ਦੁਕਾਨਾਂ ਦੇ ਥੜ੍ਹੇ ਤੋੜਨ ''ਤੇ ਬਣਿਆ ਤਣਾਅ ਦਾ ਮਾਹੌਲ

Saturday, Feb 03, 2018 - 12:56 AM (IST)

ਦੁਕਾਨਾਂ ਦੇ ਥੜ੍ਹੇ ਤੋੜਨ ''ਤੇ ਬਣਿਆ ਤਣਾਅ ਦਾ ਮਾਹੌਲ

ਗੁਰਦਾਸਪੁਰ, (ਵਿਨੋਦ)- ਅਮਾਮਵਾੜਾ ਚੌਕ ਕੋਲ ਬੇਰੀਆਂ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਦੁਕਾਨਾਂ ਦੇ ਥੜ੍ਹੇ ਤੋੜਨ ਕਾਰਨ ਦੁਕਾਨਦਾਰਾਂ ਤੇ ਨਗਰ ਕੌਂਸਲ ਦੇ ਕਰਮਚਾਰੀਆਂ 'ਚ ਕੁਝ ਸਮੇਂ ਲਈ ਤਣਾਅ ਬਣਿਆ ਰਿਹਾ। ਦੁਕਾਨਦਾਰਾਂ ਦੇ ਪੱਖ 'ਚ ਭਾਜਪਾ ਦੇ ਆਗੂ ਵੀ ਆ ਗਏ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਤੇ ਇਹ ਮੁਹਿੰਮ ਜਾਰੀ ਰਹੇਗੀ।
ਬੀਤੇ ਕੁਝ ਮਹੀਨਿਆਂ ਤੋਂ ਬੇਰੀਆਂ ਮੁਹੱਲੇ 'ਚ ਮਾਤਾ ਰਾਣੀ ਗਲੀ ਦੇ ਲੋਕ ਇਸ ਗੱਲ ਲਈ ਪ੍ਰੇਸ਼ਾਨ ਸਨ ਕਿ ਇਸ ਮੁਹੱਲੇ ਦੀਆਂ ਗਲੀਆਂ 'ਚ ਹਮੇਸ਼ਾ ਨਾਲੀਆਂ ਦਾ ਪਾਣੀ ਖੜ੍ਹਾ ਰਹਿੰਦਾ ਹੈ। ਇਹ ਪਾਣੀ ਗਲੀਆਂ 'ਚ 6 ਇੰਚ ਤੋਂ 1 ਫੁੱਟ ਤੱਕ ਖੜ੍ਹਾ ਹੋ ਜਾਂਦਾ ਹੈ।
ਇਸ ਸੰਬੰਧੀ ਮੁਹੱਲੇ ਵਿਚ ਲੋਕਾਂ ਨੇ ਹਰ ਪੱਧਰ 'ਤੇ ਸ਼ਿਕਾਇਤ ਕੀਤੀ ਹੋਈ ਸੀ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸੀ, ਜਦਕਿ ਇਸ ਗਲੀ 'ਚ ਇਕ ਮੰਦਿਰ ਹੈ, ਜਿਥੇ ਜਾਣ ਵਾਲੇ ਲੋਕਾਂ ਨੂੰ ਵੀ ਗੰਦੇ ਪਾਣੀ 'ਚੋਂ ਨਿਕਲ ਕੇ ਜਾਣਾ ਪੈ ਰਿਹਾ ਸੀ।
ਨਗਰ ਕੌਂਸਲ ਗੁਰਦਾਸਪੁਰ ਨੇ ਇਸ ਮੁਹੱਲੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮੁਹੱਲੇ ਦੇ ਗੰਦੇ ਪਾਣੀ ਦੀ ਨਿਕਾਸੀ 'ਚ ਰੁਕਾਵਟ ਬਣ ਰਹੇ ਕੁਝ ਦੁਕਾਨਦਾਰਾਂ ਨੂੰ ਆਪਣੇ ਥੜ੍ਹੇ ਤੋੜ ਕੇ ਨਾਲਿਆਂ ਦੀ ਸਫਾਈ ਕਰਨ ਦੀ ਅਪੀਲ ਕੀਤੀ। ਇਸ ਸੰਬੰਧੀ ਨਗਰ ਕੌਂਸਲ ਨੇ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਵੀ ਕਰਵਾਈ ਸੀ ਪਰ ਉਸ ਦੇ ਬਾਵਜੂਦ ਕੋਈ ਹੱਲ ਨਾ ਹੋਣ ਕਾਰਨ ਮੁਹੱਲੇ ਦੇ ਲੋਕਾਂ ਦਾ ਇਕ ਵਫਦ ਮੰਡਲ ਸੀਨੀਅਰ ਕਾਂਗਰਸੀ ਆਗੂ ਰੰਜੂ ਸ਼ਰਮਾ ਤੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ 'ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਮਿਲਿਆ।
ਸਾਰੀ ਸਥਿਤੀ ਜਾਣਨ ਤੋਂ ਬਾਅਦ ਉਨ੍ਹਾਂ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ ਨੂੰ ਤੁਰੰਤ ਇਸ ਸਮੱਸਿਆ ਦੇ ਹੱਲ ਦਾ ਆਦੇਸ਼ ਦਿੱਤਾ, ਜਿਸ 'ਤੇ ਅੱਜ ਦੁਕਾਨਦਾਰਾਂ ਦੇ ਥੜ੍ਹੇ ਤੋੜਨੇ ਸ਼ੁਰੂ ਹੋਏ ਤਾਂ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ।
ਸੂਚਨਾ ਮਿਲਦਿਆਂ ਹੀ ਭਾਜਪਾ ਦੇ ਕੌਂਸਲਰ ਵਿਕਾਸ ਗੁਪਤਾ, ਅਲਟ ਸ਼ਰਮਾ ਸਮੇਤ ਹੋਰ ਆਗੂ ਵੀ ਦੁਕਾਨਦਾਰਾਂ ਦੇ ਸਮਰਥਨ 'ਚ ਆ ਗਏ, ਜਿਸ ਕਾਰਨ ਕੁਝ ਸਮੇਂ ਲਈ ਤਣਾਅ ਬਣਿਆ ਰਿਹਾ। ਉਦੋਂ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸਾਰੇ ਗੁੱਟਾਂ ਦੀ ਸਾਂਝੀ ਮੀਟਿੰਗ ਨਗਰ ਕੌਂਸਲ 'ਚ ਕਰ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਨਗਰ ਕੌਂਸਲ ਦਫ਼ਤਰ 'ਚ ਈ. ਓ. ਭੁਪਿੰਦਰ ਸਿੰਘ ਦੀ ਅਗਵਾਈ 'ਚ ਇਕ ਮੀਟਿੰਗ ਹੋਈ, ਜਿਸ ਵਿਚ ਮੁਹੱਲਾ ਵਾਸੀ, ਦੁਕਾਨਦਾਰ, ਰੰਜੂ ਸ਼ਰਮਾ, ਦਰਸ਼ਨ ਮਹਾਜਨ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਤੇ ਦੁਕਾਨਦਾਰਾਂ ਨੇ ਭਰੋਸਾ ਦਿੱਤਾ ਕਿ ਉਹ ਸੜਕਾਂ ਦੇ ਕੰਢਿਆਂ 'ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਦੀ ਸਫਾਈ ਲਈ ਆਪਣੀਆਂ ਦੁਕਾਨਾਂ ਅੱਗੇ ਬਣੇ ਥੜ੍ਹਿਆਂ 'ਤੇ ਲੋਹੇ ਦੇ ਜੰਗਲੇ ਲਵਾਉਣਗੇ ਤਾਂ ਕਿ ਨਾਲਿਆਂ ਦੀ ਸਫਾਈ ਲਗਾਤਾਰ ਹੋ ਸਕੇ। ਹਰ ਹਾਲਤ 'ਚ ਮੁਹੱਲਾ ਬੇਰੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ।
ਭਾਜਪਾ ਤੇ ਅਕਾਲੀ ਸਮਰਥਕਾਂ ਦੇ ਹੀ ਤੋੜੇ ਜਾ ਰਹੇ ਨੇ ਥੜ੍ਹੇ : ਕੌਂਸਲਰ ਵਿਕਾਸ ਗੁਪਤਾ 
ਗੁਰਦਾਸਪੁਰ, (ਦੀਪਕ)- ਨਗਰ ਕੌਂਸਲ ਵੱਲੋਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤਰੀਕੇ ਨਾਲ ਬਣਾਏ ਗਏ ਥੜ੍ਹਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਦੁਕਾਨਦਾਰਾਂ ਨੇ ਵਿਰੋਧ ਕਰਦੇ ਹੋਏ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਦੇ ਕੌਂਸਲਰ ਵਿਕਾਸ ਗੁਪਤਾ ਨੇ ਦੋਸ਼ ਲਾਇਆ ਕਿ ਇਹ ਠੀਕ ਹੈ ਕਿ ਬੰਦ ਸੀਵਰੇਜ ਨੂੰ ਖੋਲ੍ਹਣ ਲਈ ਦੁਕਾਨਾਂ ਦੇ ਥੜ੍ਹੇ ਤੋੜੇ ਜਾ ਰਹੇ ਹਨ ਪਰ ਇਹ ਥੜ੍ਹੇ ਕਾਂਗਰਸੀ ਸਮਰਥਕਾਂ ਨੂੰ ਛੱਡ ਕੇ ਸਿਰਫ ਭਾਜਪਾ ਤੇ ਅਕਾਲੀ ਸਮਰਥਕਾਂ ਦੇ ਹੀ ਕਿਉਂ ਤੋੜੇ ਜਾ ਰਹੇ ਹਨ। ਜੇਕਰ ਅਜਿਹਾ ਅੱਗੇ ਵੀ ਜਾਰੀ ਰਿਹਾ ਤਾਂ ਉਹ ਇਸ ਦਾ ਵਿਰੋਧ ਕਰਨਗੇ। ਸਥਿਤੀ ਤਣਾਅਪੂਰਨ ਹੁੰਦੀ ਦੇਖ ਸਿਟੀ ਥਾਣਾ ਦੇ ਮੁਖੀ ਸ਼ਾਮ ਲਾਲ ਪੁਲਸ ਬਲ ਨਾਲ ਮੌਕੇ 'ਤੇ ਪਹੁੰਚ ਗਏ। ਕੁਝ ਹੀ ਮਿੰਟਾਂ 'ਚ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ ਤੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਸਾਥੀਆਂ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਪੱਖਪਾਤ ਨਹੀਂ ਹੋਇਆ : ਦਰਸ਼ਨ ਮਹਾਜਨ
ਇਸ ਸੰਬੰਧੀ ਮੌਕੇ 'ਤੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਦਾ ਕਹਿਣਾ ਸੀ ਕਿ ਕਿਸੇ ਵੀ ਦੁਕਾਨਦਾਰ ਨਾਲ ਪੱਖਪਾਤ ਨਹੀਂ ਕੀਤਾ ਗਿਆ। ਵਾਰਡ ਨੰਬਰ 19 ਤੇ 21 ਦਾ ਸੀਵਰੇਜ ਬਲਾਕ ਹੋਣ ਨਾਲ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਚਲਾ ਗਿਆ, ਜਿਸ ਕਾਰਨ ਉਹ ਨਰਕਮਈ ਜ਼ਿੰਦਗੀ ਬਤੀਤ ਕਰ ਰਹੇ ਹਨ। ਨਗਰ ਕੌਂਸਲ ਵੱਲੋਂ 28 ਜਨਵਰੀ 2018 ਤੱਕ ਦਾ ਦੁਕਾਨਦਾਰਾਂ ਨੂੰ ਖੁਦ ਦੁਕਾਨਾਂ ਦੇ ਬਾਹਰ ਬਣਾਏ ਥੜ੍ਹਿਆਂ ਹੇਠਾਂ ਸਫਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ ਪਰ ਅੱਜ 2 ਫਰਵਰੀ ਹੈ ਤੇ ਹੁਣ ਤੱਕ ਇਨ੍ਹਾਂ ਨੇ ਕੁਝ ਨਹੀਂ ਕੀਤਾ, ਜਿਸ ਕਾਰਨ ਅੱਜ ਨਗਰ ਕੌਂਸਲ ਕਾਰਵਾਈ ਕਰਦੀ ਹੋਈ ਨਾਲੇ ਨੂੰ ਸਾਫ ਕਰ ਰਹੀ ਹੈ।
ਕੀ ਕਹਿੰਦੇ ਹਨ ਵਿਧਾਇਕ ਪਾਹੜਾ
ਇਸ ਸੰਬੰਧੀ ਜਦੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪੂਰੇ ਮੁਹੱਲੇ ਦੀ ਸਮੱਸਿਆ ਹੈ। ਮੈਂ ਚਾਹੁੰਦਾ ਹਾਂ ਕਿ ਸ਼ਹਿਰ 'ਚ ਇਕ ਵੀ ਮਕਾਨ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਰੁਕੇ ਤੇ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣ।
ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਪ੍ਰਬੰਧ ਕਰਨ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਬਣੇ ਨਾਲਿਆਂ ਦੀ ਸਫਾਈ ਲਗਾਤਾਰ ਹੋਵੇ ਤਾਂ ਕਿ ਕਿਤੇ ਵੀ ਗੰਦੇ ਪਾਣੀ ਦੀ ਨਿਕਾਸੀ 'ਚ ਰੁਕਾਵਟ ਨਾ ਆਵੇ। ਨਗਰ ਕੌਂਸਲ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਹੋਵੇ।


Related News