ਲੁਧਿਆਣਾ 'ਚ ਬੇਦਰਦ ਕਤਲ ਨਾਲ ਦਹਿਸ਼ਤ: ਨਹੀਂ ਹੋ ਸਕੀ ਮ੍ਰਿਤਕ ਦੀ ਪਛਾਣ, ਸਿਰ ਲੱਭ ਰਹੀ ਪੁਲਸ

Friday, Jul 07, 2023 - 03:37 PM (IST)

ਲੁਧਿਆਣਾ 'ਚ ਬੇਦਰਦ ਕਤਲ ਨਾਲ ਦਹਿਸ਼ਤ: ਨਹੀਂ ਹੋ ਸਕੀ ਮ੍ਰਿਤਕ ਦੀ ਪਛਾਣ, ਸਿਰ ਲੱਭ ਰਹੀ ਪੁਲਸ

ਲੁਧਿਆਣਾ (ਰਾਜ/ਬੇਰੀ) : ਤਾਜਪੁਰ ਰੋਡ ਸਥਿਤ ਆਦਰਸ਼ ਨਗਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਇਲਾਕੇ ’ਚ ਪਏ ਮਿਲੇ ਬੋਰੇ ’ਚ ਲਾਸ਼ ਮਿਲੀ। ਇਹ ਦੇਖ ਕੇ ਲੋਕ ਡਰ ਗਏ। ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਏ. ਡੀ. ਸੀ. ਪੀ. ਤੁਸ਼ਾਰ ਗੁਪਤਾ, ਏ. ਸੀ. ਪੀ. ਗੁਰਦੇਵ ਸਿੰਘ, ਥਾਣਾ ਡਿਵੀਜ਼ਨ ਨੰ. 7 ਦੇ ਨਾਲ ਫੋਰੈਂਸਿਕ ਟੀਮ, ਸੀ. ਆਈ. ਏੇ.-2 ਅਤੇ 3 ਦੀ ਪੁਲਸ ਮੌਕੇ ’ਤੇ ਪੁੱਜ ਗਈ। ਹੈਰਾਨੀ ਉਦੋਂ ਹੋਈ ਜਦੋਂ ਪੁਲਸ ਨੇ ਬੋਰੇ ਨੂੰ ਖੋਲ੍ਹਿਆ ਤਾਂ ਅੰਦਰ ਸਿਰਫ ਧੜ ਹੀ ਸੀ। ਉਸ ਦਾ ਸਿਰ ਗਾਇਬ ਸੀ। ਹੁਣ ਪੁਲਸ ਸਿਰ ਨੂੰ ਲੱਭ ਰਹੀ ਹੈ ਕਿਉਂਕਿ ਜਦੋਂ ਤੱਕ ਸਿਰ ਨਹੀਂ ਮਿਲੇਗਾ, ਉਦੋਂ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੇਗੀ। ਉਸ ਦੀ ਪਛਾਣ ਤੋਂ ਬਾਅਦ ਹੀ ਪੁਲਸ ਦੀ ਜਾਂਚ ਅੱਗੇ ਵਧ ਸਕੇਗੀ। ਹਾਲ ਦੀ ਘੜੀ ਪੁਲਸ ਨੇ ਬਿਨਾਂ ਸਿਰ ਵਾਲੀ ਲਾਸ਼ ਨੂੰ ਕਬਜ਼ੇ ’ਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਆਦਰਸ਼ ਨਗਰ ਦੀ ਗਲੀ ਨੰ. 8 ’ਚ ਸਵੇਰ ਕਰੀਬ 11 ਵਜੇ ਖੰਭੇ ਕੋਲ ਇਕ ਬੋਰਾ ਪਿਆ ਹੋਇਆ ਸੀ, ਜਿਸ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ। ਕੂੜਾ ਚੁੱਕਣ ਵਾਲਾ ਉੱਥੋਂ ਗੁਜ਼ਰ ਰਿਹਾ ਸੀ। ਉਸ ਨੇ ਬੋਰਾ ਪਿਆ ਦੇਖਿਆ ਤਾਂ ਉਹ ਉਸ ’ਚ ਕੂੜਾ ਸਮਝ ਕੇ ਉਕਤ ਨੌਜਵਾਨ ਨੇ ਖੋਲ੍ਹਣਾ ਸ਼ੁਰੂ ਕੀਤਾ। ਜਦੋਂ ਉਸ ਨੇ ਥੋੜ੍ਹਾ ਜਿਹਾ ਬੋਰਾ ਖੋਲ੍ਹਿਆ ਤਾਂ ਅੰਦਰ ਲਾਸ਼ ਦੇਖ ਕੇ ਡਰ ਗਿਆ ਅਤੇ ਰੌਲਾ ਪਾ ਕੇ ਮੁਹੱਲੇ ਵਾਲਿਆਂ ਨੂੰ ਇਕੱਠਾ ਕੀਤਾ। ਲਾਸ਼ ਦੇਖ ਕੇ ਇਲਾਕੇ ’ਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਸਾਰੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਬੋਰੀ ਖੋਲ੍ਹਣ ’ਤੇ ਪਤਾ ਲੱਗਾ ਕਿ ਲਾਸ਼ ਦਾ ਸਿਰ ਹੀ ਨਹੀਂ ਹੈ। ਪੁਲਸ ਵਲੋਂ ਚੈੱਕ ਕਰਨ ’ਤੇ ਪਤਾ ਲੱਗਾ ਕਿ ਲਾਸ਼ ਪੁਰਾਣੀ ਲੱਗ ਰਹੀ ਹੈ।

PunjabKesari

ਇਹ ਵੀ ਸਾਫ ਪਤਾ ਲੱਗ ਰਿਹਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਕਤਲ ਤੋਂ ਬਾਅਦ ਸਿਰ ਨੂੰ ਧੜ ਤੋਂ ਵੱਖ ਕੀਤਾ ਗਿਆ ਹੈ। ਉਸ ਦੀ ਪਛਾਣ ਲਈ ਪੁਲਸ ਆਸ-ਪਾਸ ਦੇ ਇਲਾਕਿਆਂ ਵਿਚ ਜਾ ਕੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਗੁੰਮਸ਼ੁਦਾ ਲੋਕਾਂ ਸਬੰਧੀ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਨੇ ਧੜ ਦੇ ਹੁਲੀਏ ਮੁਤਾਬਕ ਸੂਚਨਾ ਬਾਕੀ ਪੁਲਸ ਥਾਣਿਆਂ ’ਚ ਭੇਜੀ ਹੈ ਤਾਂ ਕਿ ਕੁਝ ਪਤਾ ਲੱਗ ਸਕੇ।

ਬੋਰੇ ’ਚ ਬੰਦ ਕਰ ਕੇ ਕਾਲੇ ਰੰਗ ਦਾ ਪਲਾਸਟਿਕ ਦਾ ਲਿਫਾਫਾ ਕੀਤਾ ਹੋਇਆ ਸੀ ਰੈਪ
ਮੁਲਜ਼ਮਾਂ ਨੇ ਲਾਸ਼ ਕਾਲੇ ਰੰਗ ਦੇ ਲਿਫਾਫੇ ਨਾਲ ਢਕੀ ਹੋਈ ਸੀ। ਇਸ ਤੋਂ ਬਾਅਦ ਉਸ ’ਤੇ ਖਾਕੀ ਰੰਗ ਦੀ ਟੇਪ ਰੈਪ ਕੀਤੀ ਹੋਈ ਸੀ। ਫਿਰ ਉਸ ’ਤੇ ਸਫੇਦ ਲਿਫਾਫਾ ਰੈਪ ਕੀਤਾ ਸੀ। ਫਿਰ ਉਸ ਉੱਪਰ ਕੰਬਲ ਪਾ ਕੇ ਢਕ ਦਿੱਤਾ ਸੀ ਅਤੇ ਉਸ ਨੂੰ ਸੁੱਟ ਦਿੱਤਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਪਛਾਣ ਲੁਕੋਣ ਲਈ ਹੀ ਉਸ ਦਾ ਸਿਰ ਧੜ ਤੋਂ ਵੱਖ ਕੀਤਾ ਗਿਆ ਹੈ।

ਸੀ. ਸੀ. ਟੀ. ਵੀ. ਕੈਮਰੇ ’ਚ ਨਜ਼ਰ ਆਏ ਐਕਟਿਵਾ ਸਵਾਰ 2 ਵਿਅਕਤੀ
ਪੁਲਸ ਨੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਮਿਲੀ, ਜਿਸ ’ਚ 2 ਐਕਟਿਵਾ ਸਵਾਰ ਲੋਕ ਨਜ਼ਰ ਆ ਰਹੇ ਹਨ, ਜੋ ਤੜਕੇ ਕਰੀਬ 4 ਵਜੇ ਇਲਾਕੇ ’ਚ ਘੁੰਮ ਰਹੇ ਸਨ, ਜਿਨ੍ਹਾਂ ਨੇ ਬੋਰਾ ਗਲੀ ’ਚ ਸੁੱਟਿਆ ਸੀ। ਹਾਲਾਂਕਿ ਫੁਟੇਜ ’ਚ ਕੁਝ ਸਾਫ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਐਕਟਿਵਾ ਦੀ ਹੈੱਡ ਲਾਈਂ ਜਗੀ ਹੋਣ ਕਾਰਨ ਸਾਹਮਣਿਓਂ ਕੁਝ ਨਜ਼ਰ ਨਹੀਂ ਆਇਆ। ਪੁਲਸ ਹੋਰਨਾਂ ਥਾਵਾਂ ’ਤੇ ਵੀ ਕੜੀ ਨਾਲ ਕੜੀ ਜੋੜ ਕੇ ਫੁਟੇਜ ਚੈੱਕ ਕਰ ਰਹੀ ਹੈ। 

PunjabKesari

ਸਵੇਰੇ ਬੋਰੀ ਪਈ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁੱਜਣ ’ਤੇ ਪਤਾ ਲੱਗਾ ਕਿ ਬਿਨਾਂ ਸਿਰ ਦੇ ਧੜ ਹੈ। ਉਸ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿਖੇ ਰੱਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਉਸ ਦੀ ਪਛਾਣ ਹੋਣ ਤੋਂ ਬਾਅਦ ਹੀ ਜਾਂਚ ਅੱਗੇ ਵਧ ਸਕੇਗੀ। ਹਾਲ ਦੀ ਘੜੀ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਕੀਤੇ ਜਾ ਰਹੇ ਹਨ। ਸ਼ਾਇਦ ਕੋਈ ਸੁਰਾਗ ਹੱਥ ਲੱਗ ਸਕੇ।
-ਗੁਰਦੇਵ ਸਿੰਘ, ਏ. ਸੀ. ਪੀ. (ਪੂਰਬੀ) ਲੁਧਿਆਣਾ।


 


author

Anuradha

Content Editor

Related News