ਭਿਖਾਰੀਆਂ ਨੂੰ ਫੜਨ ਲਈ ਟਾਸਕ ਫੋਰਸ ਦੀ ਛਾਪੇਮਾਰੀ
Sunday, Sep 17, 2017 - 06:06 AM (IST)
ਅੰਮ੍ਰਿਤਸਰ, (ਨੀਰਜ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਚਾਈਲਡ ਵੈੱਲਫੇਅਰ ਕੌਂਸਲ, ਰੈੱਡ ਕਰਾਸ, ਪੁਲਸ, ਜ਼ਿਲਾ ਸਿੱਖਿਆ ਵਿਭਾਗ, ਜ਼ਿਲਾ ਪ੍ਰੋਗਰਾਮ ਅਫ਼ਸਰ, ਸਿਹਤ ਵਿਭਾਗ, ਰੇਲਵੇ ਪੁਲਸ ਅਤੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀਆਂ ਨੇ ਸ਼ਹਿਰ ਵਿਚ ਭੀਖ ਮੰਗਣ ਵਾਲੇ ਅਤੇ ਦੁਕਾਨਾਂ ਤੇ ਹੋਰ ਕਾਰੋਬਾਰੀਆਂ ਅਦਾਰਿਆਂ ਵਿਚ ਬਾਲ ਮਜ਼ਦੂਰੀ ਕਰਦੇ ਬੱਚਿਆਂ ਤੇ ਉਨ੍ਹਾਂ ਤੋਂ ਕੰਮ ਕਰਵਾ ਰਹੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ।
ਇਸ ਬਾਰੇ ਜਾਣਕਾਰੀ ਦਿੰਦੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਸ਼੍ਰੀਮਤੀ ਮਨਪ੍ਰੀਤ ਕੌਰ ਸਰਾਂ ਨੇ ਦੱਸਿਆ ਕਿ ਰੇਲਵੇ ਅਤੇ ਬੱਸ ਸਟੈਂਡ 'ਤੇ ਭਿਖਾਰੀਆਂ ਅਤੇ ਇਸ ਦੇ ਨਾਲ ਲੱਗਦੀਆਂ ਦੁਕਾਨਾਂ 'ਤੇ ਕੰਮ ਕਰਦੇ ਬਾਲ ਮਜ਼ਦੂਰਾਂ ਨੂੰ ਰੋਕਣ ਲਈ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਅਤੇ ਭੀਖ ਮੰਗ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪਹਿਲੀ ਵਾਰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ ਪਰ ਭਵਿੱਖ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ 3 ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬਾਲ ਮਜ਼ਦੂਰੀ ਅਤੇ ਭੀਖ ਦੋਵੇਂ ਕੰਮ ਗੈਰ-ਕਾਨੂੰਨੀ ਹਨ, ਜੋ ਕਿ ਇਸ ਪਵਿਤੱਰ ਤੇ ਇਤਿਹਾਸਕ ਨਗਰੀ ਵਿਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਭੀਖ ਮੰਗਣ ਅਤੇ ਭੀਖ ਦੇਣ ਵਾਲਿਆਂ ਦੋਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਹਫਤੇ ਇਹ ਛਾਪੇ ਨਿਰੰਤਰ ਜਾਰੀ ਰੱਖੇ ਜਾਣਗੇ।
ਸ਼੍ਰੀਮਤੀ ਸਰਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਸੰਘਾ ਨੇ ਇਸ ਕੰਮ ਲਈ ਪੁਲਸ ਤੇ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਨ ਵਾਸਤੇ ਸਹਾਇਕ ਜਨਰਲ ਸ਼੍ਰੀ ਵਿਕਾਸ ਹੀਰਾ ਨੂੰ ਇਸ ਕੰਮ ਲਈ ਨੋਡਲ ਅਧਿਕਾਰੀ ਲਗਾਉਂਦੇ ਹੋਏ ਹਦਾਇਤ ਕੀਤੀ ਹੈ ਕਿ ਹਰੇਕ ਮਹੀਨੇ ਇਸ ਮੁਹਿੰਮ ਦੀ ਸਮੀਖਿਆ ਕੀਤੀ ਜਾਵੇ। ਇਸ ਮੁਹਿੰਮ ਵਿਚ ਗੈਰ-ਸਰਕਾਰੀ ਸੰਸਥਾਵਾਂ ਅਤੇ ਸ਼ਹਿਰ ਦੇ ਹੋਰ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕਰਦੇ ਸ਼੍ਰੀਮਤੀ ਸਰਾਂ ਨੇ ਕਿਹਾ ਕਿ ਜੇਕਰ ਉਹ ਬਾਲ ਮਜ਼ਦੂਰੀ ਜਾਂ ਬੱਚਿਆਂ ਕੋਲੋਂ ਭੀਖ ਮੰਗਵਾਉਂਦੇ ਦੇਖਦੇ ਹਨ ਤਾਂ ਚਾਈਲਡ ਹੈਲਪਲਾਈਨ ਨੰ. 1098 'ਤੇ ਸੰਪਰਕ ਕਰ ਸਕਦੇ ਹਨ।
