ਪੰਜਾਬ ''ਚ ਖਾਲਿਸਤਾਨੀ ਅੱਤਵਾਦ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਅੱਤਵਾਦੀ ਸੰਗਠਨ

Monday, May 25, 2020 - 12:03 PM (IST)

ਪੰਜਾਬ ''ਚ ਖਾਲਿਸਤਾਨੀ ਅੱਤਵਾਦ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਅੱਤਵਾਦੀ ਸੰਗਠਨ

ਗੁਰਦਾਸਪੁਰ (ਹਰਮਨ)— ਪਿਛਲੇ ਕਰੀਬ ਇਕ ਸਾਲ ਦੌਰਾਨ ਪੰਜਾਬ ਅੰਦਰ ਵਾਪਰੀਆਂ ਕਈ ਘਟਨਾਵਾਂ ਅਤੇ ਹਥਿਆਰਾਂ ਦੀਆਂ ਮਿਲੀਆਂ ਖੇਪਾਂ ਕਾਰਨ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਪਾਕਿਸਤਾਨ 'ਚ ਬੈਠੇ ਅੱਤਵਾਦੀ ਸੰਗਠਨ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਨੂੰ ਪਾਕਿਸਤਾਨ ਦੀਆਂ ਸਾਜਿਸ਼ਾਂ ਨੂੰ ਅਸਫਲ ਬਣਾਉਣ ਲਈ ਹੋਰ ਚੌਕਸ ਹੋਣ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ 10 ਅਪ੍ਰੈਲ ਨੂੰ ਪੰਜਾਬ ਪੁਲਸ ਨੇ ਖਾਲਿਸਤਾਨੀ ਲੀਡਰ ਅਤੇ ਸਿੱਖਜ਼ ਫਾਰ ਜਸਟਿਸ ਨਾਲ ਸਬੰਧਤ ਗੁਰਪਤਵੰਤ ਸਿੰਘ ਪੰਨੂੰ ਖਿਲਾਫ ਦੋ ਮਾਮਲੇ ਦਰਜ ਕੀਤੇ ਸਨ। ਖੂਫੀਆ ਏਜੰਸੀਆਂ ਨੂੰ ਇਹ ਸੂਚਨਾ ਮਿਲੀ ਸੀ ਕਿ ਪੰਨੂੰ ਵੱਲੋਂ ਵਾਇਸ ਮੈਸੇਜਾਂ ਅਤੇ ਕਾਲਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਭੜਕਾ ਕੇ ਇਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੋਂ ਤਕ ਕਿ ਹੁਣ ਜਦੋਂ ਤੋਂ ਕੋਰੋਨਾ ਵਾਇਰਸ ਦਾ ਖਤਰਾ ਵਧਿਆ ਹੈ, ਉਸ ਦੇ ਬਾਅਦ ਵੀ ਪੰਨੂੰ ਅਤੇ ਉਸ ਦੇ ਸਾਥੀਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਰੋਧੀ ਕੋਸ਼ਿਸ਼ਾਂ ਕੀਤੀਆਂ ਅਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਜਾਰੀ ਰੱਖੀ ਹੋਈ ਹੈ।

ਸਿੱਖਜ਼ ਫਾਰ ਜਸਟਿਸ ਦੀਆਂ ਗਤੀਵਿਧੀਆਂ 'ਤੇ ਅੱਖ ਰੱਖ ਰਿਹੈ ਕੇਂਦਰੀ ਗ੍ਰਹਿ ਮੰਤਰਾਲਾ
ਪੰਨੂੰ ਸਿੱਖਜ਼ ਫਾਰ ਜਸਟਿਸ ਦਾ ਕਾਨੂੰਨੀ ਸਲਾਹਕਾਰ ਅਤੇ ਮੁੱਖ ਚਿਹਰਾ ਹੈ, ਜਿਸ ਦੀਆਂ ਸਰਗਰਮੀਆਂ 'ਤੇ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਕਾਰਨ ਭਾਰਤ ਨੂੰ ਪਤਾ ਲੱਗਾ ਸੀ ਕਿ ਉਕਤ ਜਥੇਬੰਦੀ ਵੱਲੋਂ ਟੀਮ-2020 ਦੇ ਨਾਂ ਹੇਠ ਰਜਿਸਟ੍ਰੇਸ਼ਨ ਵੀ ਸ਼ੁਰੂ ਕੀਤੀ ਸੀ। ਇਸੇ ਸੰਗਠਨ ਨੇ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖਾਂ ਨੂੰ ਯਾਤਰਾ ਦੇ ਖਰਚਿਆਂ ਦੀ ਅਦਾਇਗੀ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ। ਇਸੇ ਦੌਰਾਨ ਇਸ ਸੰਗਠਨ ਨੇ ਐਲਾਨ ਵੀ ਕੀਤਾ ਸੀ ਕਿ ਉਕਤ ਸੰਗਠਨ ਨਵੰਬਰ 2019 'ਚ ਪਾਕਿਸਤਾਨ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾਣ ਵਾਲੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੌਰਾਨ 10 ਹਜ਼ਾਰ ਭਾਰਤੀ ਸਿੱਖਾਂ ਨੂੰ ਸਪਾਂਸਰ ਕਰੇਗਾ। ਇਸ ਸੰਗਠਨ ਦੇ ਅਜਿਹੇ ਕਈ ਦਾਅਵੇ ਅਤੇ ਲਾਲਚ ਦੇਣ ਦੀਆਂ ਕੋਸ਼ਿਸ਼ਾਂ ਸਿੱਧੇ ਰੂਪ 'ਚ ਭਾਰਤ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਤ ਕਰ ਰਿਹਾ ਹੈ।

ਕਈ ਅੱਤਵਾਦੀ ਸਰਗਰਮੀਆਂ ਦਾ ਹੋ ਚੁੱਕੈ ਖੁਲਾਸਾ
ਇਸ ਸੰਗਠਨ ਦੀਆਂ ਹੋਰ ਵੀ ਕਈ ਅਜਿਹੀਆਂ ਸਰਗਰਮੀਆਂ ਸਾਹਮਣੇ ਆਉਣ ਕਾਰਨ ਨੂੰ 18 ਮਾਰਚ 2020 ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 9 ਅੱਤਵਾਦੀਆਂ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਸੀ। ਇਨ੍ਹਾਂ 'ਚੋਂ 4 ਅੱਤਵਾਦੀਆਂ ਖਿਲਾਫ ਅਕਤੂਬਰ 2019 ਦੌਰਾਨ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਚੋਹਲਾ ਸਾਹਿਬ ਨੇੜਿਓਂ ਭਾਰੀ ਮਾਤਰਾ 'ਚ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਸੀ। ਐੱਨ. ਆਈ. ਏ. ਵੱਲੋਂ ਪੇਸ਼ ਕੀਤੀ ਗਈ ਉਸ ਚਾਰਜ ਸ਼ੀਟ ਅਨੁਸਾਰ ਇਨ੍ਹਾਂ ਅੱਤਵਾਦੀਆਂ ਨੂੰ ਇਹ ਹਥਿਆਰ ਅਤੇ ਸਮੱਗਰੀ ਅਗਸਤ ਅਤੇ ਸਤੰਬਰ 2019 ਨੂੰ 8 ਡਰੋਨਾਂ ਦੀ ਮਦਦ ਨਾਲ ਪਾਕਿਸਤਾਨ ਤੋਂ ਭੇਜੀ ਗਈ ਸੀ ਤਾਂ ਜੋ ਪੰਜਾਬ 'ਚ ਮੁੜ ਤੋਂ ਅੱਤਵਾਦ ਸ਼ੁਰੂ ਕੀਤਾ ਜਾ ਸਕੇ। ਐੱਨ. ਆਈ. ਏ. ਨੇ 2019 'ਚ ਤਿੰਨ ਹੋਰ ਮਾਮਲੇ ਦਰਜ ਕੀਤੇ ਸਨ, ਜਿਨਾਂ 'ਚ ਪਾਕਿਸਤਾਨ ਦੀ ਭਾਰਤ ਵਿਰੋਧੀ ਸਰਗਰਮੀਆਂ 'ਚ ਸ਼ਮੂਲੀਅਤ ਦਾ ਮਾਮਲਾ ਸਾਹਮਣੇ ਆਇਆ ਸੀ।

PunjabKesari

ਇਨ੍ਹਾਂ ਮਾਮਲਿਆਂ 'ਚ ਇਕ ਮਾਮਲਾ ਅਟਾਰੀ ਅੰਮ੍ਰਿਤਸਰ 'ਚ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਣ ਨਾਲ ਸਬੰਧਤ ਸੀ ਜਦੋਂ ਕਿ ਦੂਜਾ ਮਾਮਲਾ ਅਟਾਰੀ ਵਾਹਘਾ ਬਾਰਡਰ 'ਤੇ 29 ਜੂਨ ਨੂੰ 532 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਣ ਨਾਲ ਸਬੰਧਤ ਸੀ। ਤੀਜਾ ਮਾਮਲਾ 4 ਸਤੰਬਰ ਨੂੰ ਤਰਨਤਾਰਨ ਵਿਚ ਹੋਏ ਧਮਾਕੇ ਨਾਲ ਸਬੰਧਤ ਸੀ। ਇਸੇ ਤਰ੍ਹਾਂ ਐੱਨ. ਆਈ. ਏ. ਨੇ ਪਿਛਲੇ ਸਾਲ ਜੂਨ 2019 ਨੂੰ 4 ਸ਼ੱਕੀ ਵਿਅਕਤੀਆਂ ਖਿਲਾਫ ਪੰਜਾਬ ਅੰਦਰ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਹੇਠ ਇਕ ਹੋਰ ਮਾਮਲਾ ਦਰਜ ਕੀਤਾ ਸੀ। ਅਜਿਹੇ ਹੋਰ ਵੀ ਕਈ ਮਾਮਲੇ ਅਤੇ ਕੋਸ਼ਿਸ਼ਾਂ ਸਾਹਮਣੇ ਆਉਣ ਦੇ ਬਾਵਜੂਦ ਪੰਜਾਬ ਦੀ ਪੁਲਿਸ ਅਤੇ ਹੋਰ ਖੂਫੀਆ ਏਜੰਸੀਆਂ ਨੇ ਉਕਤ ਅੱਤਵਾਦੀ ਸੰਗਠਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਅੱਤਵਾਦੀ ਸਰਗਰਮੀਆਂ ਚਲਾਉਣ ਦੇ ਨਾਲ-ਨਾਲ ਪਾਕਿਸਤਾਨ 'ਚ ਬੈਠੇ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਅਤੇ ਭਾਰਤ 'ਚ ਨਸ਼ਾ ਫੈਲਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀ ਜਾ ਰਹੀਆਂ ਹਨ। ਜਿਸ ਤਹਿਤ ਹੁਣ ਤੱਕ ਨਸ਼ੀਲੇ ਪਦਾਰਥਾਂ ਦੀਆਂ ਵੀ ਕਈ ਖੇਪਾਂ ਫੜੀਆਂ ਜਾ ਚੁੱਕੀਆਂ ਹਨ।

ਚੌਕਸੀ ਦੇ ਬਾਵਜੂਦ ਕਈ ਵਾਰਦਾਤਾਂ
ਦੂਜੇ ਪਾਸੇ ਪੁਲਸ ਅਤੇ ਏਜੰਸੀਆਂ ਦੀ ਚੌਕਸੀ ਦੇ ਬਾਵਜੂਦ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੀਆਂ ਮਿਸਾਲਾਂ ਫਰਵਰੀ ਮਹੀਨੇ ਧਾਰੀਵਾਲ 'ਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਹੋਏ ਹਮਲੇ ਅਤੇ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਦਫਤਰ ਬਾਹਰ ਹੋਈ ਫਾਇਰਿੰਗ ਤੋਂ ਇਲਾਵਾ ਮਾਰਚ ਮਹੀਨੇ ਖੰਨਾ 'ਚ ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਤੋਂ ਮਿਲਦੀ ਹੈ। ਇਸ ਦੇ ਬਾਅਦ ਪੁਲਸ ਨੇ ਅਜਿਹੀਆਂ ਹੋਰ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਕਈ ਆਗੂਆਂ ਦੀ ਸਕਿਓਰਿਟੀ 'ਚ ਹੋਰ ਵਾਧਾ ਕੀਤਾ ਹੈ।

ਕਈ ਗੈਰ ਸਿੱਖ ਅੱਤਵਾਦੀ ਸੰਗਠਨ ਵੀ ਜੁੜੇ
ਵੱਖ-ਵੱਖ ਰਿਪੋਰਟਾਂ ਅਨੁਸਾਰ ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹਦੀਨ ਅਤੇ ਕਈ ਖਾਲਿਸਤਾਨੀ ਅੱਤਵਾਦੀ ਹੁਣ ਵੀ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਨਵੇਂ ਲੋਕਾਂ ਤਕ ਸੰਪਰਕ ਬਣਾਉਣ ਦੀ ਕੋਸ਼ਿਸ਼ ਵਿਚ ਹਨ। ਇਸੇ ਕਾਰਨ ਪਿਛਲੇ ਦਿਨੀਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਕ ਜੇਹਾਦੀ ਸੰਗਠਨ ਨੇ ਡਰੋਨ ਰਾਹੀਂ ਅਸਲਾ ਤੇ ਹੋਰ ਸਮਾਨ ਭੇਜਣ ਲਈ ਆਪਣੀ ਤਕਨੀਕ ਖਾਸਿਲਤਾਨੀ ਅੱਤਵਾਦੀਆਂ ਨਾਲ ਸਾਂਝੀ ਕੀਤੀ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਨਤਕ ਤੌਰ 'ਤੇ ਅਤੇ ਵਿਧਾਨ ਸਭਾ ਵਿਚ ਪਾਕਿਸਤਾਨ ਬੈਠੇ ਖਾਲਿਸਤਾਨੀ ਅੱਤਵਾਦੀਆਂ ਦੀ ਨੀਅਤ ਅਤੇ ਸਰਗਰਮੀਆਂ 'ਤੇ ਕਈ ਸਵਾਲ ਉਠਾ ਚੁੱਕੇ ਹਨ ਅਤੇ ਨਾਲ ਹੀ ਸਖਤ ਸ਼ਬਦਾਂ 'ਚ ਤਾੜਨਾ ਕਰ ਚੁੱਕੇ ਹਨ ਕਿ ਕਿਸੇ ਵੀ ਕੀਮਤ 'ਤੇ ਪੰਜਾਬ ਅੰਦਰ ਅਜਿਹੇ ਸੰਗਠਨਾਂ ਨੂੰ ਸਿਰ ਨਹੀਂ ਚੁੱਕਣ ਦੇਣਗੇ। ਇਸ ਦੇ ਨਾਲ ਹੀ ਕੇਂਦਰ ਦੀਆਂ ਏਜੰਸੀਆਂ ਵੀ ਅਜਿਹੀਆਂ ਦੇਸ਼ ਵਿਰੋਧੀ ਗਤੀਵਿਧੀਆਂ 'ਤੇ ਨਿਰੰਤਰ ਅੱਖ ਰੱਖ ਰਹੀਆਂ ਹਨ। ਪਰ ਜਿਸ ਢੰਗ ਨਾਲ ਇਹ ਸੰਗਠਨ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਈ ਹਥਕੰਡੇ ਅਪਣਾ ਰਹੇ ਹਨ, ਉਨ੍ਹਾਂ ਅਨੁਸਾਰ ਕੇਂਦਰ ਸਰਕਾਰ ਅਤੇ ਪੰਜਾਬ ਨੂੰ ਹੋਰ ਚੌਕਸ ਹੋਣ ਦੀ ਲੋੜ ਹੈ।


author

shivani attri

Content Editor

Related News