ਜਾਅਲੀ ਲਾਇਸੈਂਸ ਤੇ ਆਧਾਰ/ਪੈਨ ਕਾਰਡ ਤਿਆਰ ਕਰਨ ਵਾਲਾ ਗ੍ਰਿਫਤਾਰ
Sunday, Apr 22, 2018 - 03:53 AM (IST)
ਅੰਮ੍ਰਿਤਸਰ, (ਸੰਜੀਵ)- ਸਾਈਬਰ ਕ੍ਰਾਈਮ ਸੈੱਲ ਨੇ ਅੱਜ ਇਕ ਆਪ੍ਰੇਸ਼ਨ ਦੌਰਾਨ ਜਾਅਲੀ ਲਾਇਸੈਂਸ ਤੇ ਆਧਾਰ/ਪੈਨ ਕਾਰਡ ਤੋਂ ਇਲਾਵਾ ਹੋਰ ਸਰਕਾਰੀ ਦਸਤਾਵੇਜ਼ ਤਿਆਰ ਕਰਨ ਵਾਲੇ ਮੋਨੂੰ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜ਼ਿਲਾ ਕਚਹਿਰੀ ਨੇੜੇ ਫੋਟੋ ਸਟੇਟ ਦੀ ਦੁਕਾਨ ਦੀ ਆੜ ਲੈ ਕੇ ਜਾਅਲੀ ਦਸਤਾਵੇਜ਼ਾਂ ਦਾ ਧੰਦਾ ਕਰ ਰਿਹਾ ਸੀ। ਮੋਨੂੰ ਤਿਆਰ ਕੀਤੇ ਗਏ ਜਾਅਲੀ ਕਾਗਜ਼ਾਤਾਂ ਦੇ ਬਦਲੇ ਗਾਹਕਾਂ ਤੋਂ ਮੋਟੀ ਰਕਮ ਵਸੂਲਦਾ ਅਤੇ ਹਰ ਤਰ੍ਹਾਂ ਦੇ ਪੇਪਰ ਤਿਆਰ ਕਰ ਦਿੰਦਾ ਸੀ। ਸਾਈਬਰ ਕ੍ਰਾਈਮ ਸੈੱਲ ਨੇ ਅੱਜ ਇਕ ਟ੍ਰੈਪ ਲਾ ਕੇ ਮੋਨੂੰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਕਬਜ਼ੇ 'ਚੋਂ ਬਹੁਤ ਸਾਰਾ ਸ਼ੱਕੀ ਸਾਮਾਨ ਕਬਜ਼ੇ ਵਿਚ ਲਿਆ ਗਿਆ। ਵਰਣਨਯੋਗ ਹੈ ਕਿ ਸਾਈਬਰ ਕ੍ਰਾਈਮ ਸੈੱਲ ਨੇ ਕੁਝ ਮਹੀਨੇ ਪਹਿਲਾਂ ਵੇਸਵਾਵ੍ਰਿਤੀ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਜਾਅਲੀ ਕਾਗਜ਼ਾਤ ਤਿਆਰ ਕਰਨ 'ਚ ਮੋਨੂੰ ਦਾ ਨਾਂ ਸਾਹਮਣੇ ਆਇਆ ਸੀ। ਪੁਲਸ ਨੇ ਮੋਨੂੰ ਵੱਲੋਂ ਬਣਾਏ ਗਏ ਜਾਅਲੀ ਆਧਾਰ ਅਤੇ ਪੈਨ ਕਾਰਡ ਵੀ ਰਿਕਵਰ ਕੀਤੇ ਸਨ, ਜਿਸ ਉਪਰੰਤ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਇੰਸਪੈਕਟਰ ਵਵਿੰਦਰ ਮਹਾਜਨ ਨੇ ਅੱਜ ਪੁਲਸ ਪਾਰਟੀ ਨਾਲ ਛਾਪੇਮਾਰੀ ਕਰ ਕੇ ਮੋਨੂੰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੋਸ਼ੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਵਿਚ ਕਈ ਹੋਰ ਵੀ ਮਾਮਲਿਆਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗੈਂਗਸਟਰ ਗੋਪੀ ਘਣਸ਼ਿਆਮਪੁਰੀਆ ਦਾ ਸਾਥੀ ਸੈੱਲ ਦੇ ਹੱਥੇ ਚੜ੍ਹਿਆ
ਸਾਈਬਰ ਕ੍ਰਾਈਮ ਸੈੱਲ ਨੇ ਅੱਜ ਗੈਂਗਸਟਰ ਗੋਪੀ ਘਣਸ਼ਿਆਮਪੁਰੀਆ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਕਸਬਾ ਅਜਨਾਲਾ ਤੋਂ ਅਗਵਾ ਕੀਤੇ ਗਏ ਡਾ. ਮੁਨੀਸ਼ ਸ਼ਰਮਾ ਵਾਸੀ ਰਣਜੀਤ ਐਵੀਨਿਊ ਦੇ ਮਾਮਲੇ ਵਿਚ ਲੋੜੀਂਦਾ ਚੱਲ ਰਿਹਾ ਸੀ। ਸੈੱਲ ਦੇ ਅਧਿਕਾਰੀਆਂ ਨੇ ਅਜੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ, ਜਦੋਂ ਕਿ ਸੂਤਰਾਂ ਅਨੁਸਾਰ ਪੁਲਸ ਇਕ ਵੱਡੇ ਗੈਂਗਸਟਰ ਦੇ ਗਿਰੇਬਾਨ ਤੱਕ ਪਹੁੰਚ ਚੁੱਕੀ ਹੈ। ਵਰਣਨਯੋਗ ਹੈ ਕਿ ਡਾ. ਮੁਨੀਸ਼ ਸ਼ਰਮਾ ਨੂੰ ਅਜਨਾਲਾ ਤੋਂ ਅੰਮ੍ਰਿਤਸਰ ਆਉਂਦੇ ਸਮੇਂ ਰਸਤੇ ਤੋਂ ਅਗਵਾ ਕਰ ਲਿਆ ਗਿਆ ਸੀ। ਰਾਤ ਭਰ ਉਸ ਨੂੰ ਲੁਹਾਰਕਾ ਰੋਡ ਸਥਿਤ ਸੁੰਨਸਾਨ ਜਗ੍ਹਾ 'ਤੇ ਰੱਖਿਆ ਗਿਆ ਸੀ, ਜਿਸ ਉਪਰੰਤ ਅਗਵਾ ਕਰਨ ਵਾਲਿਆਂ ਨੇ ਡਾਕਟਰ ਦੇ ਘਰੋਂ ਲੱਖਾਂ ਰੁਪਏ ਦੀ ਫਿਰੌਤੀ ਲੈ ਕੇ ਉਸ ਨੂੰ ਛੱਡਿਆ ਸੀ।
