ਅਧਿਆਪਕ ਬੱਚੇ ਦੀਆਂ ਆਦਤਾਂ ''ਚ ਬਦਲਾਅ ਲਿਆ ਉਸ ਦੀ ਦੁਨੀਆ ਬਦਲ ਸਕਦੇ ਹਨ : ਅਭਿਜੈ ਚੋਪੜਾ

Monday, Sep 04, 2023 - 04:29 PM (IST)

ਅਧਿਆਪਕ ਬੱਚੇ ਦੀਆਂ ਆਦਤਾਂ ''ਚ ਬਦਲਾਅ ਲਿਆ ਉਸ ਦੀ ਦੁਨੀਆ ਬਦਲ ਸਕਦੇ ਹਨ : ਅਭਿਜੈ ਚੋਪੜਾ

ਚੰਡੀਗੜ੍ਹ (ਆਸ਼ੀਸ਼) : ਮੋਹਾਲੀ ਸਥਿਤ ਬ੍ਰੇਵ ਸੈਲਸ ਸੰਸਥਾ ਨੇ ਅਧਿਆਪਕ ਦਿਵਸ ਦੇ ਮੱਦੇਨਜ਼ਰ 103 ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਸਿੱਖਿਆ ਜਗਤ ਨਾਲ ਜੁੜੀਆਂ ਕਾਰੋਬਾਰੀ ਸੰਸਥਾਵਾਂ ਨੂੰ ਸੈਕਟਰ-10 ਸਥਿਤ ਹੋਟਲ ਮਾਊਂਟ ਵਿਊ 'ਚ ਪਗੜੀ ਯਾਦ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ 'ਚ ਮੁੱਖ ਮਹਿਮਾਨ ਵੱਜੋਂ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ ਅਤੇ ਗੈਸਟ ਆਫ ਆਨਰ ਵਜੋਂ ਪੁੱਜੇ 'ਪੰਜਾਬ ਕੇਸਰੀ ਗਰੁੱਪ' ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਸ਼ਮਾ ਰੌਸ਼ਨ ਕਰਕੇ ਇਸ ਦੀ ਸ਼ੁਰੂਆਤ ਕੀਤੀ।

ਮੁੱਖ ਮਹਿਮਾਨ ਕਾਰਤੀਕੇਯ ਸ਼ਰਮਾ ਨੇ ਆਪਣੇ ਹੀ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਹਾਜ਼ਰ ਮਹਿਮਾਨਾਂ ਦੇ ਮੂੰਹ 'ਤੇ ਖ਼ੁਸ਼ੀ ਲਿਆ ਦਿੱਤੀ। ਡਾ. ਜੀਵਨ ਕੁਮਾਰ ਰੱਤਾ, ਡਾ. ਸੁਨੀਤਾ ਸ਼ਰਮਾ, ਅਨਿਲ ਜੌਹਰ ਤੇ ਪਰਵਿੰਦਰ ਗੁਪਤਾ ਉਨ੍ਹਾਂ ਦੇ ਅਧਿਆਪਕ ਰਹੇ ਹਨ। ਉੱਥੇ ਹੀ ਅਭਿਜੈ ਚੋਪੜਾ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਐਵਾਰਡ ਨਾਲ 2 ਅਧਿਆਪਕਾਂ ਤਾਮਿਲਨਾਡੂ ਤੋਂ ਡਾ. ਸੁਭੱਦਰਾ ਅਤੇ ਕੁਰੂਕਸ਼ੇਤਰ ਤੋਂ ਡਾ. ਪ੍ਰਮੋਦ ਨੂੰ 51-51 ਸੌ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।

'ਪੰਜਾਬ ਕੇਸਰੀ ਗਰੁੱਪ' ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਕਿਹਾ ਕਿ ਅਧਿਆਪਕਾਂ ਦਾ ਕੰਮ ਸਨਮਾਨ ਭਰਿਆ ਹੈ। ਸੰਸਕਾਰਾਂ ਸਬੰਧੀ ਵੀ ਅਧਿਆਪਕਾਂ ਨੂੰ ਬੱਚਿਆਂ ਨੂੰ ਸਿਖਾਉਣਾ ਪਵੇਗਾ। ਅਧਿਆਪਕ ਬੱਚੇ ਦੀ ਆਦਤ 'ਚ ਬਦਲਾਅ ਲਿਆ ਕੇ ਉਸ ਦੀ ਦੁਨੀਆ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਵਿੱਚ ਦੋਸ਼ ਨਿਕਲਦਾ ਹੈ ਤਾਂ ਅਸੀਂ ਮਾਪਿਆਂ ਅਤੇ ਅਧਿਆਪਕਾਂ ਨੂੰ ਦੋਸ਼ ਦਿੰਦੇ ਹਾਂ, ਜਦੋਂ ਕਿ ਇਹ ਗਲਤ ਹੈ। ਬੱਚੇ ਦੇ ਵਿਗੜਨ ਪਿੱਛੇ 80 ਫ਼ੀਸਦੀ ਹੱਥ ਉਸ ਦੇ ਦੋਸਤਾਂ ਦਾ ਹੁੰਦਾ ਹੈ।

ਜੇਕਰ ਅਧਿਆਪਕ ਇਕ ਬੱਚੇ ਨੂੰ ਠੀਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਦੇ ਹਾਂ ਤਾਂ 10 ਬੱਚੇ ਠੀਕ ਰਸਤੇ 'ਤੇ ਚੱਲਦੇ ਹਨ। ਉਨ੍ਹਾਂ ਨੇ ਆਪਣੇ ਸਕੂਲ ਦਾ ਸਮਾਂ ਯਾਦ ਕਰਦਿਆਂ ਕਿਹਾ ਕਿ ਅਧਿਆਪਕ ਨੇ ਇਕ ਵਾਰ ਕਿਹਾ ਸੀ ਕਿ ਕਦੇ ਕਿਸੇ ਦੀ ਪੱਗ ਅਤੇ ਸਿਰ 'ਤੇ ਹੱਥ ਨਹੀਂ ਲਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੇ ਗਿਆਨ ਦੇ ਕਾਰਨ ਅੱਜ ਉਹ ਇਸ ਮੁਕਾਮ 'ਤੇ ਹਨ। ਉਨ੍ਹਾਂ ਕਿਹਾ ਕਿ ਸੰਸਕਾਰਾਂ ਦੇ ਬਿਨਾਂ ਸਿੱਖਿਆ ਅਧੂਰੀ ਹੈ ਅਤੇ ਨੁਕਸਾਨ ਜ਼ਿਆਦਾ ਹੈ।


author

Babita

Content Editor

Related News