ਟੈਂਪੂ ਟ੍ਰੈਵਲ ''ਚੋਂ 90 ਕਿਲੋ ਡੋਡੇ ਬਰਾਮਦ, ਦੋ ਗ੍ਰਿਫਤਾਰ, ਮੁੱਖ ਮੁਲਜ਼ਮ ਫਰਾਰ
Wednesday, Apr 15, 2020 - 05:35 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਟੈਂਪੂ ਟ੍ਰੈਵਲ ਵਿਚ ਲਿਆਂਦੇ ਜਾ ਰਹੇ 90 ਕਿਲੋਗ੍ਰਾਮ ਡੋਡੇ ਨਾਲ 2 ਵਿਅਕਤੀਆਂ ਨੂੰ ਗ੍ਰਿਫਤਾਰ ਨੂੰ ਕੀਤਾ ਹੈ, ਜਦਕਿ ਮੁੱਖ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫਲ ਰਿਹਾ। ਐੱਸ. ਐੱਚ.ਓ. ਇੰਸਪੈਕਟਰ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਕ ਖਾਸ ਨਾਕੇ ਦੌਰਾਨ ਨਵਾਂਸ਼ਹਿਰ ਦੇ ਗੜ੍ਹਸ਼ੰਕਰ ਰੋਡ 'ਤੇ ਸਥਿਤ ਬਾਈਪਾਸ ਪੁੱਲ ਦੇ ਨੇੜੇ ਮੌਜੂਦ ਸੀ ਕਿ ਗੜ੍ਹਸ਼ੰਕਰ ਵੱਲੋਂ ਆ ਰਹੇ ਇਕ ਟੈਂਪੂ ਟ੍ਰੈਵਲ ਨੂੰ ਰੋਕ ਕੇ ਜਦੋਂ ਪੁਲਸ ਪਾਰਟੀ ਨੇ ਇਸਦੀ ਤਲਾਸ਼ੀ ਲਈ ਤਾਂ ਉਸ ਵਿਚੋਂ 90 ਕਿਲੋਗ੍ਰਾਮ ਡੋਡੇ ਬਰਾਮਦ ਹੋਇਆ।
ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਕਮਲ ਕਿਸ਼ੋਰ ਉਰਫ ਕਮਲ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਰਾਮਗੜ੍ਹ (ਜਲੰਧਰ), ਬੂਟਾ ਰਾਮ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਗੰਨ੍ਹਾ (ਜਲੰਧਰ) ਦੇ ਤੌਰ 'ਤੇ ਕੀਤੀ ਗਈ ਹੈ, ਜਦਕਿ ਤੀਜਾ ਸਾਥੀ ਜਿਸਦੀ ਪਛਾਣ ਬਲਵੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਫਿਲੌਰ ਦੇ ਤੌਰ 'ਤੇ ਕੀਤੀ ਗਈ ਹੈ, ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਏ ਮੁੱਖ ਮੁਲਜ਼ਮ ਨੇ ਉਪਰੋਕਤ ਡੋਡੇ ਗੜ੍ਹਸ਼ੰਕਰ ਰੋਡ 'ਤੇ ਕਿਸੇ ਥਾਂ 'ਤੇ ਜਮਾਂ ਕੀਤਾ ਹੋਇਆ ਸੀ, ਜਿਸਨੂੰ ਅੱਜ ਉਹ ਹੋਰ 2 ਸਾਥੀਆਂ ਨਾਲ ਨਵਾਂਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਫਰਾਰ ਹੋਣ ਵਾਲਾ ਆਰੋਪੀ ਹੋਰ ਵਾਹਨ ਵਿਚ ਸਵਾਰ ਸੀ, ਜੋ ਪੁਲਸ ਨੂੰ ਚੱਕਮਾ ਦੇ ਕੇ ਪਹਿਲਾ ਹੀ ਉੱਥੋਂ ਦੌੜ ਗਿਆ।
ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਨੇ ਭੇਜਿਆ 1 ਦਿਨ ਦੇ ਪੁਲਸ ਰਿਮਾਂਡ 'ਤੇ
ਐੱਸ.ਐੱਚ.ਓ. ਨੇ ਦੱਸਿਆ ਕਿ ਗ੍ਰਿਫਤਾਰ ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 1 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਅਪਰਾਧਕ ਹਿਸਟਰੀ ਅਤੇ ਜਿਨ੍ਹਾਂ ਲੋਕਾਂ ਨੂੰ ਚੂਰਾ ਪੋਸਤ ਸਪਲਾਈ ਕਰਨਾ ਸੀ, ਸੰਬੰਧੀ ਜਾਣਕਾਰੀ ਇੱਕਠੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲਦ ਹੀ ਤੀਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।