‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

Sunday, Jul 31, 2022 - 09:40 PM (IST)

ਚੰਡੀਗੜ੍ਹ (ਬਿਊਰੋ) : ਵਿਧਾਨ ਸਭਾ ਚੋਣਾਂ ਦੌਰਾਨ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਰਾਜਭਾਗ ਸੰਭਾਲੇ ਨੂੰ ਲੱਗਭਗ ਸਾਢੇ ਚਾਰ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਪੋਟਿਆਂ ’ਤੇ ਗਿਣੇ ਜਾਣ ਵਾਲੇ ਮਹੀਨਿਆਂ ਦੌਰਾਨ ਹੀ ‘ਆਪ’ ਸਰਕਾਰ ਕੁਝ ਵਿਵਾਦਾਂ ’ਚ ਘਿਰਦੀ ਨਜ਼ਰ ਆਈ। ਭਾਵੇਂ ਕੁਝ ਵਾਅਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰੇ ਕਰ ਦਿੱਤੇ ਹਨ ਪਰ ਕੁਝ ਅਹਿਮ ਵਾਅਦੇ ਅਜੇ ਵੀ ਜਨਤਾ ਦੀ ਕਚਹਿਰੀ ’ਚ ਅਧੂਰੇ ਹਨ। ਇਸ ਦੇ ਨਾਲ ਹੀ ਆਪਣੇ ਸਾਢੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ ‘ਆਪ’ ਸਰਕਾਰ ਕਈ ਵਿਵਾਦਾਂ ’ਚ ਘਿਰੀ ਰਹੀ ਹੈ। ਮਾਨ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਸਕੀਮ ਇਕ ਜੁਲਾਈ ਤੋਂ ਲਾਗੂ ਕਰਦਿਆਂ ਵੱਡਾ ਵਾਅਦਾ ਪੂਰਾ ਕੀਤਾ ਪਰ ਇਸ ਯੋਜਨਾ ਵਿਚ ਕੁਝ ਊਣਤਾਈਆਂ ਵੀ ਹਨ, ਜਿਨ੍ਹਾਂ ’ਤੇ ਸਰਕਾਰ ਦੀ ਕਾਫ਼ੀ ਆਲੋਚਨਾ ਵੀ ਹੋਈ। ਇਸੇ ਤਰ੍ਹਾਂ ਕਈ-ਕਈ ਪੈਨਸ਼ਨਾਂ ਲੈਣ ਵਾਲੇ ਵਿਧਾਇਕਾਂ ਲਈ ਇਕ ਪੈਨਸ਼ਨ ਲਾਗੂ ਕੀਤੀ। ਇਸ ਦੌਰਾਨ ਵਿਧਾਇਕਾਂ ਤੇ ਇਸ ਦੇ ਵਰਕਰਾਂ ਕਾਰਨ ‘ਆਪ’ ਸਰਕਾਰ ਕਈ ਵਾਰ ਸਮੱਸਿਆਵਾਂ ’ਚ ਘਿਰਦੀ ਨਜ਼ਰ ਆਈ।

ਇਹ ਵੀ ਪੜ੍ਹੋ : ਸਿਹਤ ਮੰਤਰੀ-ਵਾਈਸ ਚਾਂਸਲਰ ਵਿਵਾਦ ’ਤੇ CM ਮਾਨ ਨੇ ਦਿੱਤਾ ਵੱਡਾ ਬਿਆਨ

ਡਾ. ਵਿਜੇ ਸਿੰਗਲਾ ਕਾਰਨ ਜੁੜਿਆ ਵੱਡਾ ਵਿਵਾਦ 

ਜੇ ‘ਆਪ’ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਇਸ ਨਾਲ ਵੱਡਾ ਵਿਵਾਦ ਇਸ ਦੇ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਵਿਜੇ ਸਿੰਗਲਾ ’ਤੇ ਠੇਕੇ ਦੇਣ ਬਦਲੇ ਕਮਿਸ਼ਨ ਲੈਣ ਦੇ ਮਾਮਲੇ ’ਚ ਕੇਸ ਦਰਜ ਕਰਵਾ ਬਰਖ਼ਾਸਤ ਕਰ ਦਿੱਤਾ ਸੀ। ਇਸ ਨਾਲ ਲੋਕਾਂ ’ਚ ਸੁਨੇਹਾ ਗਿਆ ਕਿ ਇਹ ਸਰਕਾਰ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੀ ਪਰ ਸਿੰਗਲਾ ਦੇ ਜ਼ਮਾਨਤ ਲੈ ਕੇ ਬਾਹਰ ਆਉਣ ’ਤੇ ਕਿਤੇ ਨਾ ਕਿਤੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀਆਂ ਦਾ ਆਖਣਾ ਹੈ ਕਿ ਸਰਕਾਰ ਨੇ ਖੁਦ ਹੀ ਸਿੰਗਲਾ ਦੇ ਮਾਮਲੇ ਵਿਚ ਢਿੱਲਾ ਰਵੱਈਆ ਅਪਣਾਇਆ, ਜਿਸ ਕਾਰਨ ਉਨ੍ਹਾਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਗਈ।

ਰਾਜ ਸਭਾ ਮੈਂਬਰਾਂ, ਸੁਰੱਖਿਆ ਵਾਪਸੀ ਅਤੇ ਸਲਾਹਕਾਰ ਕਮੇਟੀ ਦੀ ਚੇਅਰਮੈਨੀ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ

ਇਸੇ ਦਰਮਿਆਨ ਰਾਜ ਸਭਾ ਮੈਂਬਰਾਂ ਦੀ ਨਾਮਜ਼ਦਗੀ ਨੂੰ ਲੈ ਕੇ ਵੀ ‘ਆਪ’ ਸਰਕਾਰ ਵਿਰੋਧੀਆਂ ’ਤੇ ਨਿਸ਼ਾਨੇ ’ਤੇ ਰਹੀ। ਵਿਰੋਧੀਆਂ ਨੇ ‘ਆਪ’ ਸਰਕਾਰ ’ਤੇ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਰਾਜਸਭਾ ਮੈਂਬਰ ਬਣਾਉਣ ਨੂੰ ਲੈ ਕੇ ਸਵਾਲ ਚੁੱਕੇ। ‘ਆਪ’ ਸਰਕਾਰ ਨਾਲ ਇਕ ਵਿਵਾਦ ਉਦੋਂ ਜੁੜ ਗਿਆ, ਜਦੋਂ ਇਸ ਵੱਲੋਂ 424 ਲੋਕਾਂ ਦੀ ਸੁਰੱਖਿਆ ’ਚ ਕਟੌਤੀ ਕਰਨ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਜਨਤਕ ਕਰਨ ਤੋਂ ਅਗਲੇ ਦਿਨ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ’ਤੇ ਸਵਾਲ ਚੁੱਕੇ ਗਏ ਕਿ ਸੁਰੱਖਿਆ ਵਾਪਸ ਲੈਣ ਤੋਂ ਅਗਲੇ ਹੀ ਦਿਨ ਉਨ੍ਹਾਂ ਦਾ ਕਤਲ ਹੋ ਗਿਆ। ਪੰਜਾਬ ’ਚ ਮੁੱਖ ਮੰਤਰੀ ਵੱਲੋਂ ਬਣਾਈ ਗਈ ਸਲਾਹਕਾਰ ਕਮੇਟੀ ਦਾ ਚੇਅਰਮੈਨ ਰਾਘਵ ਚੱਢਾ ਨੂੰ ਬਣਾਉਣ ’ਤੇ ਵਿਰੋਧੀ ਧਿਰ ਨੇ ‘ਆਪ’ ਸਰਕਾਰ ਦੀ ਕਾਫ਼ੀ ਆਲੋਚਨਾ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮੈਡੀਕਲ ਹਸਪਤਾਲ ਦੇ ਬੈੱਡਾਂ ਦਾ ਮਾੜਾ ਹਾਲ ਵੇਖ ਭੜਕੇ ਸਿਹਤ ਮੰਤਰੀ, VC ਨੂੰ ਬਾਹੋਂ ਫੜ ਫਟੇ ਗੱਦੇ ’ਤੇ ਲਿਟਾਇਆ

ਸਿਹਤ ਮੰਤਰੀ ਜੌੜਾਮਾਜਰਾ ਤੇ ਵਾਈਸ ਚਾਂਸਲਰ ਵਿਚਾਲੇ ਹੋਇਆ ਵਿਵਾਦ 

ਹੁਣ ਇਕ ਹੋਰ ਵੱਡਾ ਵਿਵਾਦ ‘ਆਪ’ ਸਰਕਾਰ ਨਾਲ ਜੁੜ ਗਿਆ ਹੈ। ਇਹ ਵਿਵਾਦ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਵਿਚਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਗੱਦੇ ਦੇ ਮਾੜੇ ਹਾਲ ਨਾਲ ਜੁੜਿਆ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਅਚਾਨਕ ਦੌਰਾ ਕਰ ਕੇ ਇਥੋਂ ਦੇ ਬੇਹੱਦ ਮਾੜੇ ਪ੍ਰਬੰਧਾਂ ’ਤੇ ਗੁੱਸਾ ਜ਼ਾਹਿਰ ਕੀਤਾ। ਇਸ ਦੌਰਾਨ ਉਨ੍ਹਾਂ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਨੂੰ ਬੇਹੱਦ ਮਾੜੇ ਗੱਦਿਆਂ ’ਤੇ ਲਿਟਾ ਦਿੱਤਾ। ਗੰਦੇ ਅਤੇ ਫਟੇ ਗੱਦੇ ’ਤੇ ਲਿਟਾਉਣ ਤੋਂ ਨਾਰਾਜ਼ ਬੀਬਾ ਫਰੀਦਕੋਟ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਅੱਧੀ ਰਾਤ ਨੂੰ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਵੀ ਖਲਬਲੀ ਮਚ ਗਈ ਅਤੇ ਵਿਰੋਧੀਆਂ ਵੱਲੋਂ ਸਿਹਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਦੀ ਮਾਂ ਨੇ ਬਾਂਹ ’ਤੇ ਬਣਵਾਇਆ ਪੁੱਤ ਦੇ ਨਾਂ ਦਾ ਟੈਟੂ

ਇਨ੍ਹਾਂ ਵਿਵਾਦਾਂ ਕਾਰਨ ਵੀ ਚਰਚਾ ’ਚ ਆਏ ‘ਆਪ’ ਵਿਧਾਇਕ

ਲੁਧਿਆਣਾ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੀ ਪੁਲਸ ਅਧਿਕਾਰੀ ਨਾਲ ਬਹਿਸਬਾਜ਼ੀ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ, ਜਿਸ ਕਾਰਨ ਉਨ੍ਹਾਂ ’ਤੇ ਸਵਾਲ ਚੁੱਕੇ ਗਏ ਸਨ। ਇਸੇ ਦਰਮਿਆਨ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਚਰਚਾ ’ਚ ਰਹੇ, ਜਦੋਂ ਉਨ੍ਹਾਂ ਨੇ ਡੀ. ਸੀ. ਦਫ਼ਤਰ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸਾਹਮਣੇ ਬਿਨਾਂ ਕਿਸੇ ਸਬੂਤ ਦੇ ਕਰਮਚਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਸ਼ਾਮਲ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਵਨ ਵਰਮਾ, ਜਨਰਲ ਸਕੱਤਰ ਜਗਦੀਸ਼ ਚੰਦਰ ਸਲੂਜਾ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੇ ਵਿਧਾਇਕ ਵੱਲੋਂ ਵਿਭਾਗਾਂ ਦੀ ਚੈਕਿੰਗ ਦੌਰਾਨ ਮੁਲਾਜ਼ਮਾਂ ਨਾਲ ਗਲਤ ਸਲੂਕ ਕਰਨ ਦੇ ਦੋਸ਼ ਲਾਉਂਦਿਆਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਅਤੇ ਵਿਧਾਇਕ ਦਾ ਪੁਤਲਾ ਫੂਕਣ ਦਾ ਐਲਾਨ ਕਰ ਦਿੱਤਾ ਸੀ। ਇਸ ’ਤੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਯੂ–ਟਰਨ ਲੈਂਦਿਆਂ ਕਿਹਾ ਗਿਆ ਕਿ ਜੇਕਰ ਕਿਸੇ ਅਧਿਕਾਰੀ ਤੇ ਕਰਮਚਾਰੀ ਨੂੰ ਮੇਰੇ ਵੱਲੋਂ ਕੋਈ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਤੋਂ ਬਾਅਦ ਪੂਰਾ ਮਾਮਲਾ ਸ਼ਾਂਤ ਹੋਇਆ।

ਇਹ ਖਬਰ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਕੀਤਾ ਭੰਗ


Manoj

Content Editor

Related News