ਜਗਤ ਗੁਰੂ ਬਾਬਾ ਨਾਨਕ ਜੀ ਦਾ 554ਵਾਂ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ, ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ

11/28/2023 2:24:48 PM

ਜਲੰਧਰ (ਰਾਜੂ ਅਰੋੜਾ)- ਨਿਰੰਕਾਰੀ ਜੋਤ, ਕਲਯੁੱਗ ਦੇ ਤਾਰਨਹਾਰ, ਸਿੱਖ ਧਰਮ ਦੇ ਮੋਢੀ, ਬਾਬਰ ਨੂੰ ਜਾਬਰ ਕਹਿਣ ਤੇ ਜ਼ੁਲਮ ਦੇ ਖ਼ਿਲਾਫ਼ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 554ਵਾਂ ਪਾਵਨ ਪ੍ਰਕਾਸ਼ ਪੁਰਬ ਸ਼ਹਿਰ ਦੇ ਵੱਖ-ਵੱਖ ਗੁਰੂਘਰਾਂ ਵਿਚ ਸ਼ਰਧਾਪੂਰਵਕ ਮਨਾਇਆ ਗਿਆ, ਜਿੱਥੇ ਸਵੇਰ ਤੇ ਸ਼ਾਮ ਦੋਵੇਂ ਸਮੇਂ ਗੁਰਮਤਿ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਕੀਰਤਨੀਆਂ ਅਤੇ ਪ੍ਰਚਾਰਕਾਂ ਨੇ ਨਾਨਕ ਨਾਮਲੇਵਾ ਸੰਗਤਾਂ ਨੂੰ ਇਲਾਹੀ ਗੁਰਬਾਣੀ ਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ। ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਤੇ ਦੁੱਧ-ਮਠਿਆਈਆਂ ਦੇ ਲੰਗਰ ਅਤੁੱਟ ਵਰਤਾਏ ਗਏ।

ਗੁ. ਛੇਵੀਂ ਪਾਤਸ਼ਾਹੀ : ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪ੍ਰਕਾਸ਼ ਪੁਰਬ ਸਬੰਧੀ ਅੰਮ੍ਰਿਤ ਵੇਲੇ ਸਜਾਏ ਦੀਵਾਨ ਵਿਚ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਭਾਈ ਲਾਲ ਸਿੰਘ ਦੇ ਜਥੇ ਨੇ ਕੀਰਤਨ ਅਤੇ ਭਾਈ ਅਭਿਤੇਜ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ। ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਬੱਚਿਆਂ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਕਵਿਤਾਵਾਂ ਅਤੇ ਗੀਤ ਸੁਣਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। 

PunjabKesari

ਗੁ. ਦੀਵਾਨ ਅਸਥਾਨ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਸਿੰਘਾਂ, ਕਥਾਵਾਚਕ ਸਾਹਿਬਾਨ ਭਾਈ ਪ੍ਰਿੰਸਪਾਲ ਸਿੰਘ, ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ, ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ ਅਤੇ ਮੀਤ ਗ੍ਰੰਥੀ ਭਾਈ ਬਲਬੀਰ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਗੁਰਮਤਿ ਵਿਚਾਰਾਂ ਅਤੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਗੁ. ਦੂਖ ਨਿਵਾਰਨ ਸਾਹਿਬ : ਗੁ. ਨੌਵੀਂ ਪਾਤਸ਼ਾਹੀ ਸ੍ਰੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਸਵੇਰ ਤੇ ਸ਼ਾਮ ਸਮੇਂ ਵਿਸ਼ੇਸ਼ ਦੀਵਾਨ ਸਜਾਏ ਗਏ। ਸਵੇਰੇ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਸਜੇ ਵਿਸ਼ੇਸ਼ ਦੀਵਾਨ ਵਿਚ ਭਾਈ ਮਲਕੀਤ ਸਿੰਘ ਤੇ ਭਾਈ ਕਰਨੈਲ ਸਿੰਘ (ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ), ਭਾਈ ਸਤਬੀਰ ਸਿੰਘ ਦਮਦਮੀ ਟਕਸਾਲ, ਗਿਆਨੀ ਗੁਰਪ੍ਰੀਤ ਸਿੰਘ, ਭਾਈ ਕੰਵਲਪ੍ਰੀਤ ਸਿੰਘ (ਤੰਤੀ ਸਾਜ਼), ਭਾਈ ਹਰਮਨਪ੍ਰੀਤ, ਭਾਈ ਗੁਰਮਨਪ੍ਰੀਤ ਸਿੰਘ, ਭਾਈ ਜਗਜੀਤ ਸਿੰਘ ਗਾਬਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ।

ਇਹ ਵੀ ਪੜ੍ਹੋ- ਗੁਰੂ ਨਾਨਕ ਗੁਰਪੁਰਬ ਮੌਕੇ ਬਠਿੰਡਾ ਦੇ ਸ਼ਮਸ਼ਾਨਘਾਟ 'ਚ ਲੱਗਦੀ ਹੈ ਬੱਚਿਆਂ ਦੀ ਜਮਾਤ, ਵਜ੍ਹਾ ਹੈ ਖ਼ਾਸ

PunjabKesari

ਗੁ. ਗੁਰੂ ਤੇਗ ਬਹਾਦਰ ਸੈਂਟਰਲ ਟਾਊਨ : ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਸੈਂਟਰਲ ਟਾਊਨ ਵਿਖੇ ਪ੍ਰਕਾਸ਼ ਪੁਰਬ ਸਬੰਧੀ ਸਵੇਰ ਤੇ ਸ਼ਾਮ ਦੋਵੇਂ ਸਮੇਂ ਸਜਾਏ ਗਏ ਦੀਵਾਨਾਂ ਵਿਚ ਭਾਈ ਸਤਿੰਦਰਪਾਲ ਸਿੰਘ ਲੁਧਿਆਣਾ, ਭਾਈ ਗੁਰਜੰਟ ਸਿੰਘ ਬਾਉਲੀ ਸਾਹਿਬ (ਸ੍ਰੀ ਗੋਇੰਦਵਾਲ ਸਾਹਿਬ), ਭਾਈ ਦਰਸ਼ਨ ਸਿੰਘ ਕੋਮਲ, ਭਾਈ ਮਲਕੀਤ ਸਿੰਘ, ਭਾਈ ਸੁਰਪੰਚਮ ਸਿੰਘ ਅਤੇ ਭਾਈ ਸ਼ਨਬੀਰ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ, ਜਦਕਿ ਗਿਆਨੀ ਜਸਪਾਲਵੀਰ ਸਿੰਘ, ਗਿਆਨੀ ਗੁਰਮੀਤ ਸਿੰਘ, ਗਿਆਨੀ ਮਨਜੀਤ ਸਿੰਘ ਸੇਵਕ ਅਤੇ ਗਿਆਨੀ ਬਲਬੀਰ ਸਿੰਘ ਕੀਰਤਪੁਰ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ। 

ਗੁ. ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਵਿਖੇ ਪ੍ਰਕਾਸ਼-ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਜਤਿੰਦਰ ਸਿੰਘ, ਭਾਈ ਕਰਨੈਲ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਬ੍ਰਹਮਜੋਤ ਸਿੰਘ ਗੋਪਾਲ ਨਗਰ ਵਾਲੇ, ਭਾਈ ਫ਼ਤਿਹ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਤੇਜਿੰਦਰ ਸਿੰਘ ਹਜ਼ੂਰੀ ਰਾਗੀ ਜਥਾ, ਬੀਬੀ ਗੁਰਜੀਤ ਕੌਰ, ਇਸਤਰੀ ਸਤਿਸੰਗ ਸਭਾ ਮਾਡਲ ਟਾਊਨ ਅਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਕਥਾਵਾਚਕ ਬੀਬੀ ਜਸਜੀਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਉਪਰ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ।

ਇਹ ਵੀ ਪੜ੍ਹੋ-  ਪ੍ਰਕਾਸ਼ ਪੁਰਬ ਮੌਕੇ CM ਮਾਨ ਦਾ ਸੰਗਤਾਂ ਨੂੰ ਵੱਡਾ ਤੋਹਫ਼ਾ, ਅੱਜ ਤੋਂ ਇਨ੍ਹਾਂ ਤੀਰਥ ਸਥਾਨਾਂ ਲਈ ਰਵਾਨਾ ਹੋਵੇਗੀ ਟ੍ਰੇਨ

ਗੁ. ਡਿਫੈਂਸ ਕਾਲੋਨੀ : ਗੁਰਦੁਆਰਾ ਸ੍ਰੀ ਗੁਰੂ ਅਮਰਦਾਸ (ਰਜਿ.) ਡਿਫੈਂਸ ਕਾਲੋਨੀ ਜਲੰਧਰ ਵਿਖੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਇਸ ਸਬੰਧੀ ਸਵੇਰ ਤੇ ਸ਼ਾਮ ਦੋਵੇਂ ਸਮੇਂ ਦੀਵਾਨ ਸਜੇ। ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਕੀਤੇ ਗਏ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਯਸ਼ਪਾਲ ਸਿੰਘ ਦੀਵਾਲੀ, ਭਾਈ ਸ਼ਨਬੀਰ ਸਿੰਘ ਜਲੰਧਰ ਵਾਲੇ, ਭਾਈ ਰਮਨਦੀਪ ਸਿੰਘ ਹਜ਼ੂਰੀ ਰਾਗੀ ਇਸਤਰੀ ਸਤਿਸੰਗ ਡਿਫੈਂਸ ਕਾਲੋਨੀ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।

PunjabKesari

ਗੁ. ਆਦਰਸ਼ ਨਗਰ : ਪ੍ਰਕਾਸ਼ ਪੁਰਬ ਗੁ. ਸਿੰਘ ਸਭਾ ਆਦਰਸ਼ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਸਤਰੀ ਸਤਿਸੰਗ ਸਭਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 3 ਰੋਜ਼ਾ ਸਮਾਗਮਾਂ ਤਹਿਤ ਮਨਾਇਆ ਗਿਆ।

ਗੁ. ਚਰਨ ਕੰਵਲ ਸਾਹਿਬ : ਜਗਤ ਗੁਰੂ ਦਾ 554ਵਾਂ ਪ੍ਰਕਾਸ਼ ਪੁਰਬ ਬਸਤੀ ਸ਼ੇਖ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਜਿੰਦਰ ਸਿੰਘ ਖਾਲਸਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। 

ਗੁ. ਸੁਰਾਜ ਗੰਜ : ਗੁਰਦੁਆਰਾ ਗੁਰੂ ਨਾਨਕਪੁਰਾ ਮੁਹੱਲਾ ਸੁਰਾਜ ਗੰਜ ਸ਼ਹੀਦ ਊਧਮ ਸਿੰਘ ਨਗਰ ਵਿਖੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚੱਲੇ, ਜਿਨ੍ਹਾਂ ਦਾ ਹਾਜ਼ਰ ਵੱਡੀ ਸੰਗਤਾਂ ਨੇ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਰਾਜੂ ਚਾਵਲਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਸਮਾਗਮ ਵਿਚ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵੱਲੋਂ ਵੀ ਕੀਰਤਨ ਦੀ ਹਾਜ਼ਰੀ ਭਰੀ ਗਈ।

ਇਹ ਵੀ ਪੜ੍ਹੋ-  ਵਿਦੇਸ਼ੋਂ ਆਏ ਪੁੱਤ ਨੇ ਪਿਓ ਦਾ ਸੁਫ਼ਨਾ ਕੀਤਾ ਪੂਰਾ, ਸਿੱਧਾ ਖੇਤਾਂ 'ਚ ਉਤਾਰਿਆ ਹੈਲੀਕਾਪਟਰ

ਗੁ. ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ : ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਪ੍ਰਕਾਸ਼ ਪੁਰਬ ਸਬੰਧੀ ਭਾਰੀ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਚਰਨਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਕੰਵਲ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਗੁ. ਗੁਲਮੋਹਰ ਸਿਟੀ : ਗੁਰਦੁਆਰਾ ਸਿੰਘ ਸਭਾ ਗੁਲਮੋਹਰ ਸਿਟੀ ਹੁਸ਼ਿਆਰਪੁਰ ਰੋਡ ਵਿਖੇ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠਾਂ ਦੇ ਭੋਗ ਉਪਰੰਤ ਭਾਈ ਵਰੁਣਜੀਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ।

ਗੁ. ਸਲੇਮਪੁਰ ਮੁਸਲਮਾਨਾਂ : ਪ੍ਰਕਾਸ਼ ਪੁਰਬ ਗੁਰਦੁਆਰਾ ਸਲੇਮਪੁਰ ਮੁਸਲਮਾਨਾਂ ਵਿਚ ਸ਼ਰਧਾਪੂਰਵਕ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਗਿਆਨੀ ਅਮਰੀਕ ਸਿੰਘ ਤੇ ਸ਼ਬਦ ਗੁਰੂ ਪ੍ਰਚਾਰ ਜਥਾ ਸੋਹਾਣਾ ਦੇ ਡਾ. ਪਰਮਜੀਤ ਸਿੰਘ ਸੋਹਾਣਾ ਨੇ ਸੰਗਤਾਂ ਨੂੰ ਕਥਾ-ਕੀਰਤਨ ਨਾਲ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੱਜਣ ਸਿੰਘ ਸੰਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। 

ਗੁ. ਗੁਰਦੇਵ ਨਗਰ : ਨਿਰੰਕਾਰੀ ਜੋਤ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਭਾ ਗੁਰਦੇਵ ਨਗਰ ਨੇੜੇ ਦਾਣਾ ਮੰਡੀ ਵਿਚ ਸ਼ਰਧਾਪੂਰਵਕ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਕਥਾਵਾਚਕ ਗੁਰਦੁਆਰਾ ਸ਼ਹੀਦਾਂ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਗੁਰਤੇਜ ਸਿੰਘ ਹਜ਼ੂਰੀ ਰਾਗੀ ਅਤੇ ਭਾਈ ਜਸਬੀਰ ਸਿੰਘ ਹੈੱਡ ਗ੍ਰੰਥੀ ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਜਸਬੀਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News