ਮੋਟਰਸਾਈਕਲ ਚੋਰੀ ਕਰਨ ਅਤੇ ਪਰਸ ਖੋਹਣ ਵਾਲੇ ਨੂੰ 5 ਸਾਲ ਦੀ ਕੈਦ

11/18/2017 1:16:54 PM

ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ)— ਕੋਰਟ ਕੰਪਲੈਕਸ 'ਚੋਂ ਮੋਟਰਸਾਈਕਲ ਚੋਰੀ ਕਰ ਕੇ ਔਰਤ ਦਾ ਪਰਸ ਖੋਹਣ ਵਾਲੇ ਇਕ ਦੋਸ਼ੀ ਨੂੰ ਅਦਾਲਤ ਨੇ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਫੈਸਲਾ ਸੁਣਾਇਆ ਹੈ। ਜਦੋਂਕਿ ਮਾਮਲੇ 'ਚ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਹੈ। 
ਕੇਸ ਦੇ ਅਨੁਸਾਰ ਮੰਗਵਾਲ ਵਾਸੀ ਓਂਕਾਰ ਸਿੰਘ ਵੱਲੋਂ 29 ਫਰਵਰੀ 2016 ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਸੰਗਰੂਰ ਕੋਰਟ 'ਚ ਬਤੌਰ ਐਡਵੋਕੇਟ ਪ੍ਰੈਕਟਿਸ ਕਰਦਾ ਹੈ। ਕੋਰਟ ਦੀ ਪਾਰਕਿੰਗ 'ਚੋਂ ਕੋਈ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ ਸੀ, ਜਿਸ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਧੂਰੀ ਗੇਟ ਸਥਿਤ ਆਦਰਸ਼ ਮੁਹੱਲਾ ਵਾਸੀ ਮਹਿਲਾ ਇੰਦਰਜੀਤ ਕੌਰ ਤੋਂ ਪਰਸ ਖੋਹ ਲਿਆ ਸੀ। ਪਰਸ 'ਚ 3 ਹਜ਼ਾਰ ਰੁਪਏ ਨਕਦ, ਸੋਨੇ ਦਾ ਲਾਕੇਟ ਅਤੇ ਜ਼ਰੂਰੀ ਕਾਗਜ਼ਾਤ ਸਨ। ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। 2 ਮਾਰਚ 2016 ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਡਾਕਾ ਮਾਰਨ ਦੀ ਯੋਜਨਾ ਤਿਆਰ ਕਰ ਰਹੇ ਹਨ ਤਾਂ ਪੁਲਸ ਨੇ ਦੱਸੀ ਗਈ ਜਗ੍ਹਾ 'ਤੇ ਰੇਡ ਕਰ ਕੇ ਹਰਦੀਪ ਸਿੰਘ, ਜਗਜੀਤ ਸਿੰਘ ਵਾਸੀ ਕਲੋਦੀ ਨੂੰ ਕਾਬੂ ਕਰ ਲਿਆ ਸੀ। ਦੋਸ਼ੀਆਂ ਤੋਂ ਕੋਰਟ 'ਚ ਚੋਰੀ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਹੋਇਆ ਸੀ। ਹਰਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਔਰਤ ਤੋਂ ਖੋਹਿਆ ਗਿਆ ਪਰਸ ਅਤੇ ਸਾਮਾਨ ਵੀ ਬਰਾਮਦ ਕਰ ਲਿਆ ਗਿਆ। ਕੇਸ ਦੀ ਸੁਣਵਾਈ ਦੌਰਾਨ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ 'ਚ ਜਗਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਜਦੋਂਕਿ ਹਰਦੀਪ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਉਸ ਨੂੰ 5 ਸਾਲ ਦੀ ਸਜ਼ਾ ਅਤੇ ਨਾਲ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।


Related News