱਲੋਂ ਉਸ ਵਿਚੋਂ ਸਿਰਫ 1 ਫੀਸਦੀ ਮਤਲਬ ਕਿ 688 ਟਨ ਅਨਾਜ ਹੀ ਵੰਡਿਆ ਗਿਆ ਹੈ, ਜਿਸ ਵਿਚ ਤੇਜ਼ੀ ਲਿਆਉਣ ਲਈ ਪਾਸਵਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ।
ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਲਟਵਾਰ ਕਰਦੇ ਹੋਏ ਮੰਤਰੀ ਆਸ਼ੂ ਨੇ ਪਾਸਵਾਨ ਦੇ ਦਾਅਵਿਆਂ ਨੂੰ ਖਾਰਜ਼ ਕਰ ਦਿੱਤਾ ਹੈ। ਆਸ਼ੂ ਨੇ ਦੱਸਿਆ ਕਿ ਜੋ ਕਣਕ ਭੇਜਣ ਦੀ ਗੱਲ ਕਹੀ ਜਾ ਰਹੀ ਹੈ, ਉਹ ਕਣਕ ਤਾਂ ਪਹਿਲਾਂ ਹੀ ਪੰਜਾਬ ਵਿਚ ਮੌਜੂਦ ਸੀ ਜਿਸ ਦੀ ਵੰਡ ਸ਼ੁਰੂ ਕਰਨ ਵਿਚ ਹੋਈ ਦੇਰ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ ਜਿਸ ਵੱਲੋਂ 25 ਅਪ੍ਰੈਲ ਤੋਂ ਬਾਅਦ ਪੰਜਾਬ ਲਈ ਦਾਲ ਭੇਜਣੀ ਸ਼ੁਰੂ ਕੀਤੀ ਗਈ ਹੈ ਅਤੇ ਉਸ ਦੀ ਮੱਧਮ ਰਫਤਾਰ ਕਾਰਨ ਹੁਣ ਵੀ 10 ਹਜ਼ਾਰ ਮੀਟ੍ਰਿਕ ਟਨ ਦੀ ਵੰਡ ਦੇ ਮੁਕਾਬਲੇ ਅੱਧੀ ਦਾਲ ਹੀ ਆਈ ਹੈ, ਜਿਸ ਵਿਚੋਂ ਇਕ ਹਜ਼ਾਰ ਮੀਟ੍ਰਿਕ ਟਨ ਦਾਲ ਵੰਡੀ ਗਈ ਹੈ।
ਆਸ਼ੂ ਨੇ ਸਪੱਸ਼ਟ ਕੀਤਾ ਕਿ ਕਣਕ ਅਤੇ ਦਾਲ ਵੰਡਣ ਵਿਚ ਸਮਾਂ ਇਸ ਲਈ ਲੱਗ ਰਿਹਾ ਹੈ ਕਿਉਂਕਿ ਫੂਡ ਸਪਲਾਈ ਵਿਭਾਗ ਦਾ ਸਟਾਫ ਕਣਕ ਦੀ ਖਰੀਦ ਅਤੇ ਦੂਜੇ ਰਾਜਾਂ ਵਿਚ ਸ਼ਿਫਟਿੰਗ ਦਾ ਕੰਮ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ 3 ਮਹੀਨਿਆਂ ਲਈ ਇਕੱਠੀ ਕਣਕ ਅਤੇ ਦਾਲ ਦਾ ਵਜ਼ਨ ਕਰ ਕੇ ਦੇਣ ਅਤੇ ਸੋਸ਼ਲ ਡਿਸਟੈਂਸ ਮੇਨਟੇਨ ਰੱਖਣ ਕਾਰਨ ਵੀ ਸਮਾਂ ਲਗ ਰਿਹਾ ਹੈ।