ਜਨਮ ਦਿਨ ਦੀ ਪਾਰਟੀ ''ਚ ਟੈਂਟ ਦੇ ਪੋਲ ''ਚ ਕਰੰਟ, 12 ਸਾਲਾ ਬੱਚੇ ਦੀ ਮੌਤ
Monday, Oct 02, 2017 - 07:54 AM (IST)

ਚੰਡੀਗੜ੍ਹ, (ਸੁਸ਼ੀਲ)- ਰਾਮਦਰਬਾਰ ਫੇਜ਼-1'ਚ ਜਨਮਦਿਨ ਦੀ ਪਾਰਟੀ 'ਚ 12 ਸਾਲਾ ਬੱਚੇ ਦੀ ਟੈਂਟ 'ਚ ਲੱਗੇ ਲੋਹੇ ਦੇ ਪੋਲ ਤੋਂ ਸ਼ਨੀਵਾਰ ਰਾਤ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮਦਰਬਾਰ ਵਾਸੀ 12 ਸਾਲਾ ਵਿਕਾਸ ਦੇ ਰੂਪ 'ਚ ਹੋਈ। ਵਿਕਾਸ ਨੂੰ ਕਰੰਟ ਲੱਗਣ ਤੋਂ ਪਹਿਲਾਂ ਪੋਲ ਤੋਂ ਤਿੰਨ ਹੋਰ ਬੱਚਿਆਂ 7 ਸਾਲਾ ਸ੍ਰਸ਼ਿਟੀ, 9 ਸਾਲਾ ਮਾਹੀ ਤੇ 9 ਸਾਲਾ ਸਮੀਰ ਨੂੰ ਵੀ ਕਰੰਟ ਦੇ ਝਟਕੇ ਲੱਗੇ ਸਨ, ਜਿਸਦੇ ਬਾਅਦ ਪੋਲ 'ਚ ਕਰੰਟ ਦੀ ਜਾਣਕਾਰੀ ਪਾਰਟੀ ਆਯੋਜਿਤ ਕਰਨ ਵਾਲੇ ਸੁਰੇਸ਼ ਤੇ ਟੈਂਟ ਮਾਲਕ ਅਮਿਤ ਨੂੰ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਮ੍ਰਿਤਕ ਦੀ ਮਾਂ ਰਾਮਦਰਬਾਰ ਫੇਜ਼-1 ਵਾਸੀ ਇੰਦਰਾ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਸ ਨੇ ਪਾਰਟੀ ਆਯੋਜਿਤ ਕਰਨ ਵਾਲੇ ਸੁਰੇਸ਼ ਤੇ ਟੈਂਟ ਮਾਲਕ ਅਮਿਤ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਅਮਿਤ ਨੂੰ ਦਬੋਚ ਲਿਆ, ਜਦੋਂਕਿ ਸੁਰੇਸ਼ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਰਾਮਦਰਬਾਰ ਫੇਜ਼-1 ਵਾਸੀ ਇੰਦਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸ਼ਨੀਵਾਰ ਰਾਤ ਗੁਆਂਢ 'ਚ ਰਹਿਣ ਵਾਲੇ ਸੁਰੇਸ਼ ਨੇ ਆਪਣੇ ਭਤੀਜੇ ਕਾਰਤਿਕ ਦੇ ਜਨਮ ਦਿਨ 'ਤੇ ਪਾਰਕ 'ਚ ਟੈਂਟ ਲਾ ਕੇ ਪਾਰਟੀ ਕੀਤੀ ਸੀ। ਉਹ ਸ਼ਨੀਵਾਰ ਰਾਤ ਸਾਢੇ 9 ਵਜੇ ਆਪਣੇ ਚਾਰ ਬੱਚਿਆਂ ਨਾਲ ਜਨਮ ਦਿਨ ਦੀ ਪਾਰਟੀ 'ਚ ਗਈ ਸੀ। ਇਸ ਦੌਰਾਨ 12 ਸਾਲਾ ਬੇਟਾ ਵਿਕਾਸ ਟੈਂਟ 'ਚ ਖੇਡ ਰਿਹਾ ਸੀ। ਅਚਾਨਕ ਵਿਕਾਸ ਨੇ ਟੈਂਟ 'ਚ ਲੱਗਾ ਲੋਹੇ ਦਾ ਪੋਲ ਫੜਿਆ ਤਾਂ ਉਸਨੂੰ ਜ਼ੋਰ ਦਾ ਝਟਕਾ ਲੱਗਾ। ਵਿਕਾਸ ਜ਼ੋਰ ਨਾਲ ਚੀਕਿਆ ਤੇ ਬੇਹੋਸ਼ ਹੋ ਕੇ ਡਿਗ ਪਿਆ। ਸਾਰੇ ਲੋਕ ਵਿਕਾਸ ਵੱਲ ਭੱਜੇ ਤੇ ਉਸਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ। ਇੰਦਰਾ ਨੇ ਪੁਲਸ ਨੂੰ ਦੱਸਿਆ ਕਿ ਟੈਂਟ 'ਚ ਬਿਜਲੀ ਦੀ ਤਾਰ ਟੱਚ ਹੋ ਰਹੀ ਸੀ, ਇਸ ਕਾਰਨ ਤਿੰਨ ਬੱਚਿਆਂ ਨੂੰ ਕਰੰਟ ਦੇ ਝਟਕੇ ਲੱਗ ਚੁੱਕੇ ਸਨ। ਉਨ੍ਹਾਂ ਪੋਲ 'ਚ ਕਰੰਟ ਆਉਣ ਦੀ ਜਾਣਕਾਰੀ ਪਾਰਟੀ ਕਰਨ ਵਾਲੇ ਸੁਰੇਸ਼ ਨੂੰ ਦਿੱਤੀ ਸੀ। ਸੁਰੇਸ਼ ਨੇ ਕਿਹਾ ਕਿ ਉਨ੍ਹਾਂ ਟੈਂਟ ਮਾਲਕ ਅਮਿਤ ਨੂੰ ਫੋਨ ਕਰ ਦਿੱਤਾ ਹੈ ਪਰ ਕਰੰਟ ਠੀਕ ਕਰਨ ਤੋਂ ਪਹਿਲਾਂ ਉਸਦੇ ਬੇਟੇ ਵਿਕਾਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।