1 ਅਕਤੂਬਰ ਨੂੰ ਅਧਿਆਪਕਾਂ ਵੱਲੋਂ ਰੋਸ ਰੈਲੀ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

09/24/2017 5:32:27 PM


ਜਲਾਲਾਬਾਦ (ਗੁਲਸ਼ਨ) - ਪਿਛਲੇ ਲੰਮੇਂ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਸਿੱਖਿਆ ਵਿਭਾਗ 'ਚ ਕੰਮ ਕਰਦੇ ਠੇਕਾ ਅਧਾਰਿਤ 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਅਧਿਆਪਕਾਂ ਵੱਲੋਂ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਮੀਟਿੰਗ ਆਯੋਜਿਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਘੁਬਾਇਆ ਨੇ ਕੀਤੀ। ਇਸ ਮੀਟਿੰਗ 'ਚ ਇੱਕਤਰ ਹੋਏ ਯੂਨੀਅਨ ਦੇ ਅਧਿਆਪਕਾਂ ਨੇ ਆਪਣੇ ਪਰਿਵਾਰਾਂ ਸਮੇਤ 1 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਣ ਕੀਤਾ ਅਤੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ। 
ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਘੁਬਾਇਆ ਨੇ ਦੱਸਿਆ ਕਿ ਲਗਭਗ ਢਾਈ ਸਾਲਾਂ ਤੋਂ ਨਾਮਾਤਰ 6 ਹਜ਼ਾਰ ਰੁਪਏ 'ਚ ਸੇਵਾ ਨਿਭਾ ਰਹੇ ਉੱਚ ਯੋਗਤਾ ਪ੍ਰਾਪਤ ਅਤੇ ਟੀ. ਈ. ਟੀ ਪ੍ਰੀਖਿਆ ਪਾਸ ਇਨ੍ਹਾਂ ਅਧਿਆਪਕਾਂ ਦੀ ਰੈਗੂਲਰ ਕਰਨ ਦੀ ਮੰਗ ਨੂੰ ਵੱਖ-ਵੱਖ 2 ਸਰਕਾਰਾਂ ਵੱਲੋਂ ਅਣਗੋਲਿਆਂ ਕੀਤਾ ਜਾਂਦਾ ਰਿਹਾ। ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਨਵੰਬਰ 2014 'ਚ 3 ਸਾਲ ਦੇ ਠੇਕੇ 'ਤੇ ਭਰਤੀ ਕੀਤਾ ਸੀ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ 3 ਸਾਲ ਪੂਰੇ ਹੋਣ 'ਤੇ ਰੈਗੂਲਰ ਕਰਨਾ ਹੈ, ਪਰ ਇਨ੍ਹਾਂ ਦੇ 3 ਸਾਲ ਪੂਰੇ ਹੋਣ 'ਚ ਇਕ ਮਹੀਨਾ ਹੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਰੈਗੂਲਰ ਕਰਨ ਦੀ ਕਾਰਵਾਈ ਪੂਰੀ ਕਰਨ 'ਚ ਘੱਟੋ-ਘੱਟ 6 ਮਹੀਨੇ ਲੱਗਦੇ ਹਨ। ਜਿਸ ਲਈ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਣ ਬਹੁਤ ਜ਼ਰੂਰੀ ਹੈ ਪਰ ਪੰਜਾਬ ਸਰਕਾਰ ਨੇ ਇਸ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਜਿਸ ਦੇ ਰੋਸ ਵਜੋਂ ਯੂਨੀਅਨ ਦੇ ਅਧਿਆਪਕਾਂ ਵੱਲੋਂ 1 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ 'ਚ ਰੋਸ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਪ੍ਰਧਾਨ ਸੁਖਦੇਵ ਸਿੰਘ ਘੁਬਾਇਆ ਨੇ ਦੱਸਿਆ ਕਿ ਇਸ ਰੋਸ ਰੈਲੀ ਨੂੰ ਸਫਲ ਬਣਾਉਣ ਦੇ ਲਈ ਅਤੇ ਕਾਡਰ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਮੀਟਿੰਗ ਕੀਤੀ ਗਈ ਹੈ। ਮੀਟਿੰਗ 'ਚ ਪਰਮਜੀਤ ਸਿੰਘ, ਰਜਨੀਸ਼, ਸੁਰਜੀਤ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ।


Related News