ਕਿਸੇ ਹੋਰ ਦੀ ਥਾਂ ਪੇਪਰ ਦਿੰਦੇ 2 ਨੌਜਵਾਨ ਕਾਬੂ, 4 ਵਿਰੁੱਧ ਮਾਮਲਾ ਦਰਜ

03/02/2018 6:20:26 AM

ਗਿੱਦੜਬਾਹਾ, (ਕੁਲਭੂਸ਼ਨ)- ਥਾਣਾ ਕੋਟਭਾਈ ਪੁਲਸ ਨੇ ਆਪਣੀ ਥਾਂ ਕਿਸੇ ਹੋਰ ਨੂੰ ਪ੍ਰੀਖਿਆ ਕੇਂਦਰ ਵਿਚ ਪੇਪਰ ਦੇਣ ਦੇ ਦੋਸ਼ ਵਿਚ 2 ਪ੍ਰੀਖਿਆਰਥੀਆਂ ਅਤੇ ਪੇਪਰ ਦੇਣ ਵਾਲੇ ਦੋ ਹੋਰ ਨੌਜਵਾਨਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 
ਏ. ਐੱਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਮਧੀਰ ਵਿਚ ਬਣੇ ਓਪਨ ਸੈਂਟਰ ਨੰਬਰ 55990 ਵਿਚ 12ਵੀਂ ਦੀ ਪ੍ਰੀਖਿਆ ਚੱਲ ਰਹੀ ਸੀ ਅਤੇ ਬੀਤੇ ਦਿਨ ਅੰਗਰੇਜ਼ੀ ਵਿਸ਼ੇ ਦਾ ਪੇਪਰ ਸੀ। ਇਸ ਪੇਪਰ 'ਚ ਪ੍ਰੀਖਿਆਰਥੀ ਦਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਦੀ ਜਗ੍ਹਾ 'ਤੇ ਕੋਈ ਹੋਰ ਨੌਜਵਾਨ ਸੁਖਚੈਨ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੰਡਵਾਲਾ ਚੜ੍ਹਤ ਸਿੰਘ ਪੇਪਰ ਦੇ ਰਿਹਾ ਸੀ ਅਤੇ ਇਸੇ ਤਰ੍ਹਾਂ ਦੂਜੇ ਪ੍ਰੀਖਿਆਰਥੀ ਅਮਰਜੀਤ ਸਿੰਘ ਪੁੱਤਰ ਜਗਸੀਰ ਸਿੰਘ ਦੀ ਥਾਂ ਜਗਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਭਲਾਈਆਣਾ ਦਾ ਵਿਦਿਆਰਥੀ ਪੇਪਰ ਦੇ ਰਿਹਾ ਸੀ, ਜਦੋਂ ਹੀ ਕਮਰਾ ਨੰਬਰ-1 ਵਿਚ ਪ੍ਰੀਖਿਆ ਨਿਗਰਾਨ ਕਮਲਜੀਤ ਸਿੰਘ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਚੈੱਕ ਕਰ ਕੇ ਸ਼ਨਾਖਤ ਕਰ ਰਿਹਾ ਸੀ ਤਾਂ ਇਹ ਦੋਵੇਂ ਵਿਦਿਆਰਥੀ ਜਾਅਲੀ ਪਾਏ ਗਏ। 
ਉਨ੍ਹਾਂ ਦੱਸਿਆ ਕਿ ਕਮਲਜੀਤ ਸਿੰਘ ਨਿਗਰਾਨ, ਅਰਚਨਾ ਰਾਣੀ ਸੁਪਰਡੈਂਟ, ਬਲਤੇਜ ਸਿੰਘ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਮਧੀਰ, ਸ਼ਸ਼ੀ ਕਾਂਤਾ ਆਬਜ਼ਰਵਰ ਅਤੇ ਹਰਗੁਨਜੀਤ ਕੌਰ ਸਕੱਤਰ ਵੱਲੋਂ ਤਸਦੀਕ ਪ੍ਰਾਪਤ ਪੱਤਰ ਨੰਬਰ 827/18 ਮਿਤੀ 28-02-2018 'ਤੇ ਕਾਰਵਾਈ ਕਰਦਿਆਂ ਦਵਿੰਦਰ ਸਿੰਘ, ਸੁਖਚੈਨ ਸਿੰਘ, ਅਮਰਜੀਤ ਸਿੰਘ ਅਤੇ ਜਗਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੇਪਰ ਦੇਣ ਵਾਲੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਜਿਨ੍ਹਾਂ ਦੀ ਜਗ੍ਹਾ ਉਕਤ ਦੋਵੇਂ ਪੇਪਰ ਦੇ ਰਹੇ ਸਨ, ਉਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। 


Related News