ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਨੇ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ
Sunday, Feb 23, 2020 - 06:16 PM (IST)
ਸੰਗਰੂਰ (ਬੇਦੀ) : ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਵਾਅਦਾ ਖ਼ਿਲਾਫੀ ਦੇ ਰੋਸ ਵਜੋਂ ਲਾਲ-ਬੱਤੀ ਚੌਂਕ ਵਿਖੇ ਮੰਤਰੀ ਦਾ ਪੁਤਲਾ ਫੂਕਦਿਆਂ ਰੋਸ-ਪ੍ਰਦਰਸ਼ਨ ਕੀਤਾ ਗਿਆ। ਸੰਗਰੂਰ ਵਿਖੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੱਕਾ-ਧਰਨਾ 168 ਦਿਨਾਂ ਤੋਂ ਜਾਰੀ ਹੈ। ਬੇਰੁਜ਼ਗਾਰ ਅਧਿਆਪਕ ਭਰਤੀ ਲਈ ਉਮਰ-ਹੱਦ 37 ਤੋਂ 42 ਸਾਲ ਕਰਕੇ 15 ਹਜ਼ਾਰ ਅਸਾਮੀਆਂ ਦੇ ਇਸ਼ਤਿਹਾਰ ਦੀ ਮੰਗ ਕਰ ਰਹੇ ਹਨ। ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਮਾਓਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਪੂਨਮ ਰਾਣੀ, ਗਗਨਦੀਪ ਗਰੇਵਾਲ ਨੇ ਕਿਹਾ ਕਿ ਯੂਨੀਅਨ ਨੇ 1 ਮਾਰਚ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਉਨ੍ਹਾਂ ਕਿਹਾ ਕਿ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਲੈਣ, ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਸਬੰਧੀ ਸਰਕਾਰ ਦੀ ਖਾਮੋਸ਼ੀ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਲੋਕ-ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਲਮਕਾਉਣਾ ਚਾਹੁੰਦੀ ਹੈ।
ਆਗੂਆਂ ਨੇ ਮੁੱਖ-ਮੰਤਰੀ ਤੋਂ ਮੰਗ ਕੀਤੀ ਹੈ ਕਿ ਅਧਿਆਪਕ ਭਰਤੀ ਲਈ ਉਮਰ-ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਕਿਉਕਿ ਨੌਕਰੀ ਉਡੀਕਦਿਆਂ ਹਜ਼ਾਰਾਂ ਟੈੱਟ ਪਾਸ ਉਮੀਦਵਾਰ ਓਵਰ-ਏਜ਼ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਬਾਰਡਰ-ਕੇਡਰ ਬਣਾ ਕੇ ਭਰਤੀ ਕਰਨ ਦੀ ਬਜਾਏ, ਪੂਰੇ ਪੰਜਾਬ 'ਚ ਖਾਲੀ ਪਈਆਂ ਲਗਭਗ 30 ਹਜ਼ਾਰ ਅਸਾਮੀਆਂ ਭਰੇ। ਇਸ ਮੌਕੇ ਰਣਬੀਰ ਨਦਾਮਪੁਰ, ਕੁਲਵਿੰਦਰ ਨਦਾਮਪੁਰ, ਗੁਰਦੀਪ ਮਾਨਸਾ, ਨਵਜੀਵਨ ਸਿੰਘ, ਯੁੱਧਜੀਤ ਬਠਿੰਡਾ, ਅਮਨ ਸ਼ੇਖ਼ਾ, ਸੰਦੀਪ ਗਿੱਲ,ਅਮਨ ਬਾਵਾ, ਕੁਲਵੰਤ ਲੌਂਗੋਵਾਲ, ਗੁਰਪ੍ਰੀਤ ਖੇੜੀ ਵੀ ਹਾਜ਼ਰ ਸਨ।