ਪਿੰਡ ਪੱਦੀ ਮੱਠ ਵਾਲੀ ਦੀ ਮਹਿਲਾ ਸਰਪੰਚ ''ਤੇ ਹਮਲਾ
Saturday, Aug 19, 2017 - 12:23 AM (IST)
ਬੰਗਾ, (ਚਮਨ ਲਾਲ/ਰਾਕੇਸ਼)- ਨਜ਼ਦੀਕੀ ਪਿੰਡ ਪੱਦੀ ਮੱਠ ਵਾਲੀ ਵਿਖੇ ਮਹਿਲਾ ਸਰਪੰਚ 'ਤੇ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਦਰ ਬੰਗਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਪੰਚ ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਤਿੰਨ ਵਿਅਕਤੀ ਆਪਣੇ ਸਕੂਟਰ-ਸਕੂਟਰੀ ਸਮੇਤ ਸਾਡੇ ਘਰ 'ਚ ਦਾਖਲ ਹੋਏ। ਜਦੋਂ ਮੇਰੇ ਪਤੀ ਜਸਵਿੰਦਰ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਕੂਟਰ ਮੇਰੇ ਪਤੀ ਵਿਚ ਮਾਰਿਆ। ਇੰਨੇ ਨੂੰ ਜਦੋਂ ਮੈਂ ਉਨ੍ਹਾਂ ਨੂੰ ਇਸ ਹਰਕਤ ਦਾ ਕਾਰਨ ਪੁੱਛਿਆ ਤਾਂ ਹਮਲਾਵਰਾਂ ਨੇ ਪਹਿਲਾਂ ਮੈਨੂੰ ਗਲਿਓਂ ਫੜਿਆ ਅਤੇ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੇਰੇ ਪਤੀ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਵੇਖ ਕੇ ਉਕਤ ਹਮਲਾਵਰ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਆਪਣੇ ਵਾਹਨ ਛੱਡ ਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਬੰਗਾ ਥਾਣਾ ਪੁਲਸ ਨੂੰ ਦਿੱਤੀ ਤਾਂ ਸੂਚਨਾ ਮਿਲਦਿਆਂ ਹੀ ਬੰਗਾ ਥਾਣਾ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਹਮਲਾਵਰਾਂ ਦੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
