ਬੇ-ਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਇਆ ਧਰਨਾ

Sunday, Aug 11, 2019 - 02:43 PM (IST)

ਬੇ-ਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਇਆ ਧਰਨਾ

ਸੰਗਰੂਰ (ਯਾਦਵਿੰਦਰ) : ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਬੇਰੁਜ਼ਗਾਰ ਅਧਿਆਪਕ ਪਹਿਲਾਂ ਸਿਟੀ ਪਾਰਕ ਵਿਚ ਇਕੱਠੇ ਹੋਏ ਤੇ ਉਥੋਂ ਅਧਿਆਪਕ ਯੋਗਤਾ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੇ ਬੈਨਰ ਹੇਠ ਮਾਰਚ ਕਰਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਵਲ਼ ਕੂਚ ਕੀਤਾ, ਜਿਥੇ ਵੱਡੀ ਗਿਣਤੀ ਵਿਚ ਤਾਇਨਾਤ ਪੁਲਸ ਨੇ ਕੋਠੀ ਤੋਂ ਅੱਗੇ ਨਾਕਾਬੰਦੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਜਿਸ 'ਤੇ ਧਰਨਾਕਾਰੀਆਂ ਸੜਕ 'ਤੇ ਧਰਨਾ ਲਗਾ ਕੇ ਬੈਠ ਗਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਵੀਂ ਅਧਿਆਪਕ ਭਰਤੀ ਸਬੰਧੀ ਕੋਈ ਗੰਭੀਰਤਾ ਨਹੀਂ ਵਿਖਾ ਰਹੇ। ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਮਾਨਸਾ ਜ਼ਿਲੇ ਦੇ ਪਿੰਡ ਚੱਕ ਭਾਈਕਾ ਦਾ ਜਗਸੀਰ ਸਿੰਘ ਯੂ. ਜੀ. ਸੀ. ਨੈੱਟ, ਟੈੱਟ, ਐਮ. ਏ. ਬੀ. ਐੱਡ. ਉੱਚ ਯੋਗਤਾ ਪ੍ਰੀਖਿਆਵਾਂ ਪਾਸ ਖ਼ੁਦਕੁਸ਼ੀ ਕਰ ਗਿਆ। ਭਾਵੇਂ ਯੂਨੀਅਨ ਖ਼ੁਦਕੁਸ਼ੀ ਨੂੰ ਸਮੱਸਿਆਵਾਂ ਦਾ ਹੱਲ ਨਹੀਂ ਮੰਨਦੀ ਅਤੇ ਸੰਘਰਸ਼ ਨੂੰ ਇੱਕੋ-ਰਾਹ ਮੰਨਦੀ ਪਰ ਜਗਸੀਰ ਸਿੰਘ ਨੂੰ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋਇਆ ਸਮਝਦੀ ਹੈ। 

ਇਕ ਪਾਸੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ 'ਚ ਇਸ ਸਾਲ ਕਰੀਬ 52,000 ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕਰ ਰਿਹਾ ਹੈ, ਦੂਜੇ ਪਾਸੇ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ, ਜਦੋਂਕਿ ਸਿੱਖਿਆ ਵਿਭਾਗ 'ਚ ਕਰੀਬ 30 ਹਜ਼ਾਰ ਅਸਾਮੀਆਂ ਖ਼ਾਲੀ ਹਨ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵੇਲੇ ਨੌਜਵਾਨਾਂ ਨਾਲ ਘਰ-ਘਰ ਨੌਕਰੀ, 2500 ਬੇਰੁਜ਼ਗਾਰੀ ਭੱਤਾ ਅਤੇ ਹੋਰ ਵਾਅਦੇ ਕੀਤੇ ਸਨ, ਪ੍ਰੰਤੂ ਕਿਸੇ ਵੀ ਵਾਅਦੇ ਨੂੰ ਸੱਤਾ 'ਤੇ ਕਾਬਜ਼ ਹੋਣ ਉਪਰੰਤ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੀ.ਐੱਚ.ਡੀ, ਐਮ.ਫਿਲ਼, ਐਮ.ਏ, ਬੀਐੱਡ ਡਿਗਰੀਆਂ ਵਾਲ਼ੇ ਹਜ਼ਾਰਾਂ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਉਮੀਦਵਾਰ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਹਨ, ਜੇਕਰ ਸਿੱਖਿਆ ਵਿਭਾਗ ਜਲਦ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਕਰਦਾ ਤਾਂ ਉਮੀਦਵਾਰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।


author

Gurminder Singh

Content Editor

Related News