ਢੋਆ-ਢੁਆਈ ਦੇ ਟੈਂਡਰ ਚਰਚਾ ’ਚ, ਟਰੱਕ ਯੂਨੀਅਨਾਂ ਦੀ ਟੈਂਡਰ ’ਚ ਸ਼ਮੂਲੀਅਤ ਨਾ ਹੋਣ ਨੇ ਖੜ੍ਹੇ ਕੀਤੇ ਸਵਾਲ
Saturday, Mar 25, 2023 - 12:17 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) - ਫਸਲ ਦੀ ਢੋਆ-ਢੁਆਈ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਟੈਂਡਰ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਇਸ ਵਾਰ ਟਰੱਕ ਯੂਨੀਅਨਾਂ ਹੋਂਦ ਵਿਚ ਆਉਣ ਤੋਂ ਬਾਅਦ ਵੀ ਇਸ ਟੈਂਡਰ ਵਿਚ ਖੁਦ ਸ਼ਮੂਲੀਅਤ ਕਰਨ ਦੀ ਬਜਾਏ ਇਕ ਫਰਮ ਰਾਹੀ ਟੈਂਡਰ ਪਾਉਣਾ ਚਰਚਾ ਵਿਚ ਹੈ, ਉੱਥੇ ਹੀ ਜਿਸ ਵਿਅਕਤੀ ਦੇ ਨਾਮ ਟਰੱਕ ਯੂਨੀਅਨਾਂ ਟੈਂਡਰ ਪਾਉਣ ਦੀ ਗੱਲ ਕਰ ਰਹੀਆਂ ਹਨ ਅਤੇ ਜਿਸਦੀ ਤਕਨੀਕੀ ਵੀ ਪਾਸ ਕਰ ਦਿੱਤੀ ਗਈ ਹੈ, ਉਸ ਵਿਅਕਤੀ ਦੇ ਨਾਮ ’ਤੇ ਪਹਿਲਾਂ ਹੀ ਐੱਫ. ਆਈ. ਆਰ. ਦਰਜ ਹੈ। ਇਸ ਸਬੰਧੀ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਇਕ ਸ਼ਿਕਾਇਤ ਪੱਤਰ ਵੀ ਕੁਝ ਵਿਅਕਤੀਆਂ ਵੱਲੋਂ ਦਿੱਤਾ ਗਿਆ ਹੈ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿਚ ਜਿੱਥੇ ਟਰੱਕ ਯੂਨੀਅਨਾਂ ਹਨ ਉੱਥੇ ਇਹ ਟੈਂਡਰ ਟਰੱਕ ਯੂਨੀਅਨਾਂ ਖੁਦ ਸੰਭਾਲਦੀਆਂ ਹਨ ਪਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਚਾਰ ਟਰੱਕ ਯੂਨੀਅਨਾਂ ਹੋਣ ਦੇ ਬਾਵਜੂਦ ਵੀ ਆਖ਼ਰ ਟਰੱਕ ਯੂਨੀਅਨਾਂ ਦੀ ਇਸ ਟੈਂਡਰ ਵਿਚ ਸ਼ਮੂਲੀਅਤ ਹੀ ਨਾ ਕਰਨ ਦੇ ਮਾਮਲੇ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ।
ਟਰੱਕ ਯੂਨੀਅਨਾਂ ਦੀ ਹੋਂਦ ਦੇ ਬਾਵਜੂਦ ਵੀ ਟੈਂਡਰ ਇਕ ਵਿਅਕਤੀ ਦੇ ਨਾਮ
ਆਮ ਤੌਰ ’ਤੇ ਟਰੱਕ ਯੂਨੀਅਨਾਂ ਦੀ ਹੋਂਦ ਹੁੰਦਿਆਂ ਬੀਤੀਆਂ ਸਰਕਾਰਾਂ ਦੇ ਸਮੇਂ ਵਿਚ ਇਹ ਟੈਂਡਰ ਟਰੱਕ ਯੂਨੀਅਨਾਂ ਦੇ ਨਾਮ ਰਿਹਾ ਹੈ ਅਤੇ ਜਦ ਟਰੱਕ ਯੂਨੀਅਨਾਂ ਭੰਗ ਹੋ ਗਈਆਂ ਤਾਂ ਇਹ ਟੈਂਡਰ ਠੇਕੇਦਾਰਾਂ ਦੇ ਹਿੱਸੇ ਆਉਂਦਾ ਰਿਹਾ ਪਰ ਹੁਣ ਨਵੀਂ ਸਰਕਾਰ ਬਣਨ ’ਤੇ ਮੁੜ ਤੋਂ ਟਰੱਕ ਯੂਨੀਅਨਾਂ ਦੇ ਤਾਲੇ ਤਾਂ ਉਪਰੇਟਰਾਂ ਲਈ ਖੁੱਲ੍ਹ ਗਏ ਪਰ ਇਹ ਟੈਂਡਰਾਂ ਦੇ ਤਾਲੇ ਅਜੇ ਵੀ ਟਰੱਕ ਯੂਨੀਅਨਾਂ ਲਈ ਖੁੱਲ੍ਹੇ ਨਜ਼ਰ ਨਹੀਂ ਆ ਰਹੇ। ਜ਼ਿਲ੍ਹੇ ਦੇ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਕਿੱਲਿਆਂਵਾਲੀ ’ਚ ਟਰੱਕ ਯੂਨੀਅਨਾਂ ਹਨ ਅਤੇ ਇਨ੍ਹਾਂ ਦੇ ਬਕਾਇਦਾ ਅਹੁਦੇਦਾਰ ਹਨ ਪਰ ਇਸ ਦੇ ਬਾਵਜੂਦ ਵੀ ਇਹ ਟੈਂਡਰ ਜ਼ਿਲ੍ਹੇ ਵਿਚ ਜਿੱਥੇ ਤਿੰਨ ਟਰੱਕ ਯੂਨੀਅਨਾਂ ਨੇ ਟਰੱਕ ਯੂਨੀਅਨ ਦੇ ਨਾਮ ਪਾਉਣ ਦੀ ਬਜਾਏ ਇਕ ਵਿਅਕਤੀ ਦੇ ਨਾਮ ਪਾਉਣ ਨੂੰ ਪਹਿਲ ਦਿੱਤੀ, ਉੱਥੇ ਹੀ ਕਿੱਲਿਆਂਵਾਲੀ ਦੀ ਯੂਨੀਅਨ ਵੱਲੋਂ ਟੈਂਡਰ ਸਬੰਧੀ ਤਕਨੀਕੀ ਕਾਰਨਾਂ ਕਰਕੇ ਨਾ ਪਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਬਲੂ ਬਰਾੜ, ਗਿੱਦੜਬਾਹਾ ਦੇ ਪ੍ਰਧਾਨ ਕਿਰਨਪਾਲ ਸਿੰਘ, ਮਲੋਟ ਦੇ ਪ੍ਰਧਾਨ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਯੂਨੀਅਨ ਨੇ ਟੈਂਡਰ ਹੀ ਨਹੀਂ ਪਾਇਆ ਕਿਉਂਕਿ ਯੂਨੀਅਨ ਕੋਲ ਤਕਨੀਕੀ ਕਾਗਜ਼ ਪੂਰੇ ਨਹੀਂ ਸਨ, ਜਿਸ ਵਿਅਕਤੀ ਦੇ ਨਾਮ ਟੈਂਡਰ ਹੋਇਆ, ਉਸਨੇ ਯੂਨੀਅਨ ਦੀ ਸਹਿਮਤੀ ਨਾਲ ਟੈਂਡਰ ਪਾਇਆ। ਉਧਰ ਕਿੱਲਿਆਂਵਾਲੀ ਟਰੱਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਦਾ ਕਹਿਣਾ ਕਿ ਉਨ੍ਹਾਂ ਨੇ ਟੈਂਡਰ ਪਾਇਆ ਸੀ ਪਰ ਕੁਝ ਤਕਨੀਕੀ ਕਾਰਨਾਂ ਦੇ ਚੱਲਦਿਆ ਤਕਨੀਕੀ ਬਿਡ ਸਮੇਂ ਸਮੱਸਿਆ ਆ ਗਈ।
ਜਿਸ ਦੇ ਨਾਮ ਟੈਂਡਰ ਪਾਇਆ ਉਸ ’ਤੇ ਮਾਮਲਾ ਦਰਜ
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦਾ ਢੋਆ ਢੁਆਈ ਦਾ ਟੈਂਡਰ ਕਥਿਤ ਤੌਰ ’ਤੇ ਟਰੱਕ ਯੂਨੀਅਨਾਂ ਵੱਲੋਂ ਜਿਸ ਵਿਅਕਤੀ ਦੇ ਨਾਮ ਪਾਇਆ ਗਿਆ ਕਥਿਤ ਤੌਰ ’ਤੇ ਉਸ ਦੇ ਵਿਰੁੱਧ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਐੱਫ. ਆਈ. ਆਰ ਦਰਜ ਹੈ। ਇਸ ਸਬੰਧੀ ਇਕ ਫਰਮ ਵੱਲੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਦੇ ਨਾਮ ਇਕ ਸ਼ਿਕਾਇਤ ਪੱਤਰ ਵੀ ਲਿਖਿਆ ਗਿਆ ਹੈ, ਜਿਸ ਵਿਚ ਇਹ ਵਰਨਣ ਕੀਤਾ ਗਿਆ ਹੈ ਕਿ ਜਿਸ ਵਿਅਕਤੀ ਦੇ ਨਾਮ ਟਰਾਂਸਪੋਰਟੇਸ਼ਨ ਦਾ ਟੈਂਡਰ ਦਿੱਤਾ ਜਾਣਾ ਹੈ ਪਾਲਿਸੀ ਅਨੁਸਾਰ ਉਸ ’ਤੇ ਕੋਈ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਪਰ ਸ੍ਰੀ ਮੁਕਤਸਰ ਸਾਹਿਬ, ਮਲੋਟ, ਕਿੱਲਿਆਂਵਾਲੀ ਵਿਖੇ ਜਿਸ ਵਿਅਕਤੀ ਦੀ ਤਕਨੀਕੀ ਬਿਡ ਸਵੀਕਾਰ ਕੀਤੀ ਗਈ ਹੈ। ਉਸ ’ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਫ. ਆਈ. ਆਰ. ਨੰਬਰ 248 ਮਿਤੀ 18 ਅਕਤੂਬਰ 2022 ਦਰਜ ਹੈ। ਸ਼ਿਕਾਇਤਕਰਤਾ ਪ੍ਰਧਾਨ ਐਂਡ ਕੰਪਨੀ ਦੇ ਰਛਪਾਲ ਸਿੰਘ ਨੇ ਕਿਹਾ ਕਿ ਟੈਂਡਰ ਦੇ ਨਿਯਮਾਂ ਵਿਚ ਇਹ ਵਰਨਣ ਹੈ ਕਿ ਜਿਸ ਵਿਅਕਤੀ ’ਤੇ ਮਾਮਲਾ ਦਰਜ ਹੋਵੇ ਉਸਨੇ ਆਪਣੇ ਸਵੈ ਘੋਸ਼ਣਾ ਪੱਤਰ ਵਿਚ ਉਸ ਮਾਮਲੇ ਦਾ ਵਰਨਣ ਕੀਤਾ ਹੋਣਾ ਚਾਹੀਦਾ ਹੈ ਪਰ ਜਿਸ ਵਿਅਕਤੀ ਦੀ ਕਥਿਤ ਤੌਰ ’ਤੇ ਤਕਨੀਕੀ ਬਿਡ ਸਵੀਕਾਰ ਕੀਤੀ ਗਈ ਹੈ, ਉਸ ’ਤੇ ਮਾਮਲਾ ਵੀ ਦਰਜ ਹੈ ਅਤੇ ਉਸ ਨੇ ਆਪਣੇ ਸਵੈ ਘੋਸ਼ਣਾ ਪੱਤਰ ਵਿਚ ਵੀ ਇਸਦਾ ਵਰਨਣ ਨਹੀਂ ਕੀਤਾ। ਉਨਾਂ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਸ਼ਿਕਾਇਤ ਦਿੱਤੀ ਹੈ ਪਰ ਜੇਕਰ ਬਣਦੀ ਕਾਰਵਾਈ ਨਾ ਹੋਈ ਤਾਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਤੋਂ ਇਲਾਵਾ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।
ਕੀ ਕਹਿੰਦੇ ਹਨ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ
ਇਸ ਮਾਮਲੇ ਵਿਚ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੰਜੈ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਆਈ ਹੈ। ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੈਂਡਰ ਦੀਆਂ ਸ਼ਰਤਾਂ ਵਿਚ ਇਹ ਲਿਖਿਆ ਗਿਆ ਹੈ ਕਿ ਦਰਜ ਮਾਮਲੇ ਸਬੰਧੀ ਮਾਣਯੋਗ ਅਦਾਲਤ ਵਿਚ ਸਬੰਧਤ ਵਿਅਕਤੀ ਸਬੰਧੀ ਚਲਾਨ ਪੇਸ਼ ਹੋਇਆ ਹੋਣਾ ਜ਼ਰੂਰੀ ਹੈ ਅਤੇ ਉਹ ਚਲਾਨ ਦੀ ਕਾਪੀ ਆਉਣ ਤੋਂ ਬਾਅਦ ਹੀ ਅਗਲੀ ਜਾਣਕਾਰੀ ਦੇ ਸਕਣਗੇ।