ਬੀ. ਐੱਸ. ਜੀ. ਤੇ ਐੱਸ. ਐੱਮ. ਜੀ. ਗਰੁੱਪ ਦੀ ਰੰਜਿਸ਼ ਦਾ ਖੂਨੀ ਅੰਜਾਮ

Friday, Jun 29, 2018 - 07:13 AM (IST)

ਬੀ. ਐੱਸ. ਜੀ. ਤੇ ਐੱਸ. ਐੱਮ. ਜੀ. ਗਰੁੱਪ ਦੀ ਰੰਜਿਸ਼ ਦਾ ਖੂਨੀ ਅੰਜਾਮ

ਪੰਚਕੂਲਾ/ਕਾਲਕਾ, (ਮੁਕੇਸ਼)- ਕਾਲਕਾ ਦੇ ਪਿੰਡ ਮਾਜਰਾ ਵਿਚ ਵੀਰਵਾਰ ਸ਼ਾਮ ਸਾਢੇ ਚਾਰ ਵਜੇ ਬੀ. ਐੱਸ. ਜੀ. ਤੇ ਐੱਸ. ਐੱਮ. ਜੀ. ਗਰੁੱਪ 'ਚ ਰੰਜਿਸ਼ ਤਹਿਤ ਗੈਂਗਵਾਰ ਹੋਈ। ਬੀ. ਐੱਸ. ਜੀ. ਗਰੁੱਪ ਦੇ ਕੁਝ ਨੌਜਵਾਨਾਂ ਨੇ ਦੋ ਗੱਡੀਆਂ 'ਚ ਸਵਾਰ ਐੱਸ. ਐੱਮ. ਜੀ. ਗਰੁੱਪ ਦੇ ਕੁਝ ਨੌਜਵਾਨਾਂ ਨੂੰ ਘੇਰ ਕੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਸ ਵਿਚ ਵਿੱਕੀ ਘਾਟੀਵਾਲਾ  (22) , ਜਿਸਦਾ ਜਨਮ ਦਿਨ ਮਨਾਉਣ ਲਈ ਉਹ ਇਕੱਠੇ ਹੋਏ ਸਨ, ਦੀ ਮੌਤ ਹੋ ਗਈ। ਉਸ ਦੇ ਸਿਰ, ਬਾਂਹ ਤੇ ਹੋਰ ਥਾਵਾਂ 'ਤੇ ਗੋਲੀਆਂ ਲੱਗੀਆਂ ਤੇ ਮੌਕੇ 'ਤੇ ਹੀ ਉਸ ਨੇ ਦਮ ਤੋੜ ਦਿੱਤਾ। ਲਖਵਿੰਦਰ ਉਰਫ ਹੈਪੀ, ਮਹਿੰਦਰ, ਹਰਵਿੰਦਰ ਤੇ ਦਲੀਪ ਉਰਫ ਦੀਪਾ ਜ਼ਖਮੀ ਹੋ ਗਏ। ਇਨ੍ਹਾਂ ਦੇ ਸਰੀਰ 'ਤੇ ਵੀ ਗੋਲੀਆਂ ਦੇ ਨਿਸ਼ਾਨ ਹਨ। 
ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਲੋਕ ਕਾਲਕਾ ਦੇ ਸਰਕਾਰੀ ਹਸਪਤਾਲ 'ਚ ਲੈ ਗਏ। ਉਥੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਮਾਜਰਾ ਨਿਵਾਸੀ ਲਖਵਿੰਦਰ ਉਰਫ ਹੈਪੀ ਤੇ ਹਰਵਿੰਦਰ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਦੋਂਕਿ ਦਲੀਪ ਨੂੰ ਪੰਚਕੂਲਾ ਰੈਫਰ ਕੀਤਾ ਗਿਆ ਪਰ ਉਥੋਂ ਦਲੀਪ ਨੂੰ ਵੀ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। 
ਏ. ਸੀ. ਪੀ. ਕ੍ਰਾਈਮ ਆਦਰਸ਼ਦੀਪ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਸੀਨ ਆਫ ਕ੍ਰਾਈਮ ਟੀਮ ਨੂੰ ਵੀ ਮੌਕੇ 'ਤੇ ਸੱਦਿਆ ਗਿਆ। ਟੀਮ ਨੇ ਪੁਲਸ ਨਾਲ ਮਿਲ ਕੇ ਮੌਕੇ ਤੋਂ ਗੋਲੀਆਂ ਦੇ 15 ਖੋਲ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲੋਂ ਕਈ ਗੁਣਾ ਜ਼ਿਆਦਾ ਫਾਇਰ ਕੀਤੇ ਗਏ ਹਨ। ਉਥੇ ਹੀ ਵਾਰਦਾਤ ਕਾਰਨ ਗੁੱਸੇ 'ਚ ਲੋਕਾਂ ਨੇ ਨੇ ਕਾਲਕਾ-ਬਾੜਗੋਦਾਮ ਰੋਡ ਨੂੰ ਜਾਮ ਕਰ ਦਿੱਤਾ।  ਲੋਕਾਂ ਦਾ ਦੋਸ਼ ਹੈ ਕਿ ਪੁਲਸ ਤੇ ਸਥਾਨਕ ਵਿਧਾਇਕ ਦੀ ਸ਼ਹਿ 'ਤੇ ਹੀ ਦਿਨ-ਦਿਹਾੜੇ ਕਤਲ ਹੋਇਆ ਹੈ।   


Related News