ਪਟਿਆਲਾ: ਚੀਫ ਪ੍ਰਿੰਸੀਪਲ ਸਕੱਤਰ ਨਾਲ ਅਧਿਆਪਕਾਂ ਦੀ ਮੀਟਿੰਗ ਰਹੀ ਬੇਨਤੀਜਾ, ਪ੍ਰਦਰਸ਼ਨ ਜਾਰੀ
Tuesday, Oct 23, 2018 - 06:35 PM (IST)

ਪਟਿਆਲਾ— ਤਨਖਾਹਾਂ 'ਚ ਕਟੌਤੀ ਨੂੰ ਲੈ ਕੇ ਅਧਿਆਪਕਾਂ ਵੱਲੋਂ ਅੱਜ ਪਟਿਆਲਾ 'ਚ ਕੀਤੀ ਗਈ ਚੀਫ ਪਿੰ੍ਰਸੀਪਲ ਸਕੱਤਰ ਨਾਲ ਮੀਟਿੰਗ ਬੇਨਤੀਜਾ ਰਹੀ, ਜਿਸ ਕਰਕੇ ਅਧਿਆਪਕਾਂ ਨੇ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਦੱਸ ਦੇਈਏ ਕਿ ਰਮਸਾ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ ਗਈ। 5 ਘੰਟੇ ਤੱਕ ਚੱਲੀ ਇਸ ਬੈਠਕ 'ਚ ਇਹ ਫੈਸਲਾ ਹੋਇਆ ਕਿ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ਤੋਂ ਸੂਬੇ 'ਚ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨਾਲ 5 ਨਵੰਬਰ ਨੂੰ ਅਧਿਆਪਕ ਜਥੇਬੰਦੀਆਂ ਦੀ ਇਕ ਬੈਠਕ ਹੋਵੇਗੀ।
ਇਸ ਦੇ ਨਾਲ ਹੀ ਇਸ ਮੌਕੇ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੀਆਂ ਬਦਲੀਆਂ ਦੂਰ-ਦੁਰਾਡੇ ਹੋਈਆਂ ਹਨ ਅਤੇ ਜਿਨ੍ਹਾਂ ਦੀਆਂ ਮੁਅੱਤਲੀਆਂ ਕੀਤੀਆਂ ਗਈਆਂ ਹਨ, ਜੇਕਰ ਇਹ ਬਦਲੀਆਂ ਅਤੇ ਮੁਅੱਤਲੀਆਂ ਦੋ ਦਿਨਾਂ ਦੇ ਅੰਦਰ-ਅੰਦਰ ਰੱਦ ਕਰ ਦਿੱਤੀਆਂ ਗਈਆਂ ਤਾਂ ਅਧਿਆਪਕ ਦੋ ਦਿਨਾਂ ਬਾਅਦ ਮਰਨ ਵਰਤ ਅਤੇ ਧਰਨਾ ਖਤਮ ਕਰ ਦੇਣਗੇ। ਅਧਿਆਪਕ ਆਗੂਆਂ ਨੇ ਇਹ ਵੀ ਕਿਹਾ ਜੇਕਰ 5 ਨਵੰਬਰ ਨੂੰ ਹੋਣ ਵਾਲੀ ਬੈਠਕ 'ਚ ਅਧਿਆਪਕਾਂ ਦੇ ਹੱਕਾਂ ਵਿੱਚ ਕੋਈ ਫੈਸਲਾ ਨਾ ਹੋਇਆ ਤਾਂ ਅਗਲੇ ਦਿਨ ਤੋਂ ਉਹ ਫਿਰ ਸੰਘਰਸ਼ ਸ਼ੁਰੂ ਕਰ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਪਟਿਆਲਾ 'ਚ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।