300 ਕਿਲੋਮੀਟਰ ਤੱਕ ਦੂਰ ਬਣਾਏ ਟੈੱਟ ਪ੍ਰੀਖਿਆ ਕੇਂਦਰ ਬਣੇ ਮੁਸੀਬਤ

12/18/2019 12:00:20 AM

ਚੰਡੀਗੜ੍ਹ,(ਭੁੱਲਰ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 22 ਦਸੰਬਰ ਨੂੰ ਲਈ ਜਾਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ 'ਚ ਬੈਠਣ ਵਾਲੇ ਪ੍ਰੀਖਿਆਰਥੀਆਂ ਦੇ ਦੂਰ-ਦੁਰਾਡੇ ਪ੍ਰੀਖਿਆ ਕੇਂਦਰ ਬਣਾਉਣ ਕਾਰਨ ਇਨ੍ਹਾਂ ਪ੍ਰੀਖਿਆਰਥੀਆਂ ਲਈ ਮੁਸ਼ਕਿਲ ਦੀ ਸਥਿਤੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ 2018 'ਚ ਹੋਣੀ ਸੀ ਪਰ ਦੇਰੀ ਨਾਲ ਦਸੰਬਰ- 2019 'ਚ ਹੋ ਰਹੀ ਹੈ ਪਰ ਦੂਰ-ਦੁਰਾਡੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਕਾਰਨ ਇਸ ਪ੍ਰੀਖਿਆ 'ਤੇ ਸਹੀ ਢੰਗ ਨਾਲ ਸਿਰੇ ਚੜ੍ਹਨ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਈ. ਟੀ.ਟੀ. ਤੇ ਬੀ. ਐਡ. ਪਾਸ ਲੱਖਾਂ ਪ੍ਰੀਖਿਆਰਥੀਆਂ ਨੇ ਇਸ ਪ੍ਰੀਖਿਆ 'ਚ ਬੈਠਣਾ ਹੈ। ਅਧਿਆਪਕ ਯੂਨੀਅਨਾਂ ਨੇ ਵੀ ਪ੍ਰੀਖਿਆਰਥੀਆਂ ਨੂੰ ਦੂਰ-ਦੁਰਾਡੇ ਕੇਂਦਰਾਂ 'ਤੇ ਜਾਣ 'ਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਸ ਦਾ ਵਿਰੋਧ ਕਰਦਿਆਂ ਸਕੂਲ ਬੋਰਡ ਨੂੰ ਇਸ ਬਾਰੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਇਸ ਪ੍ਰੀਖਿਆ 'ਚ ਬੈਠਣ ਵਾਲੇ ਜ਼ਿਲਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਪ੍ਰੀਖਿਆਰਥੀਆਂ ਇੰਦੂ ਸ਼ਰਮਾ, ਅੰਕਿਤਾ, ਗੁਰਵਿੰਦਰ ਕੌਰ ਨੇ ਦੱਸਿਆ ਹੈ ਕਿ ਫਾਰਮਾਂ 'ਚ ਉਨ੍ਹਾਂ ਨੇ ਜੋ ਪ੍ਰੀਖਿਆ ਕੇਂਦਰ ਭਰੇ ਸਨ, ਉਹ ਨਾ ਦੇ ਕੇ ਸਰਕਾਰ ਵਲੋਂ ਆਪਣੀ ਮਰਜ਼ੀ ਨਾਲ ਪ੍ਰੀਖਿਆ ਕੇਂਦਰ ਦਿੱਤੇ ਗਏ ਹਨ।

ਇਹ ਪ੍ਰੀਖਿਆ ਕੇਂਦਰ ਪ੍ਰੀਖਿਆਰਥੀਆਂ ਦੀ ਰਿਹਾਇਸ਼ ਤੋਂ 300 ਕਿਲੋਮੀਟਰ ਤੱਕ ਦੀ ਦੂਰੀ 'ਤੇ ਹਨ, ਜਿਥੇ ਸਮੇਂ ਸਿਰ ਪਹੁੰਚਣਾ ਉਨ੍ਹਾਂ ਨੂੰ ਮੁਸ਼ਕਿਲ ਹੋਵੇਗਾ। ਵਿਸ਼ੇਸ਼ ਤੌਰ 'ਤੇ ਲੜਕੀਆਂ ਲਈ ਜ਼ਿਆਦਾ ਪ੍ਰੇਸ਼ਾਨੀ ਹੋਵੇਗੀ। ਦੱਸਿਆ ਗਿਆ ਕਿ ਸੰਗਰੂਰ ਵਰਗੇ ਜ਼ਿਲਿਆਂ ਨਾਲ ਸਬੰਧਤ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਫਰੀਦਕੋਟ, ਰੋਪੜ ਤੇ ਗੁਰਦਾਸਪੁਰ ਵਰਗੇ ਜ਼ਿਲਿਆਂ 'ਚ ਬਣਾਏ ਗਏ ਹਨ। ਕਈ ਪ੍ਰੀਖਿਆਰਥੀਆਂ ਦਾ ਇਹ ਕਹਿਣਾ ਹੈ ਕਿ ਮੌਜੂਦਾ ਸਮੇਂ ਦੌਰਾਨ ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਵਲੋਂ ਵੀ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ, ਜਿਸ ਕਾਰਨ ਪ੍ਰੀਖਿਆਰਥੀਆਂ ਲਈ ਆਪਣੇ ਰਿਹਾਇਸ਼ੀ ਜਿਲ੍ਹੇ ਤੋਂ ਦੂਰ ਟੀ. ਈ. ਟੀ ਪ੍ਰੀਖਿਆ ਦੇ ਕੇਂਦਰ ਸਥਾਪਿਤ ਹੋਣ ਨਾਲ ਇਨ੍ਹਾਂ ਲਈ ਇਸ ਪ੍ਰੀਖਿਆ 'ਚ ਹਿੱਸਾ ਲੈਣਾ ਵਿਹਾਰਕ ਤੌਰ 'ਤੇ ਵੀ ਇਕ ਵੱਡੀ ਸਮੱਸਿਆ ਬਣ ਗਿਆ ਹੈ। ਆਗੂਆਂ ਨੇ ਦੱਸਿਆ ਕਿ ਪ੍ਰੀਖਿਆਰਥੀਆਂ 'ਚ ਬਹੁਗਿਣਤੀ ਔਰਤ
ਉਮੀਦਵਾਰਾਂ ਦੀ ਸੁਰੱਖਿਆ ਨਾਲ ਸੰਬੰਧਿਤ ਚੁਣੌਤੀਆਂ ਦਾ ਹੱਲ ਕੱਢਣ ਅਤੇ ਸੂਬੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਤੇ ਧੁੰਦ ਕਾਰਨ ਹਾਦਸੇ ਹੋਣ ਦੀ ਵਧੇਰੇ ਸੰਭਾਵਨਾ ਨੂੰ ਦੇਖਦੇ ਹੋਏ ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ) ਲਈ ਪ੍ਰੀਖਿਆ ਕੇਂਦਰ ਪ੍ਰੀਖਿਆਰਥੀਆਂ ਦੇ ਗ੍ਰਹਿ ਜਿਲਿਆਂ 'ਚ ਹੀ ਸਥਾਪਿਤ ਕਰਨੇ ਚਾਹੀਂਦੇ ਹਨ ਅਤੇ ਪ੍ਰੀਖਿਆ ਦੀ ਤਰੀਕ ਮੁੜ ਨਿਰਧਾਰਿਤ ਕੀਤੀ ਜਾਵੇ।

ਟੈਟ ਪਾਸ ਬੇਰੁਜ਼ਗਾਰ ਬੀ. ਐਡ. ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਸੂਬਾ ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ 2011 ਤੋਂ ਸ਼ੁਰੂ ਹੋਏ ਇਸ ਟੈਸਟ ਅਕਸਰ ਹੀ ਜਿਲ੍ਹੇ ਦੇ ਅੰਦਰ ਹੀ ਲਿਆ ਜਾਂਦਾ ਸੀ, ਪਰ ਇਸ ਵਾਰ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦੇ ਹੋਏ ਉਨ੍ਹਾਂ ਦੇ ਜਿਲਿਆ ਤੋਂ ਕਰੀਬ 100 ਤੋਂ 300 ਕਿਲੋਮੀਟਰ ਦੂਰ ਸਟੇਸ਼ਨ ਬਣਾਏ ਗਏ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਤੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਅਤੇ ਈ.ਟੀ.ਟੀ ਬੇਰੁਜ਼ਗਾਰ ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਅਧਿਆਪਕ ਆਗੂਆਂ ਵਲੋਂ ਵਿਭਾਗ ਤੋਂ ਮੰਗ ਕੀਤੀ ਗਈ ਕਿ ਪ੍ਰੀਖਿਆ ਮੁਲਤਵੀ ਕਰਕੇ ਪ੍ਰੀਖਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਉਨ੍ਹਾਂ ਦੀ ਰਿਹਾਇਸ਼ ਦੀਆਂ ਨੇੜਲੀਆਂ ਥਾਵਾਂ 'ਤੇ ਪ੍ਰੀਖਿਆ ਕੇਂਦਰ ਮੁੜ ਬਣਾਏ ਜਾਣ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚ.ਸੀ. ਅਰੋੜਾ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਅਧਿਆਪਕ ਯੋਗਤਾ ਪ੍ਰੀਖਿਆ ਮੁਲਤਵੀ ਕਰਕੇ ਪੀ੍ਰਖਿਆ ਕੇਂਦਰ ਮੁੜ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਮਨੁੱਖਤਾ ਦੇ ਆਧਾਰ 'ਤੇ ਵੀ ਇਹ ਜਰੂਰੀ ਹੈ।


Related News