ਟੈਂਡਰ ਘਪਲਾ : ਸਾਬਕਾ ਮੰਤਰੀ ਆਸ਼ੂ ਦੇ ਨਾਲ ਰਹੇ ਅਧਿਕਾਰੀ ਤੇ ਕਰਮਚਾਰੀ ਵੀ ਵਿਜੀਲੈਂਸ ਦੀ ਰਡਾਰ ''ਤੇ

Thursday, Sep 08, 2022 - 08:19 PM (IST)

ਟੈਂਡਰ ਘਪਲਾ : ਸਾਬਕਾ ਮੰਤਰੀ ਆਸ਼ੂ ਦੇ ਨਾਲ ਰਹੇ ਅਧਿਕਾਰੀ ਤੇ ਕਰਮਚਾਰੀ ਵੀ ਵਿਜੀਲੈਂਸ ਦੀ ਰਡਾਰ ''ਤੇ

ਜਲੰਧਰ, (ਨਰਿੰਦਰ ਮੋਹਨ)- ਟੈਂਡਰ ਘਪਲੇ ਦੇ ਮੁਲਜ਼ਮ ਅਤੇ ਸਾਬਕਾ ਕਾਂਗਰਸ ਸਰਕਾਰ 'ਚ ਮੰਤਰੀ ਰਹਿ ਚੁੱਕੇ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਪੁੱਛਗਿੱਛ ਦੀ ਤਲਵਾਰ ਹੁਣ ਅਧਿਕਾਰੀਆਂ ਤੇ ਕਰਮਚਾਰੀਆਂ ਵੱਲ ਲਟਕ ਗਈ ਹੈ। ਇਹ ਉਹ ਅਧਿਕਾਰੀ ਅਤੇ ਕਰਮਚਾਰੀ ਹਨ ਜੋ ਆਸ਼ੂ ਦੇ ਮੰਤਰੀ ਰਹਿੰਦੇ ਸਮੇਂ ਉਸ ਨਾਲ ਤਾਇਨਾਤ ਸਨ ਜਾਂ ਵਿਭਾਗ ਵਿੱਚ ਸਨ ਅਤੇ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਸਨ। ਇਹ ਲੋਕ ਵੀ ਵਿਜੀਲੈਂਸ ਦੇ ਸ਼ੱਕ ਦੇ ਘੇਰੇ ਵਿੱਚ ਹਨ। ਵਿਜੀਲੈਂਸ ਨੇ ਆਮ ਪ੍ਰਸ਼ਾਸਨ ਵਿਭਾਗ ਨੂੰ ਪੱਤਰ ਭੇਜ ਕੇ ਆਸ਼ੂ ਦੇ ਨਾਲ ਤਾਇਨਾਤ ਰਹੇ ਇੱਕ ਦਰਜਨ ਤੋਂ ਵੱਧ ਸਕੱਤਰੇਤ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵਿਭਾਗ ਨਾਲ ਸਬੰਧਤ ਦੋ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਨੇ ਕੇਂਦਰ ਦੇ 430 ਕਰੋੜ ਦੇ ਪ੍ਰਾਜੈਕਟ ਨੂੰ ਠੰਡੇ ਬਸਤੇ ’ਚ ਪਾਇਆ, ਪੜ੍ਹੋ ਪੂਰਾ ਮਾਮਲਾ

ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਅਰਜ਼ੀ 'ਤੇ ਭਲਕੇ 9 ਸਤੰਬਰ ਨੂੰ ਸੁਣਵਾਈ ਹੋਣੀ ਹੈ। ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਆਸ਼ੂ ਨਾਲ ਜੁੜੇ ਹਰ ਵਿਅਕਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕਾਂਗਰਸ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਆਸ਼ੂ ਨੂੰ ਪਿਛਲੀ ਸਰਕਾਰ ਦੌਰਾਨ ਜਾਅਲੀ ਵਾਹਨ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਅਨਾਜ ਦੀ ਢੋਆ-ਢੁਆਈ ਦਾ ਠੇਕਾ ਦੇਣ ਅਤੇ ਕਥਿਤ ਘਪਲੇ ਦੇ ਦੋਸ਼ਾਂ ਤਹਿਤ ਸੂਬਾ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਅਜੇ ਤੱਕ ਜੇਲ੍ਹ ਵਿੱਚ ਹਨ। ਵਿਜੀਲੈਂਸ ਨੇ ਆਸ਼ੂ ਦੇ ਪੀ. ਏ. ਦੀ ਰਿਹਾਇਸ਼ 'ਤੇ ਵੀ ਛਾਪੇਮਾਰੀ ਕੀਤੀ ਹੈ ਅਤੇ ਕੁਝ ਕਾਂਗਰਸੀ ਆਗੂ ਵੀ ਨਿਗਰਾਨੀ ਹੇਠ ਹਨ। ਇਸ ਦੌਰਾਨ ਵਿਜੀਲੈਂਸ ਨੇ ਮੰਤਰੀ ਦੇ ਤੌਰ 'ਤੇ ਆਸ਼ੂ ਦੇ ਨਾਲ ਗਏ ਸਕੱਤਰੇਤ ਸਟਾਫ਼ ਤੋਂ ਪੁੱਛਗਿੱਛ ਲਈ ਆਮ ਪ੍ਰਸ਼ਾਸਨ ਵਿਭਾਗ ਨੂੰ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ ਆਸ਼ੂ ਦੇ ਮੰਤਰੀ ਹੁੰਦਿਆਂ ਉਨ੍ਹਾਂ ਦੇ ਨਾਲ ਕਰੀਬ 9 ਮੁਲਾਜ਼ਮ ਦਫ਼ਤਰ ਵਿੱਚ ਤਾਇਨਾਤ ਸਨ ਅਤੇ ਛੇ ਘਰ ਵਿੱਚ ਤਾਇਨਾਤ ਸਨ। ਇਹ ਸਾਰੇ ਸਕੱਤਰੇਤ ਦੇ ਕਰਮਚਾਰੀ ਹਨ, ਜੋ ਆਮ ਪ੍ਰਸ਼ਾਸਨ ਵਿਭਾਗ ਦੇ ਅਧੀਨ ਆਉਂਦੇ ਹਨ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News