ਲੁਧਿਆਣਾ ’ਚ ਗੋਲ਼ੀਆਂ ਮਾਰ ਕੇ ਭੈਣ ਦਾ ਕਤਲ ਕਰਨ ਵਾਲੇ ਮਾਮਲੇ ’ਚ ਨਵਾਂ ਮੋੜ, ਵੀਡੀਓ ਆਈ ਸਾਹਮਣੇ

Monday, Aug 07, 2023 - 06:34 PM (IST)

ਲੁਧਿਆਣਾ ’ਚ ਗੋਲ਼ੀਆਂ ਮਾਰ ਕੇ ਭੈਣ ਦਾ ਕਤਲ ਕਰਨ ਵਾਲੇ ਮਾਮਲੇ ’ਚ ਨਵਾਂ ਮੋੜ, ਵੀਡੀਓ ਆਈ ਸਾਹਮਣੇ

ਲੁਧਿਆਣਾ : ਭੈਣ ਵਲੋਂ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕਰਾਉਣ ਤੋਂ ਨਾਰਾਜ਼ ਭਰਾ ਨੇ ਆਪਣੀ ਭੈਣ ਅਤੇ ਜੀਜੇ ਨੂੰ ਘਰ ’ਚ ਦਾਖਲ ਹੋ ਕੇ ਗੋਲ਼ੀਆਂ ਮਾਰ ਦਿੱਤੀਆਂ। ਇਸ ਵਾਰਦਾਤ ਵਿਚ ਭੈਣ ਦੀ ਮੌਤ ਹੋ ਗਈ ਸੀ ਜਦਕਿ ਗੋਲ਼ੀਆਂ ਲੱਗਣ ਕਾਰਣ ਜੀਜਾ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ਵਿਚ ਪੀ. ਏ. ਯੂ. ਥਾਣੇ ਦੀ ਪੁਲਸ ਨੇ ਮੁਲਜ਼ਮ ਭਰਾ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਭੈਣ ਸੰਦੀਪ ਕੌਰ ਅਤੇ ਜੀਜੇ ਰਵੀ ’ਤੇ 18 ਗੋਲ਼ੀਆਂ ਚਲਾਈਆਂ ਸਨ, ਜਿਨ੍ਹਾਂ ਦੇ ਖੋਲ ਪੁਲਸ ਨੂੰ ਮਿਲ ਗਏ ਸਨ। 

ਇਹ ਵੀ ਪੜ੍ਹੋ : ਹੁਣ ਸੌਖਾ ਨਹੀਂ ਬਣੇਗਾ ਆਧਾਰ ਕਾਰਡ, ਇਸ ਸਖ਼ਤ ਜਾਂਚ ਪ੍ਰਕਿਰਿਆ ਵਿਚੋਂ ਪਵੇਗਾ ਲੰਘਣਾ

ਵਾਰਦਾਤ ਦੀ ਵੀਡੀਓ ਵੀ ਆਈ ਸਾਹਮਣੇ

ਇਸ ਖ਼ੌਫਨਾਕ ਵਾਰਦਾਤ ਦੀ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਘਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਘਟਨਾ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਤਲ ਸੂਰਜ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਹੈ। ਜਿਵੇਂ ਹੀ ਰਵੀ ਆਪਣੇ ਬੁਲਟ ਮੋਟਰਸਾਈਕਲ ’ਤੇ ਆਪਣੇ ਘਰ ਦੇ ਬਾਹਰ ਆਉਂਦਾ ਹੈ ਤਾਂ ਮੋਟਰਸਾਈਕਲ ’ਤੇ ਹੈਲਮੇਟ ਪਾ ਕੇ ਪੂਰੀ ਤਿਆਰੀ ਵਿਚ ਆਇਆ ਸੂਰਜ ਆਉਂਦੇ ਸਾਰ ਹੀ ਰਵੀ ’ਤੇ ਪਿਸਤੌਲ ਤਾਣਦਾ ਹੋਇਆ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਗੋਲ਼ੀ ਲੱਗਣ ਦੇ ਬਾਵਜੂਦ ਰਵੀ ਘਰ ਦੇ ਅੰਦਰ ਭੱਜਦਾ ਹੈ ਤਾਂ ਸੂਰਜ ਵੀ ਉਸ ਦੇ ਪਿੱਛੇ ਆਉਂਦਾ ਹੈ। ਘਰ ਦੇ ਅੰਦਰ ਦਾਖਲ ਹੁੰਦਿਆਂ ਜਦੋਂ ਸੰਦੀਪ ਕੌਰ ਉਸ ਦੇ ਸਾਹਮਣੇ ਆਉਂਦੀ ਹੈ ਤਾਂ ਸੂਰਜ ਉਸ ਨੂੰ ਵੀ ਗੋਲ਼ੀਆਂ ਮਾਰ ਦਿੰਦਾ ਹੈ। ਇਸ ਤੋਂ ਬਾਅਦ ਉਹ ਛੱਤ ’ਤੇ ਰਵੀ ਦੇ ਪਿੱਛੇ ਭੱਜਦਾ ਹੈ ਪਰ ਰਵੀ ਲੁਕ ਜਾਂਦਾ ਹੈ ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਸ ਦੌਰਾਨ ਜਦੋਂ ਲੋਕ ਇਕੱਠੇ ਹੋਏ ਤਾਂ ਸੂਰਜ ਫਰਾਰ ਹੋ ਜਾਂਦਾ ਹੈ। 

ਇਹ ਵੀ ਪੜ੍ਹੋ : ਸੁਨਾਮ ’ਚ ਭਰੇ ਬਾਜ਼ਾਰ ਗੰਡਾਸੇ ਨਾਲ ਵੱਢੀ ਪਤਨੀ, ਵਾਰਦਾਤ ਦੇਖ ਕੰਬ ਗਏ ਲੋਕਾਂ ਦੇ ਦਿਲ

ਯੂ. ਪੀ. ਤੋਂ ਖਰੀਦਿਆ ਹਥਿਆਰ, ਕਈ ਦਿਨਾਂ ਤੋਂ ਕਰ ਰਿਹਾ ਸੀ ਰੇਕੀ

ਪੁਲਸ ਨੇ ਜਦੋਂ ਮੁਲਜ਼ਮ ਨੂੰ ਕਾਬੂ ਕੀਤਾ ਤਾਂ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ, 21 ਗੋਲੀਆਂ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਹੈ। ਏ. ਡੀ. ਸੀ. ਪੀ. ਸ਼ੁਭਮ ਅਗਰਵਾਲ, ਏ. ਸੀ. ਪੀ. ਮਨਦੀਪ ਸਿੰਘ, ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ 21 ਜੂਨ ਨੂੰ ਰਵੀ ਸੰਦੀਪ ਨੂੰ ਘਰੋਂ ਲੈ ਕੇ ਚਲਾ ਗਿਆ ਸੀ। 29 ਜੂਨ ਨੂੰ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ। ਇਸ ਦਾ ਪਤਾ ਜਦੋਂ ਸੂਰਜ ਨੂੰ ਲੱਗਾ ਤਾਂ ਉਹ ਗੁੱਸੇ ਵਿਚ ਯੂ. ਪੀ. ਗਿਆ ਅਤੇ ਉਥੋਂ ਹਥਿਆਰ ਲੈ ਕੇ ਆਇਆ। ਉਸ ਨੇ ਐਕਸਟਰਾ ਪੈਸੇ ਦੇ ਕੇ ਦੋ ਮੈਗਜ਼ੀਨ ਖਰੀਦੀਆਂ। ਇਥੇ ਹੀ ਬਸ ਨਹੀਂ ਸੂਰਜ ਇਹ ਸਾਰੀਆਂ ਗੋਲ਼ੀਆਂ ਦੋਵਾਂ ਨੂੰ ਮਾਰਨੀਆਂ ਚਾਹੁੰਦਾ ਸੀ, ਜਿਸ ਕਾਰਨ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਦੋਵਾਂ ਦੀ ਰੇਕੀ ਕਰ ਰਿਹਾ ਸੀ। 

ਇਹ ਵੀ ਪੜ੍ਹੋ : ਪੁੱਤ ਬਣੇ ਕਪੁੱਤ, ਜਿਸ ਪਿਓ ਨੇ ਜੰਮਿਆ ਉਸੇ ਨੂੰ ਕੁਹਾੜੇ ਤੇ ਗੰਡਾਸੇ ਨਾਲ ਵੱਢ ਦਿੱਤੀ ਰੂਹ ਕੰਬਾਊ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News