ਖਹਿਰਾ ਨਸ਼ਾ ਸਮੱਗਲਰਾਂ ਦਾ ਸਭ ਤੋਂ ਵੱਡਾ ਸਰਗਣਾ, ਕੇਜਰੀਵਾਲ ਪਾਰਟੀ ''ਚੋਂ ਤੁਰੰਤ ਬਾਹਰ ਕੱਢੇ : ਜਗੀਰ ਕੌਰ
Thursday, Nov 23, 2017 - 07:12 AM (IST)

ਬੱਸੀ ਪਠਾਣਾਂ (ਰਾਜਕਮਲ) - ਖਹਿਰਾ ਨਸ਼ਾ ਸਮੱਗਲਰਾਂ ਦਾ ਸਭ ਤੋਂ ਵੱਡਾ ਸਰਗਣਾ ਹੈ, ਕੇਜਰੀਵਾਲ ਉਸ ਨੂੰ ਪਾਰਟੀ 'ਚੋਂ ਤੁਰੰਤ ਬਾਹਰ ਕੱਢੇ। ਇਹ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਜਥੇਬੰਦਕ ਸਕੱਤਰ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਤੇ ਆਪ ਦੇ ਸੀਨੀਅਰ ਮੈਂਬਰ ਸੁਖਪਾਲ ਸਿੰਘ ਖਹਿਰਾ ਨਸ਼ਾ ਸਮੱਗਲਰਾਂ ਦਾ ਸਰਗਣਾ ਹੈ ਅਤੇ ਹਾਈ ਕੋਰਟ ਨੇ ਵੀ ਉਸ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਹਿਰਾ 'ਤੇ ਜੋ ਮੌਜੂਦਾ ਸਮੇਂ 'ਚ ਗੰਭੀਰ ਦੋਸ਼ ਲੱਗੇ ਹਨ ਉਨ੍ਹਾਂ ਦੇ ਆਧਾਰ 'ਤੇ ਉਸ ਨੂੰ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਸਬੰਧੀ ਖਹਿਰਾ ਦੇ ਨਸ਼ਾ ਸਮੱਗਲਰਾਂ ਨਾਲ ਸਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਜਦੋਂ ਖਹਿਰਾ ਦੀ ਅਸਲੀ ਤਸਵੀਰ ਸਾਹਮਣੇ ਆ ਗਈ ਹੈ ਤਾਂ 'ਆਪ' ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਖਹਿਰਾ ਨੂੰ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਦੇਸ਼ ਜਥੇਬੰਦਕ ਸਕੱਤਰ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਕਿਹਾ ਕਿ ਜੇਕਰ ਅਸਲ ਵਿਚ ਕਾਂਗਰਸ ਸਰਕਾਰ ਨਸ਼ੇ ਦੇ ਖਿਲਾਫ ਹੈ ਤਾਂ ਨਸ਼ਾ ਸਮੱਗਲਰਾਂ ਦੇ ਸਰਗਣਾ ਖਹਿਰਾ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਇੰਟੈਰੋਗੇਟ ਕੀਤਾ ਜਾਵੇ ਤਾਂ ਹੀ ਉਸ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਖੁੱਲ੍ਹ ਕੇ ਸਾਹਮਣੇ ਆਉਣਗੇ। ਇਸ ਮੌਕੇ ਪਰਮਜੀਤ ਕੌਰ ਭਗੜਾਣਾ, ਮਨਪ੍ਰੀਤ ਕੌਰ ਭਗੜਾਣਾ, ਈਮਾਨਵੀਰ ਸਿੰਘ, ਕਰਮਜੀਤ ਸਿੰਘ, ਇੰਦਰਵੀਰ ਸਿੰਘ, ਵਿੱਕੀ ਰੰਧਾਵਾ, ਸਰਬਜੀਤ ਕੌਰ, ਅਮਰਜੀਤ ਕੌਰ, ਅਮਨਪ੍ਰੀਤ ਕੌਰ, ਬਲਜੀਤ ਕੌਰ, ਗੁਰਪ੍ਰੀਤ ਕੌਰ ਚਬਾਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।