ਅਜਨਾਲਾ ਦੇ ਸਟੇਟ ਬੈਂਕ ਆਫ ਇੰਡੀਆ ’ਚ ਲੱਗੀ ਭਿਆਨਕ ਅੱਗ, ਜ਼ਰੂਰੀ ਕਾਗਜ਼ਾਤ ਤੇ ਕੰਪਿਊਟਰ ਸੜੇ
Friday, Aug 27, 2021 - 11:10 PM (IST)
ਅਜਨਾਲਾ (ਗੁਰਜੰਟ)-ਅਜਨਾਲਾ ਦੇ ਸਟੇਟ ਬੈਂਕ ਆਫ਼ ਇੰਡੀਆ ’ਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਤਕਰੀਬਨ ਰਾਤ 8 ਤੋਂ ਸਾਢੇ 8 ਵਜੇ ਬੈਂਕ ਦੇ ਪਹਿਲੇ ਫਲੋਰ ’ਤੇ ਲੋਨ ਸੈਕਸ਼ਨ ’ਚ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ ਥੱਲੇ ਕੰਮ ਕਰ ਰਹੇ ਦੋ ਕਰਮਚਾਰੀਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਮੰਗਵਾਈ ਅਤੇ ਇਸ ਘਟਨਾ ਦਾ ਪਤਾ ਲੱਗਣ ’ਤੇ ਅਜਨਾਲਾ ਤੋਂ ਬੀ.ਐੱਸ.ਐੱਫ. ਦੇ ਅਧਿਕਾਰੀ ਵੀ ਆਪਣੇ ਵਾਟਰ ਟੈਂਕ ਲੈ ਕੇ ਘਟਨਾ ਸਥਾਨ ਵਾਲੀ ਥਾਂ ’ਤੇ ਪਹੁੰਚੇ, ਜਿਸ ਦੌਰਾਨ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਬੈਂਕ ਦੇ ਅੰਦਰ ਧੂੰਆਂ ਜ਼ਿਆਦਾ ਹੋਣ ਕਰਕੇ ਸ਼ੀਸ਼ੇ ਤੋੜ ਕੇ ਧੂੰਆਂ ਬਾਹਰ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਾਜਪਾਲ ਨੂੰ ਮਿਲਿਆ ‘ਆਪ’ ਦਾ ਵਫ਼ਦ, ਕੈਪਟਨ ਸਰਕਾਰ ਦਾ ਫਲੋਰ ਟੈਸਟ ਕਰਵਾਉਣ ਦੀ ਕੀਤੀ ਮੰਗ
ਇਸ ਦੌਰਾਨ ਜ਼ਰੂਰੀ ਕਾਗਜ਼ਾਤ, ਕੰਪਿਊਟਰ ਅਤੇ ਕੁਝ ਫਰਨੀਚਰ ਆਦਿ ਸੜਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਸਬੰਧੀ ਮੌਕੇ ’ਤੇ ਪਹੁੰਚੇ ਪੁਲਸ ਚੌਕੀ ਅਜਨਾਲਾ ਸਿਟੀ ਦੇ ਇੰਚਾਰਜ ਸੁਖਜੀਤ ਸਿੰਘ ਬਾਬਾ ਨੂੰ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਅੰਦਰ ਧੂੰਆਂ ਬਹੁਤ ਜ਼ਿਆਦਾ ਹੋਣ ਕਰਕੇ ਅਜੇ ਨੁਕਸਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਅੱਗ ਲੱਗਣ ਦੇ ਕਿਸੇ ਕਾਰਨ ਦਾ ਕੋਈ ਪਤਾ ਲੱਗ ਸਕਿਆ ਹੈ।