ਟਰੱਕ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਣਾ ਗ੍ਰਿਫ਼ਤਾਰ

04/26/2018 3:12:48 AM

ਗੁਰਦਾਸਪੁਰ,  (ਵਿਨੋਦ)-  ਸਿਟੀ ਪੁਲਸ ਗੁਰਦਾਸਪੁਰ ਅਤੇ ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਟਰੱਕ ਚੋਰੀ ਕਰ ਕੇ ਵੇਚਣ ਵਾਲੇ ਜਿਸ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ 6 ਦੋਸ਼ੀ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਸੀ, ਉਸ ਗਿਰੋਹ ਦੇ ਸਰਗਣਾ ਨੂੰ ਸਿਟੀ ਪੁਲਸ ਨੇ ਉਸ ਦੀ ਸਰਹਾਲੀ ਸਥਿਤ ਕਬਾੜੀਏ ਦੀ ਦੁਕਾਨ 'ਤੇ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ।
ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ 'ਤੇ ਪੰਜਾਬ ਸਮੇਤ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਗੁਜਰਾਤ ਆਦਿ ਰਾਜਾਂ ਤੋਂ ਟਰੱਕ ਚੋਰੀ ਕਰ ਕੇ ਪੰਜਾਬ ਲਿਆ ਕੇ ਵੇਚਣ ਵਾਲੇ ਗਿਰੋਹ ਦੇ 6 ਮੈਂਬਰਾਂ ਗੁਰਚਰਨ ਸਿੰਘ ਪੁੱਤਰ ਪ੍ਰਗਟ ਸਿੰਘ, ਧਰਮਿੰਦਰ ਸਿੰਘ ਪੁੱਤਰ ਭਜਨ ਸਿੰਘ, ਗੁਰਜੰਟ ਸਿੰਘ ਪੁੱਤਰ ਮਲਕੀਤ ਸਿੰਘ ਸਾਰੇ ਨਿਵਾਸੀ ਸਰਹਾਲੀ ਜ਼ਿਲਾ ਤਰਨਤਾਰਨ, ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਸੰਘਾ ਜ਼ਿਲਾ ਤਰਨਤਾਰਨ, ਸੁੱਚਾ ਮਸੀਹ ਪੁੱਤਰ ਨਜ਼ੀਰ ਮਸੀਹ ਨਿਵਾਸੀ ਪਿੰਡ ਤਲਵੰਡੀ ਵਿਰਕ ਜ਼ਿਲਾ ਗੁਰਦਾਸਪੁਰ ਅਤੇ ਮਲਕੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਸਰਨਾ ਜ਼ਿਲਾ ਪਠਾਨਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਸ ਤੋਂ ਚੋਰੀ ਦੇ ਤਿੰਨ ਟਰੱਕ ਬਰਾਮਦ ਕੀਤੇ ਸਨ ਪਰ ਇਸ ਗਿਰੋਹ ਦਾ ਸਰਗਣਾ ਰਣਜੀਤ ਸਿੰਘ ਉਰਫ਼ ਜੱਜ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਸਰਹਾਲੀ ਜ਼ਿਲਾ ਤਰਨਤਾਰਨ ਪੁਲਸ ਦੇ ਹੱਥ ਨਹੀਂ ਲੱਗਾ ਸੀ। ਸਿਟੀ ਪੁਲਸ ਗੁਰਦਾਸਪੁਰ ਉਦੋਂ ਤੋਂ ਗਿਰੋਹ ਦੇ ਸਰਗਣਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜਿਵੇਂ ਹੀ ਉਹ ਦੁਕਾਨ 'ਤੇ ਕਿਸੇ ਕੰਮ ਆਇਆ ਤਾਂ ਪੁਲਸ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਜ਼ਿਲਾ ਪੁਲਸ ਮੁਖੀ ਭੁੱਲਰ ਨੇ ਦੱਸਿਆ ਕਿ ਇਸ ਗਿਰੋਹ ਦੇ ਸਰਗਣਾ ਰਣਜੀਤ ਸਿੰਘ ਉਰਫ਼ ਜੱਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕਈ ਅਹਿਮ ਕੇਸਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਸ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਪੁੱਛਗਿੱਛ ਵਿਚ ਦੋਸ਼ੀ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਇਹ ਗਿਰੋਹ ਖੜ੍ਹਾ ਕੀਤਾ ਸੀ ਅਤੇ ਗਿਰੋਹ ਦੇ ਮੈਂਬਰ ਚੋਰੀ ਦਾ ਟਰੱਕ ਉਸ ਦੇ ਕੋਲ ਲੈ ਕੇ ਆਉਂਦੇ ਸਨ ਅਤੇ ਉਹ ਟਰੱਕ ਨੂੰ ਕਟਰ ਨਾਲ ਵੱਢ ਕੇ ਉਸ ਦੇ ਪੁਰਜ਼ੇ ਆਦਿ ਅੱਗੇ ਵੇਚਦਾ ਸੀ। ਦੋਸ਼ੀ ਵਿਰੁੱਧ ਪਹਿਲਾਂ ਹੀ ਵੱਖ-ਵੱਖ ਅਦਾਲਤਾਂ ਵਿਚ ਕਈ ਕੇਸ ਚੱਲ ਰਹੇ ਹਨ ਅਤੇ ਦੋਸ਼ੀ ਅਦਾਲਤ ਤੋਂ ਜ਼ਮਾਨਤ 'ਤੇ ਸੀ।


Related News