ਫਿਲੌਰ ਤੋਂ ਲਾਪਤਾ ਨੌਜਵਾਨ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼

04/19/2022 2:26:40 AM

ਲੁਧਿਆਣਾ (ਅਨਿਲ)-ਫਿਲੌਰ ਤੋਂ 3 ਦਿਨ ਪਹਿਲਾਂ ਲੁਧਿਆਣਾ ’ਚ ਕੰਮ ਦੀ ਭਾਲ ਕਰਨ ਆਏ 26 ਸਾਲਾ ਨੌਜਵਾਨ ਦੀ ਲਾਸ਼ ਅੱਜ ਥਾਣਾ ਮਿਹਰਬਾਨ ਦੇ ਇਲਾਕੇ ’ਚ ਮਿਲੀ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਪ੍ਰੀਤ ਸਿੰਘ ਅਤੇ ਜਾਂਚ ਅਧਿਕਾਰੀ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਪਿੰਡ ਨੂਰਵਾਲਾ ’ਚ ਖੇਤਾਂ ਦੇ ਵਿਚ ਇਕ ਦਰੱਖਤ ਦੇ ਥੱਲੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ, ਜਿਸ ਤੋਂ ਬਾਅਦ ਥਾਣਾ ਮੁਖੀ ਮੌਕੇ ’ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਲਾਸ਼ ਕੋਲ ਇਕ ਐਕਟਿਵਾ ਵੀ ਖੜ੍ਹੀ ਹੋਈ ਸੀ, ਜਿਸ ਤੋਂ ਬਾਅਦ ਉਸ ਦੇ ਕਾਗਜ਼ ਕੱਢ ਕੇ ਉਸ ’ਤੇ ਲਿਖੇ ਨੰਬਰ ’ਤੇ ਫੋਨ ਕੀਤਾ ਗਿਆ ਅਤੇ ਉਕਤ ਵਿਅਕਤੀ ਮੌਕੇ ’ਤੇ ਪੁੱਜੇ, ਜਿਸ ਨੇ ਮ੍ਰਿਤਕ ਦੀ ਪਛਾਣ ਆਪਣੇ ਬੇਟੇ ਸਚਿਨ ਭੱਟੀ (26) ਦੇ ਰੂਪ ’ਚ ਕੀਤੀ ਗਈ। ਮੌਕੇ ’ਤੇ ਮ੍ਰਿਤਕ ਦੇ ਪਿਤਾ ਬਲਵੀਰ ਭੱਟੀ ਵਾਸੀ ਨਿਊ ਮਾਡਲ ਟਾਊਨ ਕਾਲੋਨੀ ਨਕੋਦਰ ਰੋਡ ਫਿਲੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਅਾ ਕਿ 16 ਅਪ੍ਰੈਲ ਨੂੰ ਉਸ ਦਾ ਬੇਟਾ ਸਚਿਨ ਸਵੇਰੇ 11 ਵਜੇ ਆਪਣੇ ਕੰਮ ਦੀ ਭਾਲ ’ਚ ਲੁਧਿਆਣਾ ਡੀ. ਐੱਮ. ਸੀ. ਹਸਪਤਾਲ ਲਈ ਆਇਆ ਸੀ। ਬਲਵੀਰ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਕਿਹਾ ਕਿ ਹਸਪਤਾਲ ’ਚ ਨੌਕਰੀਆਂ ਨਿਕਲੀਆਂ ਹਨ ਅਤੇ ਬੇਟਾਂ ਐਕਟਿਵਾ ਲੈ ਕੇ ਲੁਧਿਆਣਾ ਆ ਗਿਆ ਅਤੇ ਜਦੋਂ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੀ ਕਾਫੀ ਭਾਲ ਕੀਤੀ ਪਰ ਕੋਈ ਵੀ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ : ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਦੋ ਸਾਥੀ MP-5 ਗੰਨ ਤੇ 44 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ

ਅੱਜ ਸਵੇਰੇ ਉਨ੍ਹਾਂ ਨੂੰ ਥਾਣਾ ਮਿਹਰਬਾਨ ਤੋਂ ਫੋਨ ਆਇਆ ਅਤੇ ਜਦੋਂ ਇਥੇ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਬੇਟੇ ਦੀ ਲਾਸ਼ ਪਈ ਹੋਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੌਕੇ ’ਤੇ ਫੋਰੈਂਸਿਕ ਟੀਮਾਂ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਮੂੰਹ ਸੜਕ ਚੁੱਕਾ ਸੀ ਅਤੇ ਉਸ ’ਚ ਕੀੜੇ ਚੱਲ ਰਹੇ ਸਨ। ਮ੍ਰਿਤਕ ਦੀ ਲਾਸ਼, ਜਿਸ ਜਗ੍ਹਾ ਮਿਲੀ ਹੈ, ਉਹ ਜਗ੍ਹਾ ਪਿੰਡੋਂ ਬਾਹਰ ਖੇਤਾਂ ਵਿਚ ਹੈ ਅਤੇ ਮ੍ਰਿਤਕ ਉਥੇ ਕਿਵੇਂ ਆਇਆ, ਇਹ ਬੁਝਾਰਤ ਬਣੀ ਹੋਈ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਗਈ ਹੈ। ਇਥੇ ਮੰਗਲਵਾਰ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਹਾਲ ਦੀ ਘੜੀ ਪੁਲਸ ਨੇ 174 ਦੀ ਕਾਰਵਾਈ ਕਰਦੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Manoj

Content Editor

Related News