ਸ਼ਰਾਬ ਨਾਲ ਭਰੀ ਟੈਂਪੂ ਟਰੈਵਲ ਪੁਲਸ ਨੇ ਕੀਤੀ ਕਾਬੂ, ਸਮੱਗਲਰ ਫਰਾਰ

Sunday, Dec 13, 2020 - 05:59 PM (IST)

ਸ਼ਰਾਬ ਨਾਲ ਭਰੀ ਟੈਂਪੂ ਟਰੈਵਲ ਪੁਲਸ ਨੇ ਕੀਤੀ ਕਾਬੂ, ਸਮੱਗਲਰ ਫਰਾਰ

ਮੋਗਾ (ਆਜ਼ਾਦ) : ਜ਼ਿਲ੍ਹੇ ਭਰ 'ਚ ਸ਼ਰਾਬ ਤਸਕਰੀ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਸ ਨੇ ਸ਼ਰਾਬ ਨਾਲ ਭਰੀ ਇਕ ਟੈਂਪੂ ਟਰੈਵਲ ਨੂੰ ਆਪਣੇ ਕਬਜ਼ੇ ਵਿਚ ਲਿਆ। ਥਾਣਾ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਕਮਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਸਮੇਤ ਹੌਲਦਾਰ ਜੀਤ ਸਿੰਘ, ਸਾਹਿਬ ਸਿੰਘ ਅਤੇ ਮਹਿਲਾ ਮੁਲਾਜ਼ਮ ਰਾਜਨਦੀਪ ਕੌਰ ਨਾਲ ਇਲਾਕੇ ਵਿਚ ਗਸ਼ਤ ਕਰਦੇ ਹੋਏ ਜੀ. ਟੀ. ਰੋਡ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਬਿਜਲੀ ਦੇ ਘਰ ਸਾਹਮਣੇ ਇਕ ਟੈਂਪੂ ਟਰੈਵਲ ਸ਼ੱਕੀ ਹਾਲਤ ਵਿਚ ਖੜਾ ਹੈ, ਜਦ ਪੁਲਸ ਪਾਰਟੀ ਨੇ ਜਾ ਕੇ ਟੈਂਪੂ ਟਰੈਵਲ ਨੂੰ ਖੋਲਿਆ ਤਾਂ ਦੇਖਿਆ ਕਿ ਉਹ ਸ਼ਰਾਬ ਨਾਲ ਭਰਿਆ ਹੋਇਆ ਸੀ।

ਪੁਲਸ ਨੇ ਉਸ ਨੂੰ ਤੁਰੰਤ ਆਪਣੇ ਕਬਜ਼ੇ ਵਿਚ ਲੈ ਲਿਆ। ਆਸ-ਪਾਸ ਦਾ ਨਿਰੀਖਣ ਕਰਨ 'ਤੇ ਕੋਈ ਤਸਕਰ ਪੁਲਸ ਨੂੰ ਨਾ ਮਿਲਿਆ, ਜਿਸ 'ਤੇ ਉਹ ਸ਼ਰਾਬ ਨਾਲ ਭਰੇ ਟੈਂਪੂ ਟਰੈਵਲ ਨੂੰ ਥਾਣੇ ਲੈ ਆਏ ਅਤੇ ਟੈਂਪੂ ਟਰੈਵਲ ਵਿਚ ਪਈ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਕੀਤੀ ਤਾਂ 170 ਪੇਟੀਆਂ ਸ਼ਰਾਬ ਬਰਾਮਦ ਹੋਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਸਮੱਗਲਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸਮੱਗਲਰਾਂ ਦੀ ਤਲਾਸ਼ ਕਰ ਰਹੀ ਹੈ।


author

Gurminder Singh

Content Editor

Related News