ਪੰਜਾਬ ਦਾ ਸਭ ਤੋਂ ਵੱਡਾ ਪੁਲ ਮਾਈਨਿੰਗ ਮਾਫੀਏ ਦੀ ਭੇਟਾ ਚੜ੍ਹਨ ਦੇ ਕੰਢੇ

Sunday, Feb 18, 2018 - 07:07 AM (IST)

ਪੰਜਾਬ ਦਾ ਸਭ ਤੋਂ ਵੱਡਾ ਪੁਲ ਮਾਈਨਿੰਗ ਮਾਫੀਏ ਦੀ ਭੇਟਾ ਚੜ੍ਹਨ ਦੇ ਕੰਢੇ

ਸ੍ਰੀ ਅਨੰਦਪੁਰ ਸਾਹਿਬ(ਸ਼ਮਸ਼ੇਰ) - ਕੇਂਦਰ ਸਰਕਾਰ ਵੱਲੋਂ 9 ਜਨਵਰੀ 2015 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਬੰਗਾ ਤੋਂ ਸ਼੍ਰੀ ਨੈਣਾ ਦੇਵੀ ਮੁੱਖ ਮਾਰਗ ਨੂੰ ਨੈਸ਼ਨਲ ਹਾਈਵੇ ਦਾ ਦਰਜਾ ਦਿੱਤਾ ਗਿਆ ਸੀ ਪਰ ਨੈਸ਼ਨਲ ਹਾਈਵੇ ਬਣਨਾ ਤਾਂ ਦੂਰ ਦੀ ਗੱਲ ਨਾ ਤਾਂ ਖੱਡਿਆਂ ਦਾ ਰੂਪ ਅਖਤਿਆਰ ਕਰ ਚੁੱਕੀ ਉਕਤ ਸੜਕ ਦੀ ਹੀ ਮੁਰੰਮਤ ਸਰਕਾਰ ਵਲੋਂ  ਕਰਵਾਈ ਜਾ ਰਹੀ ਹੈ ਸਗੋਂ ਇਸੇ ਨੈਸ਼ਨਲ ਹਾਈਵੇ 'ਤੇ ਸਥਿਤ ਸੁਆਂ ਨਦੀ ਅਤੇ ਸਤਲੁਜ ਦਰਿਆ ਉਤੇ ਬਣੇ ਪੰਜਾਬ ਦੇ ਸਭ ਤੋਂ ਵੱਡੇ ਪੁਲ ਦੀ ਹੋਂਦ ਵੀ ਅੱਜ ਖਤਰੇ ਕੰਢੇ ਆ ਪਹੁੰਚੀ ਹੈ।
ਇਸ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਬਿਲਕੁਲ ਬੇਖਬਰ ਹਨ ਜਦਕਿ ਮਾਈਨਿੰਗ ਮਾਫੀਆ ਨਾ ਸਿਰਫ ਇਸ ਪੁਲ ਦੀ ਸਮਰੱਥਾ ਤੋਂ ਵਧੇਰੇ ਓਵਰਲੋਡ ਟਿੱਪਰ ਇਸ ਪੁਲ ਤੋਂ ਲੰਘਾ ਕੇ ਇਸ ਪੁਲ ਨੂੰ ਬਦ ਤੋਂ ਬਦਤਰ ਬਣਾ ਰਿਹਾ ਹੈ, ਸਗੋਂ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਨਾਜਾਇਜ਼ ਮਾਈਨਿੰਗ ਕਰਕੇ ਇਸ ਦੀ ਹੋਂਦ ਨੂੰ ਖਤਮ ਕਰਨ ਦਾ ਮਨਸੂਬਾ ਤਿਆਰ ਕਰੀ ਬੈਠਾ ਹੈ।
ਭਾਵੇਂ ਕਿ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਇਸ ਪੁਲ ਦੀ ਹੋਂਦ ਬਚਾਉਣ ਦੇ ਮੱਦੇਨਜ਼ਰ ਭੂਗੋਲਿਕ ਪੱਖ ਤੋਂ ਪਿੰਡ ਬੇਈਹਾਰਾ ਦੀ ਖੱਡ ਦੀ ਮਾਈਨਿੰਗ ਪੱਖੋਂ ਬੋਲੀ ਰੱਦ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਸਿਆਸੀ ਸਰਪ੍ਰਸਤੀ ਹੇਠ ਮਾਈਨਿੰਗ ਮਾਫੀਆ ਸ਼ਰੇਆਮ ਸਤਲੁਜ ਦਰਿਆ ਅਤੇ ਸੁਆਂ ਨਦੀ ਦਾ ਸੀਨਾ ਪੋਕ ਲਾਈਨ ਤੇ ਜੇ. ਸੀ. ਬੀ. ਆਦਿ ਮਸ਼ੀਨਾਂ ਨਾਲ ਚੀਰ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ।  ਕੁੱਲ 1006 ਮੀਟਰ, ਇਕ ਕਿ. ਮੀ. ਲੰਬਾਈ ਅਤੇ 10 ਮੀਟਰ ਚੌੜਾਈ ਵਾਲੇ ਇਸ ਪੁਲ ਦੇ ਹੇਠਾਂ 70-70 ਫੁੱਟ ਡੂੰਘੀਆਂ ਕੁੱਲ 21 ਖੂਹੀਆਂ ਹਨ। ਕਿਸੇ ਵੇਲੇ ਇਨ੍ਹਾਂ ਖੂਹੀਆਂ ਦੇ ਬਰਾਬਰਲੇ ਤਲ ਤਕ ਦਾ ਹਿੱਸਾ ਜ਼ਮੀਨੀ ਤਲ ਦੇ ਸਮਤਲ ਸੀ ਤੇ ਸਤਲੁਜ ਦਰਿਆ ਤੇ ਸੁਆ ਨਦੀ ਦਾ ਵਹਾਅ ਇਨ੍ਹਾਂ ਤੋਂ ਕਈ ਗਜ਼ ਦੂਰ ਵਗਦਾ ਸੀ ਪਰ ਬੀਤੇ ਕੁਝ ਵਰ੍ਹਿਆਂ ਤੋਂ ਮਾਈਨਿੰਗ ਮਾਫੀਏ ਦਾ ਧਾਵਾ ਇਸ ਦਰਿਆ 'ਤੇ ਇੰਨੇ ਖਤਰਨਾਕ ਰੂਪ 'ਚ ਹੋਇਆ ਹੈ ਕਿ ਇਸ ਨਾਲ ਨਾ ਸਿਰਫ ਦਰਿਆ ਹੀ ਕੁਦਰਤੀ ਰੂਪ ਤੋਂ ਕਰੂਪ ਹੋ ਗਿਆ ਬਲਕਿ 50 ਤੋਂ 80 ਫੁੱਟ ਡੂੰਘਾਈ ਤੱਕ ਇਥੋਂ ਰੇਤ, ਬਜਰੀ ਤੇ ਪੱਥਰ ਆਧੁਨਿਕ ਮਸ਼ੀਨਾਂ ਨਾਲ ਚੁੱਕ ਕੇ ਇਸ ਦਾ ਪੱਧਰ ਪੁਲ ਹੇਠਲੀਆਂ ਖੂਹੀਆਂ ਦੇ ਬੁਨਿਆਦੀ ਤਲ ਤਕ ਲਿਆਂਦਾ ਗਿਆ ਹੈ ।
ਅੱਜ ਸਥਿਤੀ ਇੱਥੋਂ ਤੱਕ ਆ ਪਹੁੰਚੀ ਹੈ ਕਿ ਕਈ ਖੂਹੀਆਂ ਦੇ ਹੇਠਲੀ ਜ਼ਮੀਨ ਡੂੰਘੇ ਖਾਰ ਪੈਣ ਨਾਲ ਰੁੜ੍ਹ ਚੁੱਕੀ ਹੈ ਤੇ ਉਕਤ ਖੂਹੀਆਂ ਧਰਤੀ ਦੇ ਤਲ ਤੋਂ ਕਿਤੇ ਉੱਚੀਆਂ ਦਿਸ ਰਹੀਆਂ ਹਨ। ਵਿਭਾਗੀ ਨਿਯਮਾਂ ਅਨੁਸਾਰ ਕਿਸੇ ਵੀ ਪੁਲ ਜਾਂ ਬੰਨ੍ਹ ਤੋਂ 500 ਮੀਟਰ ਦੇ ਘੇਰੇ 'ਚ ਖੋਦਾਈ ਕਰਨੀ ਗੈਰ-ਕਾਨੂੰਨੀ ਮੰਨੀ ਗਈ ਹੈ ਅਤੇ ਇਸ ਰਕਬੇ ਨੂੰ ਬਚਾਉਣ ਲਈ ਸਰਕਾਰ ਵੱਲੋਂ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਸਰਕਾਰੇ-ਦਰਬਾਰੇ ਤੇ ਪੁਲਸ ਪ੍ਰਸ਼ਾਸਨ 'ਚ ਅਹਿਮ ਪਹੁੰਚ ਰੱਖਣ ਵਾਲੇ ਲੋਕ ਸ਼ਰੇਆਮ ਕੁਦਰਤ ਨਾਲ ਖਿਲਵਾੜ ਕਰ ਰਹੇ ਹਨ।
ਕਿੱਥੇ ਖੜ੍ਹੀ ਹੈ ਸਰਕਾਰੀ ਕਾਰਗੁਜ਼ਾਰੀ
ਡੀ. ਸੀ. ਰੂਪਨਗਰ ਮੈਡਮ ਗੁਰਨੀਤ ਤੇਜ ਵਲੋਂ ਇਸ ਦੀ ਤਹਿ ਤਕ ਜਾਂਚ ਕਰਨ ਅਤੇ ਬੇਈਹਾਰਾ ਖੱਡ ਦੀ ਬੋਲੀ ਰੱਦ ਕਰਨ ਦੇ ਬਾਵਜੂਦ ਇਸ ਦੇ ਆਸ-ਪਾਸ ਦੇ ਖਿੱਤੇ 'ਚ ਵਗਦੇ ਪਾਣੀਆਂ 'ਚ ਮਾਈਨਿੰਗ ਜਾਰੀ ਹੈ। ਇਸ ਦੌਰਾਨ ਇਹ ਪੱਖ ਸਪੱਸ਼ਟ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ ਕਿ ਜੇਕਰ ਮਾਈਨਿੰਗ ਮਾਫੀਏ ਦੀ ਇਸ ਕਾਰਗੁਜ਼ਾਰੀ ਨੂੰ ਨੱਥ ਨਾ ਪਾਈ ਤਾਂ ਨਿਸ਼ਚਿਤ ਹੀ ਪੰਜਾਬ ਦਾ ਸਭ ਤੋਂ ਵੱਡਾ ਪੁਲ ਆਪਣੀ ਹੋਂਦ ਮਿਟਾ ਬੈਠੇਗਾ। ਅਜਿਹੀ  ਹਾਲਤ ਵਿਚ ਪ੍ਰਸ਼ਾਸਨ ਨੇ ਸਰਕਾਰ ਦੇ ਧਿਆਨ ਵਿਚ ਇਹ ਮਸਲਾ ਲਿਆ ਵੀ ਦਿੱਤਾ ਹੈ ਪਰ ਇਸ ਦੇ ਬਾਵਜੂਦ ਮਾਈਨਿੰਗ ਮਾਫੀਆ ਆਪਣੇ ਕੰਮ ਵਿਚ ਮਸ਼ਰੂਫ ਹੈ। ਕੁਝ ਲੋਕਾਂ ਅਨੁਸਾਰ ਇਸ ਹਮਾਮ ਵਿਚ ਸ਼ਾਮਲ ਉੱਚੀਆਂ ਸਿਆਸੀ ਢੁੱਠਾਂ ਵਾਲੇ ਅਤੇ ਉੱਚ ਪੁਲਸ ਅਹੁਦਿਆਂ 'ਤੇ ਬਿਰਾਜਮਾਨ ਲੋਕਾਂ ਅੱਗੇ ਪ੍ਰਸ਼ਾਸਨ ਤੇ ਅਫਸਰਸ਼ਾਹੀ ਪੂਰੀ ਤਰ੍ਹਾਂ ਬੇਵਸ ਹੈ ਜਦਕਿ ਕੁਝ ਲੋਕ ਇਸ ਨੂੰ ਮਾਫੀਏ ਤੇ ਅਫਸਰਸ਼ਾਹੀ ਦੀ ਸਾਂਝ-ਭਿਆਲੀ ਦਾ ਹਿੱਸਾ ਸਮਝਦੇ ਹਨ।
ਕੀ ਹੈ ਪੰਜਾਬ ਦੇ ਸਭ ਤੋਂ ਵੱਡੇ ਪੁਲ ਦਾ ਇਤਿਹਾਸ?
ਸਤਲੁਜ ਦਰਿਆ ਤੇ ਸੁਆ ਨਦੀ ਦੋਮੇਲ 'ਤੇ ਬਣਿਆ ਇਕ ਕਿ. ਮੀ. ਤੋਂ ਲੰਮਾ ਪੁਲ ਜੋ ਅੱਜ-ਕੱਲ ਮਾਈਨਿੰਗ ਮਾਫੀਏ ਦੀ ਤਰਾਸਦੀ ਦਾ ਸ਼ਿਕਾਰ ਹੋ ਰਿਹਾ ਹੈ, ਮਾਝੇ ਤੇ ਦੁਆਬੇ ਇਲਾਕੇ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੇ ਹਿੰਦੂ ਧਰਮ ਦੇ ਪਵਿੱਤਰ ਸਥਾਨ ਸ਼੍ਰੀ ਨੈਣਾ ਦੇਵੀ ਨਾਲ ਜੋੜਨ ਦਾ ਮੁੱਖ ਆਧਾਰ ਹੈ। ਇਸ ਪੁਲ ਦਾ ਨੀਂਹ ਪੱਥਰ 13 ਅਪ੍ਰੈਲ 1981 ਨੂੰ ਵਿਸਾਖੀ ਦੇ ਮੁਕੱਦਸ ਦਿਹਾੜੇ 'ਤੇ ਤਤਕਾਲੀ ਮੁੱਖ ਮੰਤਰੀ ਪੰਜਾਬ ਦਰਬਾਰਾ ਸਿੰਘ ਨੇ ਰੱਖਿਆ ਸੀ ਤੇ ਇਸ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲ ਵਾਲਿਆਂ ਨੇ ਕੀਤੀ ਸੀ ਜਦਕਿ ਇਸ ਦਾ ਉਦਘਾਟਨ 22 ਮਾਰਚ 1986 ਨੂੰ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਕੀਤਾ ਸੀ। ਕਰੀਬ ਪੰਜ ਸਾਲਾਂ ਵਿਚ ਉਕਤ ਪੁਲ ਨੂੰ ਬਣਾਉਣ ਲਈ ਖੇਤਰ ਦੇ ਲੋਕਾਂ ਵੱਲੋਂ ਲਗਾਤਾਰ 7 ਮਹੀਨੇ ਭੁੱਖ ਹੜਤਾਲ ਜਾਰੀ ਰੱਖੀ ਗਈ ਸੀ।  
ਪੁਲ ਦੀ ਵਰਤਮਾਨ ਦੀ ਦਿਸ਼ਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖੇਤਰ ਦੇ 4400 ਲੋਕਾਂ ਨੇ 6 ਮਹੀਨੇ ਲੰਮਾ ਸੰਘਰਸ਼ ਛੇੜ ਕੇ ਅਤੇ ਭੁੱਖ ਹੜਤਾਲ ਰੱਖ ਕੇ ਸਰਕਾਰ 'ਤੇ ਇਹ ਪੁਲ ਬਣਾਉਣ ਦਾ ਦਬਾਅ ਬਣਾਇਆ ਸੀ। ਇਸ ਦੌਰਾਨ 5 ਵਿਅਕਤੀਆਂ ਨੇ ਮਰਨ ਵਰਤ ਰੱਖਣ ਦਾ ਵੀ ਸੰਕਲਪ ਅਖਤਿਆਰ ਕੀਤਾ ਸੀ। ਅੱਜ ਜਦੋਂ ਅਸੀਂ ਇਸ ਪੁਲ ਨੂੰ ਆਪਣੀਆਂ ਹੀ ਗਲਤੀਆਂ ਦੀ ਭੇਟਾ ਚੜ੍ਹਦਾ ਵੇਖ ਰਹੇ ਹਾਂ ਤਾਂ ਸਾਡੇ ਹਿਰਦੇ ਨੂੰ ਗੰਭੀਰ ਠੇਸ ਪਹੁੰਚਦੀ ਹੈ । ਸੱਚਖੱਡ ਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਅਤੇ ਬਾਬਾ ਮਹਿੰਦਰ ਸਿੰਘ ਹਰਖੋਵਾਲ ਨੇ ਜੋ ਸੇਵਾ ਇਸ ਪੁਲ ਲਈ ਕੀਤੀ ਹੈ, ਉਹ ਸਾਡੇ ਲਈ ਅੱਜ ਵੀ ਪ੍ਰੇਰਨਾ ਦਾ ਸਰੋਤ ਹੈ ।
—ਮੋਹਨ ਸਿੰਘ ਡੂਮੇਵਾਲ, ਤਤਕਾਲੀ ਜਨਰਲ ਸਕੱਤਰ ਪੁਲ ਸੰਘਰਸ਼ ਕਮੇਟੀ (1980)
ਸਤਲੁਜ ਦਰਿਆ ਤੇ ਸੁਆਂ ਨਦੀ ਦੇ ਦੁਮੇਲ ਅਤੇ ਪੁਲ ਦੇ ਬਿਲਕੁੱਲ ਨਜ਼ਦੀਕ ਹੋਈ ਮਾਈਨਿੰਗ ਵਿਚ ਉਚ ਕੋਟੀ ਦੇ ਲੀਡਰਾਂ ਅਤੇ ਪੁਲਸ ਅਫਸਰਾਂ ਦਾ ਵੱਡਾ ਹੱਥ ਹੈ। ਅਜਿਹਾ ਦੁਖਾਂਤ ਲੋਕਲ ਪੁਲਸ ਦੀ ਮਿਲੀਭਗਤ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਸਾਂਝ ਭਿਆਲੀ ਕਾਰਨ ਵਾਪਰਿਆ ਹੈ। ਇਹ ਅਫਸੋਸਨਾਕ ਪੱਖ ਹੈ ਕਿ ਜਿਸ ਪੁਲ 'ਤੇ ਦੋਵਾਂ ਕਿਨਾਰਿਆਂ 'ਤੇ ਪੁਲਸ ਦੀਆਂ ਚੌਕੀਆਂ ਸਥਾਪਿਤ ਕੀਤੀਆਂ ਹੋਣ ਅਤੇ ਉਸ ਪੁਲ ਤੋਂ ਵੱਡੇ ਓਵਰਲੋਡ ਟਿੱਪਰ ਅਤੇ ਟਰਾਲੇ ਲੰਘਣ ਤੇ ਪੁਲਸ ਦੀਆਂ ਨਜ਼ਰਾਂ ਹੇਠ ਵਗਦੇ ਪਾਣੀ ਵਿਚ ਪੋਕਲਾਈਨ ਮਸ਼ੀਨਾਂ ਚਲਾ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾਵੇ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ''
—ਅਮਰਜੀਤ ਸਿੰਘ ਸੰਦੋਆ ਹਲਕਾ ਵਿਧਾਇਕ ਰੂਪਨਗਰ


Related News