ਗੁਰਦਾਸਪੁਰ ਦੇ ਆਟੋਮੋਬਾਇਲ ਇੰਜੀਨੀਅਰ ਨੇ ਕੀਤਾ ਕਮਾਲ, ਪਰਾਲੀ ਤੋਂ ਹੀ ਤਿਆਰ ਕਰ ਦਿੱਤੀ ਬੇਮਿਸਾਲ ਚੀਜ਼
Friday, Nov 24, 2023 - 08:22 PM (IST)

ਗੁਰਦਾਸਪੁਰ (ਹਰਮਨ)- ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਸੰਭਾਲਣ ਦੀ ਵੱਡੀ ਚੁਣੌਤੀ ਨੂੰ ਹੱਲ ਕਰਨ ਲਈ ਗੁਰਦਾਸਪੁਰ ਨਾਲ ਸਬੰਧਿਤ ਇਕ ਨੌਜਵਾਨ ਪਰਮਿੰਦਰ ਸਿੰਘ ਨੇ ਵੱਡੀ ਪਹਿਲਕਦਮੀ ਕੀਤੀ ਹੈ। ਉਕਤ ਨੌਜਵਾਨ ਆਟੋਮੋਬਾਇਲ ਵਰਕਸ਼ਾਪ ਦਾ ਮਾਲਕ ਅਤੇ ਇੰਜੀਨੀਅਰ ਹੈ ਜਿਸ ਵੱਲੋਂ ਕਈ ਸਾਲਾਂ ਦੀ ਮਿਹਨਤ ਦੇ ਬਾਅਦ ਪਰਾਲੀ ਨੂੰ ਪ੍ਰੋਸੇਸ ਕਰਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਤਿਆਰ ਕਰਨ ਦਾ ਉਪਰਾਲਾ ਕੀਤਾ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਜਿੱਥੇ ਮਿੱਟੀ, ਹਵਾ ਤੇ ਪਾਣੀ ਦੂਸ਼ਿਤ ਹੋਣ ਤੋਂ ਬਚੇਗਾ ਉਸ ਦੇ ਨਾਲ ਹੀ ਸੂਬਾ ਸਰਕਾਰ ਅਤੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ, ਕਿਉਂਕਿ ਜੋ ਪਰਾਲੀ ਅੱਜ ਕਿਸਾਨਾਂ ਲਈ ਮੁਸੀਬਤ ਬਣੀ ਹੈ ਉਹ ਇੱਕ ਚੰਗੀ ਆਮਦਨ ਦਾ ਜ਼ਰੀਆ ਬਣੇਗੀ।
ਇਹ ਵੀ ਪੜ੍ਹੋ- ਜਜ਼ਬੇ ਨੂੰ ਸਲਾਮ: ਸਿੱਖਿਆ ਹਾਸਲ ਕਰਨ ਲਈ 65 ਸਾਲਾ ਬਜ਼ੁਰਗ ਨੇ ਪਹਿਲੀ ਜਮਾਤ 'ਚ ਲਿਆ ਦਾਖ਼ਲਾ
ਪਰਮਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਉਹ ਖੁਦ ਖੇਤੀਬਾੜੀ ਨਹੀਂ ਕਰਦੇ, ਪਰ ਉਹ ਕਿਸਾਨਾਂ ਦੀ ਲੋੜ ਅਤੇ ਮਜ਼ਬੂਰੀ ਨੂੰ ਸਮਝਦੇ ਹਨ। ਇਸ ਲਈ ਉਨ੍ਹਾਂ ਨੇ ਪੂਰੀ ਸੰਜੀਦਗੀ ਨਾਲ ਪਿਛਲੇ 5 ਸਾਲ ਮਿਹਨਤ ਕੀਤੀ ਹੈ ਅਤੇ ਆਪਣੇ ਪੱਧਰ 'ਤੇ ਪਰਾਲੀ ਦੀ ਰਹਿੰਦ-ਖੁੰਹਦ ਨੂੰ ਵਰਤ ਕੇ ਕਈ ਚੀਜ਼ਾਂ ਬਣਾਈਆਂ ਹਨ। ਇਸ ਮੰਤਵ ਲਈ ਉਸ ਨੇ ਮਸ਼ੀਨਾਂ ਵੀ ਤਿਆਰ ਕੀਤੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰ ਕੇ ਪਰਾਲੀ ਤੋਂ ਡਾਊਨ ਸੀਲਿੰਗ ਪੈਨਲ ਅਤੇ ਟਾਈਲਾਂ ਤਿਆਰ ਕੀਤੀਆਂ ਗਈਆਂ ਹਨ। ਇਹ ਪੈਨਲ ਤੇ ਟਾਈਲਾਂ ਹਸਪਤਾਲਾਂ, ਵੱਡੀਆਂ ਇਮਾਰਤਾਂ, ਦਫ਼ਤਰਾਂ ਆਦਿ 'ਚ ਵਰਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪਰਾਲੀ ਤੋਂ ਪੈਕਿੰਗ ਉਤਪਾਦ ਵੀ ਤਿਆਰ ਕੀਤੇ ਹਨ, ਪਰ ਉੁਨ੍ਹਾਂ ਦਾ ਮੁੱਖ ਟੀਚਾ ਪਰਾਲੀ ਤੋਂ ਤਿਆਰ ਕੀਤੀਆਂ ਟਾਈਲਾਂ ਨੂੰ ਵੱਡੇ ਪੱਧਰ 'ਤੇ ਬਾਜ਼ਾਰ 'ਚ ਲਿਆਉਣਾ ਹੈ। ਇਸ ਕੰਮ ਲਈ ਉਨ੍ਹਾਂ ਨੂੰ ਇੱਕ ਵੱਡੀ ਇੰਡਸਟਰੀ ਦੀ ਲੋੜ ਹੈ।
ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਅਹਿਮ ਫ਼ੈਸਲਾ, ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲੇਗੀ ਫੈਸਟੀਵਲ ਸਪੈਸ਼ਲ ਟ੍ਰੇਨ
ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਮੌਕੇ ਬਜ਼ਾਰ 'ਚ ਮੌਜੂਦ ਜਿਪਸਮ ਟਾਈਲਾਂ ਦੇ ਮੁਕਾਬਲੇ ਪਰਾਲੀ ਤੋਂ ਤਿਆਰ ਟਾਈਲਾਂ ਕਾਫ਼ੀ ਮਜ਼ਬੂਤ ਤੇ ਵਧੀਆ ਹਨ। ਖਾਸ ਗੱਲ ਇਹ ਹੈ ਕਿ ਪਰਾਲੀ ਤੋਂ ਤਿਆਰਾ ਕੀਤੀਆਂ ਟਾਈਲਾਂ ਵਾਟਰਪਰੂਫ਼ ਅਤੇ ਹੀਟਪਰੂਫ਼ ਵੀ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਵੱਡੇ ਪੱਧਰ 'ਤੇ ਲਿਜਾ ਕੇ ਦੁਬਈ ਵਰਗੇ ਮੁਲਕਾਂ ਵਿੱਚ ਵੀ ਪਰਾਲੀ ਤੋਂ ਤਿਆਰ ਟਾਈਲਾਂ ਨੂੰ ਐਕਸਪੋਰਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਉਤਪਾਦ ਤਿਆਰ ਕੀਤੇ ਹਨ, ਉਨ੍ਹਾਂ ਦੀ ਟੈਸਟਿੰਗ ਵੀ ਕੀਤੀ ਜਾ ਚੁੱਕੀ ਹੈ ਅਤੇ ਖਾਸ ਗੱਲ ਇਹ ਹੈ ਕਿ ਜਿਹੜੇ ਦੇਸ਼ਾਂ ਤਾਂ ਸੂਬਿਆਂ ਵਿਚ ਗਰਮੀ ਜ਼ਿਆਦਾ ਹੋਵੇਗੀ, ਉੱਥੇ ਪਰਾਲੀ ਤੋਂ ਬਣੀਆਂ ਟਾਇਲਾਂ ਤੇ ਪੈਨਲਾਂ ਦੀ ਮੰਗ ਵਧੇਰੇ ਹੋਵੇਗੀ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਵਿਛਾਏ ਸਥੱਰ, ਬੱਸ ਦੀ ਲਪੇਟ 'ਚ ਆਉਣ ਨਾਲ 2 ਦੋਸਤਾਂ ਦੀ ਮੌਤ
ਪਰਮਿੰਦਰ ਸਿੰਘ ਨੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਪਸਮ ਟਾਈਲਾਂ ਕਾਫੀ ਮਹਿੰਗੀਆਂ ਹਨ ਅਤੇ ਜੇ ਮਿੱਟੀ ਵਰਗੀ ਜਿਪਸਮ ਟਾਈਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਿੱਕ ਸਕਦੀ ਹੈ ਤਾਂ ਪਰਾਲੀ ਤੋਂ ਬਣੀਆਂ ਟਾਇਲਾਂ ਕਿਉਂ ਨਹੀਂ ਵਿਕਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਇੰਡਸਟਰੀ ਪੂਰੇ ਭਾਰਤ 'ਚ ਹੁਣ ਤੱਕ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਵਲੋਂ ਟਰੇਡ ਮਾਰਕ ਅਤੇ ਆਪਣੇ ਉਤਪਾਦਾਂ ਨੂੰ ਪੇਟੇਂਟ ਕਰਵਾਉਣ ਲਈ ਵੀ ਅਪਲਾਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਕੰਮ ਤੋਂ ਪਿੱਛੇ ਨਹੀਂ ਹਟਣਗੇ ਅਤੇ ਇਸ ਨੂੰ ਸਫ਼ਲ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8