ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
Saturday, Jan 14, 2023 - 10:21 PM (IST)
ਤਰਸਿੱਕਾ/ਮੱਤੇਵਾਲ (ਵਿਨੋਦ, ਕੁਲਵਿੰਦਰ)-ਆਪਣੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਤਿੰਨ ਨੌਜਵਾਨਾਂ ’ਚੋਂ ਦੋ ਦੀ ਸੜਕ ਹਾਦਸੇ ’ਚ ਮੌਤ, ਜਦਕਿ ਤੀਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਦੁੱਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਅੰਮ੍ਰਿਤਸਰ ਵੱਲੋਂ 3 ਨੌਜਵਾਨ ਮੋਟਰਸਾਈਕਲ ਸਵਾਰ ਪੀ ਬੀ 02 ਸੀ ਬੀ 1435 ’ਤੇ ਫਤਿਹਪੁਰ ਰਾਜਪੂਤਾਂ ਤੋਂ ਆਪਣੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਪਰਤ ਰਹੇ ਸਨ ਕਿ ਅੱਡਾ ਡੱਡੂਆਣਾ ਦੇ ਨੇੜੇ ਲੱਕੜ ਆਰੇ ਦੇ ਸਾਹਮਣੇ ਤੇਜ਼ ਰਫ਼ਤਾਰ ਆ ਰਹੀ ਮਹਿੰਦਰਾ ਕਾਰ ਨੰਬਰ ਪੀ ਬੀ 02 ਡੀ ਬੀ 372, ਜੋ ਅੰਮ੍ਰਿਤਸਰ ਨੂੰ ਜਾ ਰਹੀ ਸੀ, ਨਾਲ ਟੱਕਰ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਚੱਲਦੀ ਬੱਸ ’ਚ ਵਿਦਿਆਰਥਣ ਨੂੰ ਮਾਰੀ ਗੋਲ਼ੀ, ਹੋਇਆ ਫਰਾਰ
ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ’ਚੋਂ ਜੋਬਨਪ੍ਰੀਤ ਸਿੰਘ (24) ਪੁੱਤਰ ਸੁਖਚੈਨ ਸਿੰਘ ਮਾਲੋਵਾਲ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੁਰਪ੍ਰੀਤ ਸਿੰਘ (23) ਪੁੱਤਰ ਬਲਵਿੰਦਰ ਸਿੰਘ ਵਾਸੀ ਮਾਲੋਵਾਲ ਦੀ ਹਸਪਤਾਲ ਲਿਜਾਂਦਿਆਂ ਸਮੇਂ ਮੌਤ ਹੋ ਗਈ। ਤੀਜਾ ਨੌਜਵਾਨ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਮਾਲੋਵਾਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਅਜੇ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਚਾਲਕ ਮੌਕਾ ਵੇਖ ਕੇ ਫਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਲੋਹੜੀ ਵਾਲੇ ਦਿਨ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ
ਪੁਲਸ ਵੱਲੋਂ ਕਾਰ ਚਾਲਕ ’ਤੇ ਪਰਚਾ ਦਰਜ ਨਾ ਕਰਨ ਦੀ ਸੂਰਤ ’ਚ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਲੈਣ ਲਈ ਜੰਡਿਆਲਾ ਗੁਰੂ ਦੇ ਅਧੀਨ ਆਉਂਦੀ ਚੌਕੀ ਨਵਾਂ ਪਿੰਡ ਵਿਖੇ ਤਿੰਨ ਘੰਟੇ ਪੁਲਸ ਨਾਲ ਜੱਦੋ-ਜਹਿਦ ਮਗਰੋਂ ਪਰਚਾ ਦਰਜ ਕਰਨਾ ਪਿਆ। ਇਸ ਸਬੰਧੀ ਨਵਾਂ ਪਿੰਡ ਚੌਕੀ ਦੇ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਫਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।