ਖਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਪੁੱਜਾ ਰਾਜਸਥਾਨ, ਚੋਣਾਂ ਦੌਰਾਨ ਹਮਲੇ ਦੀ ਯੋਜਨਾ

Sunday, Nov 18, 2018 - 08:31 AM (IST)

ਖਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਪੁੱਜਾ ਰਾਜਸਥਾਨ, ਚੋਣਾਂ ਦੌਰਾਨ ਹਮਲੇ ਦੀ ਯੋਜਨਾ

ਨਵੀਂ ਦਿੱਲੀ– ਕਸ਼ਮੀਰ ਦਾ ਇਕ ਖਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਅਾਪਣੇ ਸਾਥੀਅਾਂ ਸਮੇਤ ਰਾਜਸਥਾਨ ਪਹੁੰਚ ਗਿਅਾ ਹੈ। ਸੁਰੱਖਿਅਾ ਏਜੰਸੀਅਾਂ ਦੀ ਮੰਨੀਏ ਤਾਂ ਉਹ ਰਾਜਸਥਾਨ ਵਿਧਾਨ ਸਭਾ ਦੀਅਾਂ ਚੋਣਾਂ ਦਰਮਿਅਾਨ ਕਿਸੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ’ਚ ਭਾਰੀ ਸੁਰੱਖਿਅਾ ਪ੍ਰਬੰਧਾਂ ਨੂੰ ਦੇਖਦਿਅਾਂ ਜ਼ਾਕਿਰ ਮੂਸਾ ਨੇ ਰਾਜਸਥਾਨ ’ਚ ਅਾਪਣਾ ਅੱਡਾ ਬਣਾ ਲਿਅਾ ਹੈ। ਮੰਨਿਅਾ ਜਾਂਦਾ ਹੈ ਕਿ ਸਰਹੱਦ ’ਤੇ ਭਾਰੀ ਸੁਰੱਖਿਅਾ ਕਾਰਨ ਫਿਰੋਜ਼ਪੁਰ ਤੋਂ ਦਿੱਲੀ ਜਾਣ ਦੀ ਬਜਾਏ ਰਾਜਸਥਾਨ ਜਾਣਾ ਸੌਖਾ ਹੈ। ਭਾਰਤ-ਪਾਕਿਸਤਾਨ ਦੀ ਸਰਹੱਦ 553 ਕਿ. ਮੀ. ਤਕ ਫੈਲੀ ਹੋਈ ਹੈ ਜਦਕਿ ਰਾਜਸਥਾਨ ਦੀ ਸਰਹੱਦ 1090 ਕਿਲੋਮੀਟਰ ਲੰਬੀ ਹੈ।

 
ਬੀ. ਐੱਸ. ਐੱਫ. ਨਾਲ ਜੁੜੇ ਸੂਤਰਾਂ ਨੇ ਸ਼ਨੀਵਾਰ ਦੱਸਿਅਾ ਕਿ ਅਧਿਕਾਰੀਅਾਂ ਨੇ ਕਈ ਹੱਦਾਂ ’ਤੇ ਮੂਸਾ ਬਾਰੇ ਹਾਈ ਅਲਰਟ ਜਾਰੀ ਕੀਤਾ ਹੈ। ਇਸ ਸਬੰਧੀ ਖੋਹੀ ਗਈ ਕਾਰ ਦੇ ਨੰਬਰ ਦੇ ਨਾਲ-ਨਾਲ ਉਸ ਦੀ ਤਸਵੀਰ ਵੀ ਭੇਜ ਦਿੱਤੀ ਗਈ ਹੈ। ਜੰਮੂ-ਕਸ਼ਮੀਰ ’ਚ ਸਰਗਰਮ ਜ਼ਾਕਿਰ ਅਾਪਣੇ ਸਾਥੀਅਾਂ ਨਾਲ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਵੇਖਿਅਾ ਗਿਅਾ ਦੱਸਿਅਾ ਜਾਂਦਾ ਹੈ। ਪੰਜਾਬ ਪੁਲਸ ਦੀ ਖੁਫੀਅਾ ਏਜੰਸੀ ਨੇ ਵੀਰਵਾਰ ਚੌਕਸ ਕੀਤਾ ਸੀ ਕਿ ਜੈਸ਼ ਦੇ 6 ਤੋਂ 7 ਅੱਤਵਾਦੀ ਦਿੱਲੀ ਵਲ ਜਾਣ ਦੀਅਾਂ ਸਾਜ਼ਿਸ਼ਾਂ ਰਚ ਰਹੇ ਹਨ, ਜਿਸ ਪਿੱਛੋਂ ਪੰਜਾਬ ਪੁਲਸ ਚੌਕਸ ਹੋ ਗਈ। 
ਮੰਨਿਅਾ ਜਾਂਦਾ ਹੈ ਕਿ ਦਿੱਲੀ ਵੱਲ ਸੁਰੱਖਿਅਾ ਵਧਾਏ ਜਾਣ ਕਾਰਨ ਮੂਸਾ ਫਿਰੋਜ਼ਪੁਰ ਤੋਂ ਰਾਜਸਥਾਨ ਵਲ ਚਲਾ ਗਿਅਾ। ਉਹ ਉਥੇ ਕਿਸੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੁਲਸ ਨੇ ਪੰਜਾਬ ’ਚ ਕਈ ਡਰੱਗ ਸਮਗੱਲਰਾਂ ਦੇ ਟਿਕਾਣਿਅਾਂ ’ਤੇ ਸ਼ਨੀਵਾਰ ਛਾਪੇ ਮਾਰੇ ਕਿਉਂਕਿ ਇਹ ਸ਼ੱਕ ਸੀ ਕਿ ਉਨ੍ਹਾਂ ਦੇ ਅੱਤਵਾਦੀਅਾਂ ਨਾਲ ਸਬੰਧ ਹੋ ਸਕਦੇ ਹਨ।

 
ਪੰਜਾਬ ਦੇ ਕਈ ਇੰਜੀਨੀਅਰਿੰਗ ਕਾਲਜ ਅਤੇ ਉਨ੍ਹਾਂ ਦੇ ਹੋਸਟਲ ਪੁਲਸ ਦੇ ਨਿਸ਼ਾਨੇ ’ਤੇ ਹਨ। ਅਜਿਹੇ ਕਾਲਜਾਂ ਅਤੇ ਹੋਸਟਲਾਂ ਦੀਅਾਂ ਸਰਗਰਮੀਅਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ  ਪੁਲਸ ਨੇ ਪਠਾਨਕੋਟ ਨੇੜੇ 4 ਵਿਅਕਤੀਅਾਂ ਕੋਲੋਂ   ਖੋਹੀ ਗਈ ਕਾਰ ਅਤੇ ਮੂਸਾ ਨਾਲ ਸਬੰਧਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪਠਾਨਕੋਟ ਅਤੇ ਅੰਮ੍ਰਿਤਸਰ ਦੋਵੇਂ ਵੱਖ-ਵੱਖ ਸ਼ਹਿਰ ਹਨ ਅਤੇ ਦੋਵੇਂ ਘਟਨਾਵਾਂ ਵੀ ਵੱਖ-ਵੱਖ ਹਨ। ਅਾਮ ਅਪਰਾਧ ਨੂੰ ਅੱਤਵਾਦ ਨਾਲ ਨਹੀਂ ਜੋੜਿਅਾ ਜਾਣਾ ਚਾਹੀਦਾ।


Related News