ਅੱਤਵਾਦੀ ਹਮਲਾ : ਜੰਮੂ ਤੋਂ ਸਹੀ ਸਲਾਮਤ ਅਬੋਹਰ ਪੁੱਜੇ ਸੰਜੀਵ ਚਰਾਇਆ
Thursday, Nov 21, 2019 - 12:38 PM (IST)

ਅਬੋਹਰ (ਸੁਨੀਲ) - 16 ਅਕਤੂਬਰ ਨੂੰ ਜੰਮੂ-ਕਸ਼ਮੀਰ ’ਚ ਅਬੋਹਰ ਤੋਂ ਸੇਬਾਂ ਦੀ ਖਰੀਦ ਕਰਨ ਗਏ 2 ਲੋਕਾਂ ’ਤੇ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ’ਚ ਅਬੋਹਰ ਦੀ ਗੋਬਿੰਦ ਨਗਰੀ ਵਾਸੀ ਸੰਜੀਵ ਚਰਾਇਆ ਉਰਫ ਸੰਜੂ ਬੁਰੀ ਤਰ੍ਹਾਂ ਫੱਟਡ਼ ਹੋ ਗਏ ਸਨ, ਜਦਕਿ ਸੀਡ ਫਾਰਮ ਰੋਡ ਵਾਸੀ ਚਰਨਜੀਤ ਚੰਨਾ ਦੀ ਮੌਤ ਹੋ ਗਈ ਸੀ। ਲਗਭਗ ਇਕ ਮਹੀਨੇ ਤੱਕ ਸੰਜੂ ਦਾ ਜੰਮੂ ਦੇ ਹਸਪਤਾਲ ’ਚ ਇਲਾਜ ਚਲਿਆ ਅਤੇ ਹੁਣ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ। ਛੁੱਟੀ ਮਿਲਣ ਤੋਂ ਬਾਅਦ ਅਬੋਹਰ ਪਰਤੇ ਸੰਜੂ ਨੂੰ ਵੇਖ ਕੇ ਉਸ ਦੇ ਪਰਿਵਾਰ ਵਾਲਿਆਂ ਨੇ ਰਾਹਤ ਦੀ ਸਾਹ ਲਈ।
ਬੀਤੇ ਦਿਨੀਂ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਪ੍ਰਧਾਨ ਰਾਜੂ ਚਰਾਇਆ ਨੇ ਵੀ ਕੰਡੇ ਵਾਲੀ ਗਲੀ ਸਥਿਤ ਸੰਜੀਵ ਚਰਾਇਆ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਜੰਮੂ ’ਚ ਅੱਤਵਾਦੀਆਂ ਦੀ ਕਾਇਰਾਨਾ ਹਰਕਤ ਦੀ ਨਿੰਦਾ ਕੀਤੀ। ਉਧਰ, ਘਟਨਾ ਦੀ ਹੱਡਬੀਤੀ ਸੁਣਾਉਂਦੇ ਹੋਏ ਸੰਜੀਵ ਚਰਾਇਆ ਨੇ ਦੱਸਿਆ ਕਿ ਉਹ ਲੋਕ ਟਰੱਕ ’ਚ ਸੇਬ ਲੋਡ ਕਰਵਾ ਰਹੇ ਸੀ। ਤਦ ਹੀ ਕੁਝ ਲੋਕ ਉਸ ਕੋਲ ਆਏ ਅਤੇ ਬੋਲੇ ਜਿਹਡ਼ੇ ਸੇਬ ਟੈਂਪੂ ’ਚ ਰੱਖੇ ਹਨ, ਉਸ ਨੂੰ ਉਹ ਖਾਲੀ ਕਰ ਦੇਣ। ਜਦ ਉਹ ਖਾਲੀ ਕਰਨ ਲਈ ਟੈਂਪੂ ਵੱਲ ਗਿਆ ਤਾਂ ਅੱਤਵਾਦੀਆਂ ਨੇ ਟਰੱਕ ’ਤੇ ਤੇਲ ਛਿਡ਼ਕ ਕੇ ਅੱਗ ਲਾ ਦਿੱਤੀ ਅਤੇ ਉਸ ਦੀ ਪਿੱਠ ’ਤੇ ਫਾਇਰ ਕਰ ਦਿੱਤੇ। 2 ਗੋਲੀਆਂ ਉਸ ਦੀ ਪਿੱਠ ’ਚ ਲੱਗੀਆਂ ਅਤੇ ਇਕ ਹੱਥ ਦੇ ਆਰ-ਪਾਰ ਹੋ ਗਈ। ਦੂਜੇ ਪਾਸੇ ਅੱਤਵਾਦੀਆਂ ਨੇ ਚੰਨਾ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਉਥੇ ਹੀ ਸੰਜੀਵ ਦੇ ਨਾਲ ਇਲਾਜ ਦੌਰਾਮ ਜੰਮੂ ਰਹੇ ਉਨ੍ਹਾਂ ਦੇ ਜੀਜਾ ਰਿਸ਼ੂ ਡੋਡਾ ਨੇ ਦੱਸਿਆ ਕਿ ਉਥੋਂ ਦੇ ਲੋਕ ਅਤੇ ਡਾਕਟਰ ਚੰਗੇ ਹਨ। ਉਨ੍ਹਾਂ ਸੰਜੀਵ ਦੀ ਖੂਬ ਦੇਖਭਾਲ ਕੀਤੀ, ਜਿਸ ਦੀ ਬਦੌਲਤ ਅੱਜ ਸੰਜੀਵ ਘਰ ਪਰਤਿਆ ਹੈ।