ਕੇਂਦਰੀ ਜੇਲ ਤੋਂ ਪੈਰੋਲ ''ਤੇ ਛੁੱਟੀ ਲੈ ਕੇ ਫਰਾਰ ਹੋਇਆ ਮੁਲਜ਼ਮ ਗ੍ਰਿਫਤਾਰ
Thursday, Oct 05, 2017 - 12:20 PM (IST)
ਕਪੂਰਥਲਾ(ਭੂਸ਼ਣ)— ਥਾਣਾ ਕੋਤਵਾਲੀ (ਕਪੂਰਥਲਾ) ਦੀ ਪੁਲਸ ਨੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਤੋਂ ਪੈਰੋਲ 'ਤੇ ਛੁੱਟੀ ਦੌਰਾਨ ਫਰਾਰ ਹੋਏ 10 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਹੇ ਇਕ ਕੈਦੀ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ ।ਜਾਣਕਾਰੀ ਅਨੁਸਾਰ ਤਿਉਹਾਰਾਂ ਨੂੰ ਵੇਖਦੇ ਹੋਏ ਜ਼ਿਲੇ ਭਰ 'ਚ ਚੱਲ ਰਹੀ ਚੈਕਿੰਗ ਮੁਹਿੰਮ ਦੇ ਤਹਿਤ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਪੁਲਸ ਪਾਰਟੀ ਨਾਲ ਕਾਂਜਲੀ ਮਾਰਗ 'ਤੇ ਬੁੱਧਵਾਰ ਨੂੰ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਜਗਤਾਰ ਸਿੰਘ ਉਰਫ ਜੱਜ ਉਰਫ ਮਣੀ ਪੁੱਤਰ ਸਤਪਾਲ ਨਿਵਾਸੀ ਬੱਕਰਖਾਨਾ ਕਪੂਰਥਲਾ ਦੱਸਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਨੂੰ ਸਾਲ 2012 ਵਿਚ ਐੱਫ. ਆਈ. ਆਰ. ਨੰ. 132 ਦੇ ਤਹਿਤ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਅਤੇ 270 ਗ੍ਰਾਮ ਨਸ਼ੀਲੇ ਪਦਾਰਥ ਨਾਲ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਲੈ ਕੇ ਮੁਲਜ਼ਮ ਨੂੰ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਸੀ।
ਮੁਲਜ਼ਮ ਕੁਝ ਮਹੀਨੇ ਪਹਿਲਾਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਤੋਂ 2 ਮਹੀਨੇ ਦੀ ਪੈਰੋਲ 'ਤੇ ਛੁੱਟੀ ਲੈ ਕੇ ਆਇਆ ਸੀ ਪਰ ਇਸ ਦੌਰਾਨ ਉਹ ਵਾਪਸ ਜੇਲ ਨਹੀਂ ਗਿਆ ਸੀ ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਐੱਫ. ਆਈ. ਆਰ. ਨੰ. 33 ਦੇ ਤਹਿਤ 8 ਫਰਵਰੀ 2017 ਨੂੰ ਮੁਲਜ਼ਮ ਜਗਤਾਰ ਸਿੰਘ ਪੁੱਤਰ ਜੱਜ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਮੁਲਜ਼ਮ ਉਦੋਂ ਤੋਂ ਫਰਾਰ ਚੱਲ ਰਿਹਾ ਸੀ।
