ਪੰਜਾਬ ਨੂੰ ਗੈਂਗਵਾਰ ''ਚ ਧੱਕਣ ਵਿਚ ਅਕਾਲੀ ਦਲ ਦਾ ਵੱਡਾ ਰੋਲ

Thursday, Feb 08, 2018 - 01:55 AM (IST)

ਪੰਜਾਬ ਨੂੰ ਗੈਂਗਵਾਰ ''ਚ ਧੱਕਣ ਵਿਚ ਅਕਾਲੀ ਦਲ ਦਾ ਵੱਡਾ ਰੋਲ

ਪਟਿਆਲਾ, ਰੱਖੜਾ  (ਜ. ਬ.) - ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਕੁਰਾਹੇ ਪਾਉਣਾ ਅਤਿ ਨਿੰਦਣਯੋਗ ਹੈ। ਬੀਤੇ ਦਿਨੀਂ ਗੈਂਗਸਟਰ ਰਵੀ ਦਿਓਲ ਵੱਲੋਂ ਕੀਤੇ ਖੁਲਾਸੇ ਵਿਚ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ ਦੇ ਪਰਿਵਾਰ ਦੀ ਖੁੱਲ੍ਹੀ ਪੋਲ ਤੋਂ ਇਹ ਜੱਗ ਜ਼ਾਹਰ ਹੋ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਕੇ ਸੂਬੇ ਨੂੰ ਖੋਰਾ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪਟਿਆਲਾ ਪਹੁੰਚਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਧਰਮਸੌਤ ਨੇ ਢੀਂਡਸਾ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਖੁਲਾਸੇ ਪਿੱਛੋਂ ਸੁਖਦੇਵ ਸਿੰਘ ਢੀਂਡਸਾ ਨੂੰ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਨੌਜਵਾਨਾਂ ਨੂੰ ਗਲਤ ਰਸਤੇ ਪਾਉਣਾ ਇਕ ਦੇਸ਼ ਧਰੋਹ ਦੇ ਬਰਾਬਰ ਹੈ। ਅਜਿਹੇ ਆਗੂਆਂ ਤੋਂ ਸੂਬੇ ਦੇ ਹਿੱਤ ਲਈ ਆਮ ਲੋਕ ਕੀ ਉਮੀਦ ਰੱਖਣਗੇ, ਜਿਹੜੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਹਿੱਤਾਂ ਲਈ ਵਰਤ ਕੇ ਕੁਰਾਹੇ ਪਾਉਂਦੇ ਹੋਣ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਓ. ਐੱਸ. ਡੀ. ਹਨੀ ਸੇਖੋਂ, ਮਹੰਤ ਹਰਵਿੰਦਰ ਖਨੌੜਾ ਜਨਰਲ ਸਕੱਤਰ ਪੰਜਾਬ, ਹਰਮਿੰਦਰ ਸਿੰਘ ਸਰਾਜਪੁਰ, ਗੁਰਪ੍ਰੀਤ ਸਿੰਘ ਸੰਨੀ ਢੀਂਗੀ, ਕਰਮ ਸਿੰਘ ਅਗੌਲ, ਗੁਰਮੀਤ ਸਿੰਘ, ਗੁਰਦੀਪ ਕਲਿਆਣ, ਗੁਰਮੀਤ ਸਿੰਘ ਮੋਹਣੀ ਜੱਸੋਵਾਲ, ਸੈਕਟਰੀ ਕਾਕਾ ਸਿੰਘ ਆਦਿ ਵੀ ਹਾਜ਼ਰ ਸਨ।


Related News