ਭਾਰਤ ’ਚੋਂ ਪੰਜਾਬ ਦੇ ਦੋ ਅਧਿਆਪਕਾਂ ਦੀ ਆਨਲਾਈਨ ਮਲੇਸ਼ੀਆਈ ਸਿਖਲਾਈ ਵਰਕਸ਼ਾਪ ਲਈ ਚੋਣ

Monday, Jun 21, 2021 - 05:48 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦੋ ਅਧਿਆਪਕਾਂ ਦੀ ਚੋਣ ਆਨਲਾਈਨ ਮਲੇਸ਼ੀਅਨ ਟੈਕਨੀਕਲ ਕੋਆਪਰੇਸ਼ਨ ਪ੍ਰੋਗਰਾਮ ਫਾਰ ‘ਡਿਜ਼ੀਟਲ ਟੂਲਜ਼ ਟੂ ਡਿਵੈੱਲਪ ਬੇਸਿਕ ਇੰਗਲਿਸ਼ ਲੈਂਗੂਏਜ਼ ਪ੍ਰਾਫ਼ੀਸ਼ਿਐਂਸੀ’ ਲਈ ਹੋਈ ਹੈ। ਇਹ ਪ੍ਰੋਗਰਾਮ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਬੰਧਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਅੰਤਰਰਾਸ਼ਟਰੀ ਮੰਚ ਲਈ ਸਰਕਾਰੀ ਸਕੂਲਾਂ ਨਾਲ ਸਬੰਧਤ ਅਧਿਆਪਕਾਂ ਦੀ ਚੋਣ ਸਿੱਖਿਆ ਵਿਭਾਗ ਲਈ ਬਹੁਤ ਮਾਣ ਵਾਲੀ ਗੱਲ ਹੈ। ਪੰਜਾਬ ਦੀ ਇਕ ਵਿਲੱਖਣ ਪ੍ਰਾਪਤੀ ਹੈ ਕਿਉਂਕਿ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਪੂਰੇ ਭਾਰਤ ਵਿਚੋਂ ਚੁਣੇ ਗਏ ਦੋਵੇਂ ਅਧਿਆਪਕ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਹੀ ਸਬੰਧਿਤ ਹਨ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਇਹ ਕੀ ਬੋਲ ਗਏ ਅਰਵਿੰਦ ਕੇਜਰੀਵਾਲ

ਗੌਰਤਲਬ ਹੈ ਕਿ ਮਲੇਸ਼ੀਆ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਤੋਂ ਇਸ ਸਿਖਲਾਈ ਪ੍ਰੋਗਰਾਮ ਲਈ ਯੋਗ ਉਮੀਦਵਾਰਾਂ ਤੋਂ ਤਕਰੀਬਨ ਡੇਢ ਮਹੀਨਾ ਪਹਿਲਾਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੁਆਰਾ ਆਰਥਿਕ ਮਾਮਲੇ ਵਿਭਾਗ ਅਧੀਨ ਇੱਕ ਪੱਤਰ ਜਾਰੀ ਕਰਕੇ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਇਸ ਸਬੰਧੀ ਆਪਣੇ ਯੋਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰਜ ਕਰਵਾਉਣ ਲਈ ਕਿਹਾ ਗਿਆ ਸੀ। ਮਲੇਸ਼ੀਆ ਸਰਕਾਰ ਵੱਲੋਂ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਵੱਖ-ਵੱਖ ਦੇਸ਼ਾਂ ਵਿਚੋਂ 15 ਯੋਗ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਪੰਜਾਬ ’ਚ ਮੁੱਖ ਮੰਤਰੀ ਚਿਹਰੇ ’ਤੇ ਵੱਡਾ ਖ਼ੁਲਾਸਾ

ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਇਹ ਟ੍ਰੇਨਿੰਗ ਦੋ ਗੇੜਾਂ ਕ੍ਰਮਵਾਰ 21 ਜੂਨ ਤੋਂ 28 ਜੂਨ ਅਤੇ 28 ਜੂਨ ਤੋਂ 2 ਜੁਲਾਈ ਤੱਕ ਦਿੱਤੀ ਜਾ ਰਹੀ ਹੈ। ਪੰਜਾਬ ਵੱਲੋਂ ਛੇ ਯੋਗ ਅਧਿਆਪਕਾਂ ਦੀਆਂ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਪੰਜਾਬ ਦੇ ਦੋ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਮਜ਼ਦਗੀ ਤੋਂ ਬਾਅਦ ਸਬੰਧਿਤ ਅਧਿਆਪਕਾਂ ਦਾ ਆਨਲਾਈਨ ਪ੍ਰੀ-ਇਮਤਿਹਾਨ ਵੀ ਲਿਆ ਗਿਆ ਸੀ। ਇਨ੍ਹਾਂ ਅਧਿਆਪਕਾਂ ਵਿਚ ਅੰਗਰੇਜ਼ੀ, ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂਵਾਲੀ (ਜਲੰਧਰ) ਰੋਹਿਤ ਕੁਮਾਰ ਸੈਣੀ ਅਤੇ ਅੰਗਰੇਜ਼ੀ ਲੈਕਚਰਾਰ, ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ (ਲੁਧਿਆਣਾ) ਸ਼ਕਤੀ ਕੁਮਾਰ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡਾ ਧਮਾਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ

ਇਹ ਅਧਿਆਪਕ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਮਲੇਸ਼ੀਆ ਸਰਕਾਰ ਵੱਲੋਂ ਆਯੋਜਿਤ ਵਰਚੂਅਲ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਚੁਣੇ ਗਏ ਕੁੱਲ 15 ਉਮੀਦਵਾਰਾਂ ਵਿਚੋਂ ਭਾਰਤ ਦੇ 2, ਸੁਡਾਨ ਦੇ 10, ਥਾਈਲੈਂਡ, ਫਿਲੀਪੀਨੀਜ਼ ਅਤੇ ਯੁਕਰੇਨ ਤੋਂ ਕ੍ਰਮਵਾਰ ਇਕ-ਇਕ ਉਮੀਦਵਾਰ ਸ਼ਾਮਲ ਹੈ। ਇਸ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਵੀ ਸਬੰਧਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਿਖਲਾਈ ਵਰਕਸ਼ਾਪਾਂ ਅਧਿਆਪਕਾਂ ਨੂੰ ਆਪਣੇ ਪੜ੍ਹਾਉਣ ਵਿਸ਼ੇ ਵਿਚ ਮੁਹਾਰਤਾ ਪ੍ਰਦਾਨ ਕਰਨ ਤੋਂ ਇਲਾਵਾ ਸਮੇਂ ਦੇ ਹਾਣ ਦਾ ਵੀ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਦੀ ਯੋਗਤਾ ਅਤੇ ਸਮਰੱਥਾ ’ਤੇ ਪੂਰਨ ਵਿਸ਼ਵਾਸ ਹੈ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਧੜ ਤੋਂ ਵੱਖ ਹੋਇਆ ਸਿਰ ਦੇਖ ਕੰਬੇ ਲੋਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News