ਫਿਲੌਰ: 150 ਤੇ 100 ਫੁੱਟ ਟੁੱਟੇ ਬੰਨ੍ਹ ਨੂੰ ਬੰਨ੍ਹਣ ਲਈ ਪ੍ਰਸ਼ਾਸਨ ਨੇ 1 ਹਜ਼ਾਰ ਮਨਰੇਗਾ ਵਰਕਰ ਕੰਮ ’ਤੇ ਲਗਾਏ
Wednesday, Jul 12, 2023 - 11:34 AM (IST)
ਫਿਲੌਰ (ਭਾਖੜੀ)-ਬੀਤੇ ਦਿਨ ਪਿੰਡ ਛੋਲੇ ਬਜਾੜ ’ਚ 150 ਫੁੱਟ ਲੰਬੇ ਅਤੇ ਪੁਲਸ ਅਕੈਡਮੀ ਕੋਲ 100 ਫੁੱਟ ਟੁੱਟੇ ਬੰਨ੍ਹ ਨੂੰ ਜੋੜਨ ਲਈ ਦੋਵੇਂ ਥਾਵਾਂ ’ਤੇ ਪ੍ਰਸ਼ਾਸਨ ਨੇ 1 ਹਜ਼ਾਰ ਦੇ ਕਰੀਬ ਮਨਰੇਗਾ ਵਰਕਰ ਕੰਮ ’ਤੇ ਲਾਏ ਹਨ। ਘਰਾਂ ’ਚ ਹੜ੍ਹ ਦਾ ਪਾਣੀ ਆਉਣ ਕਾਰਨ ਮਜਬੂਰੀ ’ਚ ਲੋਕ ਸੜਕਾਂ ਕੰਢੇ ਟਰਾਲੀਆਂ ’ਤੇ ਤਰਪਾਲਾਂ ਪਾ ਕੇ ਸੜਕਾਂ ’ਤੇ ਰਹਿਣ ਲਈ ਮਜਬੂਰ ਹੋ ਗਏ ਹਨ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਦੀ ਘੜੀ ਰਾਹਤ ਦੀ ਖ਼ਬਰ ਇਹ ਹੈ ਕਿ ਦਰਿਆ ਦਾ ਜਲ ਪੱਧਰ ਪਹਿਲਾਂ ਨਾਲੋਂ ਥੋੜ੍ਹਾ ਘੱਟ ਹੋਇਆ ਹੈ ਅਤੇ ਪਿੱਛੋਂ ਪਾਣੀ ਨਹੀਂ ਛੱਡਿਆ ਜਾ ਰਿਹਾ। ਦੂਜਾ ਇਥੇ ਬਰਸਾਤ ਨਹੀਂ ਹੋ ਰਹੀ, ਜਿਸ ਕਾਰਨ ਬੰਨ੍ਹ ਮਜ਼ਬੂਤ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜੇਕਰ ਪਿੱਛੋਂ ਪਾਣੀ ਹੋਰ ਛੱਡਿਆ ਜਾਂਦਾ ਤਾਂ ਬੰਨ੍ਹ ਬਣਾਉਣ ਦੇ ਕੰਮ ਨੂੰ ਰੋਕਣਾ ਪਵੇਗਾ, ਜਿਸ ਨਾਲ ਨੁਕਸਾਨ ਹੋਰ ਵੀ ਕਈ ਗੁਣਾ ਵਧ ਸਕਦਾ ਹੈ।
ਜਿਨ੍ਹਾਂ ਲੋਕਾਂ ਦੇ ਘਰਾਂ ’ਚ ਹੜ੍ਹ ਦਾ ਪਾਣੀ ਆ ਗਿਆ, ਉਹ ਲੋਕ ਬੇਘਰ ਹੋ ਕੇ ਸੜਕਾਂ ’ਤੇ ਆ ਗਏ ਹਨ। ਪਿੰਡ ਛੋਲੇ ਬਜਾੜ ਦੇ ਪਿਆਰਾ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਪ੍ਰਸ਼ਾਸਨ ਨੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ’ਤੇ ਨਿਕਲ ਜਾਣ ਦੇ ਨਿਰਦੇਸ਼ ਦਿੱਤੇ। ਪੂਰੀ ਰਾਤ ਉਹ ਸਾਮਾਨ ਇਕੱਠਾ ਕਰਦੇ ਰਹੇ ਸਵੇਰੇ 4 ਵਜੇ ਇਕਦਮ ਹੜ੍ਹ ਦਾ ਪਾਣੀ ਉਨ੍ਹਾਂ ਦੇ ਘਰਾਂ ’ਚ ਦਾਖਲ ਹੋ ਗਿਆ। ਉਹ ਕੁਝ ਵੀ ਕੱਢ ਨਹੀਂ ਸਕੇ। ਹੁਣ ਮਜਬੂਰੀ ’ਚ ਉਹ ਟਰਾਲੀਆਂ ਉੱਪਰ ਤਰਪਾਲਾਂ ਪਾ ਕੇ ਉਸੇ ’ਚ ਪਰਿਵਾਰ ਸਮੇਤ ਰਹਿ ਰਹੇ ਹਨ। ਪਹਿਲਾਂ ਸਾਲ 2019 ਵਿਚ ਉਨ੍ਹਾਂ ਦਾ ਘਰ ਹੜ੍ਹ ’ਚ ਤਬਾਹ ਹੋ ਗਿਆ ਸੀ। 5 ਸਾਲ ਬਾਅਦ ਫਿਰ ਉਹੀ ਮੰਜਰ ਵੇਖਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਚਾਈਲਡ ਪੋਰਨੋਗ੍ਰਾਫੀ ਦੇ ਮੱਕੜ ਜਾਲ 'ਚ ਫਸਿਆ ਜਲੰਧਰ, ਇੰਸਟਾਗ੍ਰਾਮ 'ਤੇ ਹੋਈ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
ਪ੍ਰਸ਼ਾਸਨ ਨੇ ਦਰਿਆ ਕੰਢੇ ਐਂਬੂਲੈਂਸ ਦੇ ਨਾਲ ਤਾਇਨਾਤ ਕੀਤੀਆਂ ਮੈਡੀਕਲ ਟੀਮਾਂ
ਸਥਾਨਕ ਪ੍ਰਸ਼ਾਸਨ ਨੇ ਦਰਿਆ ਕੰਢੇ ਅਤੇ ਜੋ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ’ਚ ਆ ਚੁੱਕੇ ਹਨ, ਉੱਥੇ ਲੋਕਾਂ ਨੂੰ ਮੌਕੇ ’ਤੇ ਡਾਕਟਰੀ ਸਹੂਲਤ ਦੇਣ ਲਈ ਐਂਬੂਲੈਂਸ ਦੇ ਨਾਲ ਇਕ ਡਾਕਟਰ ਅਤੇ 4 ਸਹਾਇਕ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਸਿਵਲ ਹਸਪਤਾਲ ਬੜਾ ਪਿੰਡ ਦੀ ਟੀਮ ਦੇ ਡਾਕਟਰ ਵਰੁਣ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਹੁਣ ਤੱਕ 100 ਵਿਅਕਤੀਆਂ, ਜਿਨ੍ਹਾਂ ਨੂੰ ਜਲਦਬਾਜ਼ੀ ’ਚ ਘਰੋਂ ਨਿਕਲਦੇ ਸਮੇਂ ਜਾਂ ਫਿਰ ਮਨਰੇਗਾ ਵਰਕਰਾਂ ਨੂੰ ਕੰਮ ਕਰਦੇ ਸਮੇਂ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਇਲਾਜ ਕਰ ਚੁੱਕੇ ਹਨ।
ਪੁਲਸ ਅਧਿਕਾਰੀਆਂ ਦੇ ਹੜ੍ਹ ਦੇ ਪਾਣੀ ’ਚ ਫਸੇ 200 ਤੋਂ ਵੱਧ ਵਾਹਨ ਕ੍ਰੇਨ ਦੀ ਮਦਦ ਨਾਲ ਕੱਢੇ ਬਾਹਰ
ਸਤਲੁਜ ਦਰਿਆ ’ਚ ਹੜ੍ਹ ਆਉਣ ਕਾਰਨ ਸਭ ਤੋਂ ਵੱਧ ਨੁਕਸਾਨ ਪੰਜਾਬ ਪੁਲਸ ਅਕੈਡਮੀ ’ਚ ਟ੍ਰੇਨਿੰਗ ਕਰਨ ਆਏ 700 ਪੁਲਸ ਮੁਲਾਜ਼ਮਾਂ ਨੂੰ ਸਹਿਣਾ ਪਿਆ, ਜਿਨ੍ਹਾਂ ਦੀਆਂ 500 ਤੋਂ ਵੱਧ ਕਾਰਾਂ ਹੜ੍ਹ ਦੇ ਪਾਣੀ ’ਚ ਡੁੱਬ ਕੇ ਫਸ ਗਈਆਂ ਸਨ। 300 ਦੇ ਕਰੀਬ ਕਾਰਾਂ ਪੁਲਸ ਮੁਲਾਜ਼ਮ ਖ਼ੁਦ ਕੱਢਣ ’ਚ ਸਫ਼ਲ ਹੋ ਗਏ ਸਨ, ਜੋ 200 ਤੋਂ ਵੱਧ ਕਾਰਾਂ ਹੜ੍ਹ ਦੇ ਪਾਣੀ ’ਚ ਪੂਰੀ ਤਰ੍ਹਾਂ ਡੁੱਬ ਗਈਆਂ ਸਨ, ਉਨ੍ਹਾਂ ਨੂੰ ਮੰਗਲਵਾਰ ਪੂਰਾ ਦਿਨ ਲਗਾ ਕੇ ਕ੍ਰੇਨ ਦੀ ਮਦਦ ਨਾਲ ਖਿੱਚ ਕੇ ਬਾਹਰ ਕੱਢਿਆ ਗਿਆ। ਪੁਲਸ ਮੁਲਾਜ਼ਮਾਂ ਦੀਆਂ ਜ਼ਿਆਦਾਤਰ ਕਾਰਾਂ ਬਿਲਕੁਲ ਨਕਾਰਾ ਹੋ ਚੁੱਕੀਆਂ ਸਨ।
ਗੋਲਫ ਦੇ ਸ਼ੌਕ ’ਚ ਬਰਬਾਦ ਕਰ ਦਿੱਤੇ 8 ਪਿੰਡ ਅਤੇ 5000 ਏਕੜ ’ਚ ਲੱਗੀ ਫ਼ਸਲ
ਪਿੰਡ ਛੋਹਲੇ ਬਜਾੜ ਦੇ ਰਹਿਣ ਵਾਲੇ ਬਲਰਾਜ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਪੁਲਸ ਅਕੈਡਮੀ ਦੇ ਅਧਿਕਾਰੀਆਂ ਨੇ ਗੋਲਫ ਗੇਮ ਖੇਡਣ ਲਈ ਜਦੋਂ ਮੈਦਾਨ ਵੱਡਾ ਕੀਤਾ ਤਾਂ ਉਨ੍ਹਾਂ ਨੇ ਪੁਰਾਣੇ ਮਜ਼ਬੂਤ ਬੰਨ੍ਹ ਤੋੜ ਕੇ ਦੂਜੀ ਦਿਸ਼ਾ ਵਿਚ ਨਵਾਂ ਅਤੇ ਬਿਲਕੁਲ ਕਮਜ਼ੋਰ ਬੰਨ੍ਹ ਬਣਾ ਦਿੱਤਾ। ਪਿੰਡ ਵਾਸੀਆਂ ਨੇ ਉਸ ਸਮੇਂ ਨਵਾਂ ਬੰਨ੍ਹ ਬਣਾਉਣ ’ਤੇ ਅਧਿਕਾਰੀਆਂ ਕੋਲ ਪੁੱਜ ਕੇ ਆਪਣਾ ਇਤਰਾਜ਼ ਦਰਜ ਕਰਵਾਉਂਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਇਹ ਨਵਾਂ ਬੰਨ੍ਹ ਦਰਿਆ ਦੇ ਤੇਜ਼ ਵਹਾਅ ਦੇ ਅੱਗੇ ਟਿਕ ਨਹੀਂ ਸਕੇਗਾ। ਜਦੋਂ ਵੀ ਦਰਿਆ ’ਚ ਪਾਣੀ ਦਾ ਪੱਧਰ ਵਧੇਗਾ ਤਾਂ ਉਸ ਦਾ ਖਮਿਆਜ਼ਾ ਉਨ੍ਹਾਂ ਦੇ ਨਾਲ ਦੂਜੇ ਪਿੰਡ ਵਾਸੀਆਂ ਨੂੰ ਵੀ ਭੁਗਤਣਾ ਪਵੇਗਾ। ਕਿਸੇ ਨੇ ਵੀ ਉਨ੍ਹਾਂ ਦੀ ਇਕ ਨਾ ਸੁਣੀ, ਜਿਸ ਦਾ ਪਿੰਡ ਵਾਸੀਆਂ ਨੂੰ ਡਰ ਸੀ, ਉਹੀ ਹੋਇਆ। ਨਵਾਂ ਕਮਜ਼ੋਰ ਬੰਨ੍ਹ ਟੁੱਟ ਗਿਆ, ਜਿਸ ਦੀ ਲਪੇਟ ਵਿਚ ਪਿੰਡ ਛੋਅਲੇ ਬਜਾੜ, ਸਗਨੇਵਾਲ, ਛਿਛੋਵਾਲ, ਫਤਹਿਪੁਰ, ਝੁੱਗੀਆਂ ਮਹਾਸਿੰਘ ਅਤੇ ਅਚਾਨਚੱਕ ਆ ਗਿਆ, ਜਿੱਥੇ ਹੜ੍ਹ ਦੇ ਪਾਣੀ ਕਾਰਨ ਲੋਕਾਂ ਨੂੰ ਬੇਘਰ ਹੋਣਾ ਪਿਆ, ਉੱਥੇ ਖੇਤਾਂ ਵਿਚ ਲੱਗੀ ਉਨ੍ਹਾਂ ਦੀ 5000 ਏਕੜ ਫ਼ਸਲ ਵੀ ਬਰਬਾਦ ਹੋ ਗਈ।
ਇਹ ਵੀ ਪੜ੍ਹੋ- ਭਾਰੀ ਮੀਂਹ ਕਾਰਨ ਜਲੰਧਰ 'ਚ ਮੰਡਰਾਉਣ ਲੱਗਾ ਖ਼ਤਰਾ, ਇਨ੍ਹਾਂ ਕਾਲੋਨੀਆਂ ਲਈ 'ਅਲਰਟ' ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711