ਪਰਾਲੀ ਸਮੇਤ ਟਰੈਕਟਰ-ਟਰਾਲੀ ਸੜ ਕੇ ਸੁਆਹ
Wednesday, Oct 04, 2017 - 02:13 AM (IST)
ਗਿੱਦੜਬਾਹਾ,(ਸੰਧਿਆ)- ਅੱਜਕਲ ਪਰਾਲੀ ਦਾ ਸੀਜ਼ਨ ਸਿਰ 'ਤੇ ਹੈ, ਹਰ ਕੋਈ ਪਰਾਲੀ ਨੂੰ ਆਪਣੇ ਖੇਤਾਂ 'ਚੋਂ ਸਮੇਟ ਕੇ ਟਿਕਾਣੇ 'ਤੇ ਲਿਜਾਣ ਲਈ ਆਪਣੀ ਟਰੈਕਟਰ-ਟਰਾਲੀ 'ਤੇ ਓਵਰਲੋਡ ਭਰ ਕੇ ਲਿਜਾਂਦਾ ਨਜ਼ਰ ਆਉਂਦਾ ਹੈ। ਟਰੈਕਟਰ-ਟਰਾਲੀ ਚਾਲਕ ਆਪਣੀ ਜਾਨ ਨੂੰ ਤਲੀ 'ਤੇ ਧਰ ਕੇ ਅਜਿਹੇ ਕੰਮ ਕਰ ਤਾਂ ਲੈਂਦੇ ਹਨ ਪਰ ਕਈ ਵਾਰ ਮਾਲੀ ਨੁਕਸਾਨ ਵੀ ਕਰਾ ਬੈਠਦੇ ਹਨ। ਅਜਿਹੀ ਹੀ ਇਕ ਘਟਨਾ ਸ਼ਾਮ 5 ਵਜੇ ਦੇ ਕਰੀਬ ਦੌਲਾ-ਸਰਦਾਰ ਗੜ੍ਹ ਲਿੰਕ ਰੋਡ, ਨੇੜੇ ਭੱਠੇ ਕੋਲ ਵਾਪਰੀ, ਜਿਥੇ ਹਰਪ੍ਰੀਤ ਸਿੰਘ ਪੁੱਤਰ ਸੁਖਚੰਦ ਸਿੰਘ ਵਾਸੀ ਪਿੰਡ ਮਾਹਣੀ ਖੇੜਾ ਆਪਣੀ ਟਰੈਕਟਰ-ਟਰਾਲੀ 'ਤੇ ਪਰਾਲੀ ਲੱਦ ਕੇ ਸਰਦਾਰਗੜ੍ਹ ਤੋਂ ਪਿੰਡ ਦੌਲਾ ਦੇ ਲਿੰਕ ਰੋਡ ਤੋਂ ਲੰਘ ਕੇ ਪਿੰਡ ਚੰਨੂੰ ਪਲਾਂਟ ਵੱਲ ਲਿਜਾ ਰਿਹਾ ਸੀ ਕਿ ਸੜਕ ਉਪਰੋਂ ਬਿਜਲੀ ਦੀ ਲੰਘ ਰਹੀ ਤਾਰ ਓਵਰਲੋਡ ਹੋਈ ਪਰਾਲੀ ਨਾਲ ਜਾ ਟਕਰਾਈ ਅਤੇ ਤਾਰਾਂ ਆਪਸ 'ਚ ਭਿੜ ਜਾਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਟਰੈਕਟਰ-ਟਰਾਲੀ ਵੀ ਸੜ ਕੇ ਸੁਆਹ ਹੋ ਗਈ ਤੇ ਚਾਲਕ ਨੇ ਭੱਜ ਕੇ ਜਾਨ ਬਚਾਈ। ਗਿੱਦੜਬਾਹਾ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਕੰਵਲਜੀਤ ਸਿੰਘ ਢਿੱਲੋਂ, ਅਜਮੇਰ ਸਿੰਘ, ਗੁਰਪਿੰਦਰ ਸਿੰਘ, ਅਮਰਜੀਤ ਸਿੰਘ ਆਦਿ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਤੇ ਨਜ਼ਦੀਕ ਹੀ ਲੱਗੇ ਨਰਮੇ ਨੂੰ ਬਚਾ ਲਿਆ।
