ਵਿਰੋਧੀ ਪਾਰਟੀਆਂ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਵਿਰੋਧ ਕਰਨ ਦੇ ਫੈਸਲੇ ਦੀ ਤਰੁਣ ਚੁਘ ਨੇ ਕੀਤੀ ਸਖ਼ਤ ਨਿਖੇਧੀ
Friday, May 26, 2023 - 01:03 PM (IST)
ਜਲੰਧਰ (ਵਿਸ਼ੇਸ਼) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ 19 ਵਿਰੋਧੀ ਪਾਰਟੀਆਂ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਵਿਰੋਧ ਕਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਬੋਲਿਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੇ ਨਾਲ-ਨਾਲ ਦੇਸ਼ ਦਾ ਵਿਰੋਧ ਕਰਨ ਦੀ ਆਦਤ ਪੈ ਗਈ ਹੈ। ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਦੁਨੀਆ ’ਚ ਸਭ ਤੋਂ ਵੱਧ ਹੈ, ਜੋ ਇਨ੍ਹਾਂ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੀ। ਚੁਘ ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੀ ਸਰਵਉੱਚ ਸੰਸਥਾ ਦੇ ਉਦਘਾਟਨ ਵਰਗੇ ਪਵਿੱਤਰ ਪ੍ਰੋਗਰਾਮ ਨੂੰ ਲੈ ਕੇ ਵੀ ਵਿਰੋਧੀ ਧਿਰ ਵਲੋਂ ਘਟੀਆ ਰਾਜਨੀਤੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਵਿਰੋਧੀ ਪਾਰਟੀਆਂ ਦਾ ਇਹ ਫੈਸਲਾ ਨਾ ਸਿਰਫ਼ ਅਪਮਾਨਜਨਕ ਫੈਸਲਾ ਹੈ, ਸਗੋਂ ਮਹਾਨ ਦੇਸ਼ ਦੀਆਂ ਸੰਸਦੀ ਮਰਿਆਦਾ, ਜਮਹੂਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਮਾਨਤਾਵਾਂ ’ਤੇ ਹਮਲਾ ਹੈ। ਚੁਘ ਨੇ ਵਿਰੋਧੀ ਧਿਰ ਨੂੰ ਆਪਣੀ ਪਿੱਠ ਪਿੱਛੇ ਦੇਖਣ ਲਈ ਕਿਹਾ ਅਤੇ ਯਾਦ ਦਿਵਾਇਆ ਕਿ 24 ਅਕਤੂਬਰ, 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨਵੀਂ ਦਿੱਲੀ ’ਚ ਸੰਸਦ ਦੀ ਐਨੈਕਸੀ ਯਾਨੀ ਉਪਭਵਨ ਦਾ ਉਦਘਾਟਨ ਕੀਤਾ ਸੀ। ਉਸ ਸਮੇਂ ਦੇਸ਼ ’ਚ ਐਮਰਜੈਂਸੀ ਚੱਲ ਰਹੀ ਸੀ ਅਤੇ ਰਾਸ਼ਟਰਪਤੀ ਨੂੰ ਇਸ ਸਮਾਰੋਹ ’ਚ ਬੁਲਾਇਆ ਨਹੀਂ ਗਿਆ ਸੀ। 15 ਅਗਸਤ 1987 ਨੂੰ ਰਾਜੀਵ ਗਾਂਧੀ ਨੇ ਸੰਸਦ ਭਵਨ ’ਚ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀ। ਕਾਂਗਰਸ ਸਰਕਾਰ ਵੇਲੇ ਹੋਏ ਇਸ ਸਮਾਰੋਹ ’ਚ ਰਾਸ਼ਟਰਪਤੀ ਨੂੰ ਵੀ ਸੱਦਾ ਤਕ ਨਹੀਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ ਵਫ਼ਦ 29 ਮਈ ਨੂੰ ਦਿੱਲੀ ਵਿਖੇ ਜਾ ਕੇ ਪਹਿਲਵਾਨਾਂ ਦੀ ਕਰੇਗਾ ਹਮਾਇਤ
ਸਾਲ 2014 ’ਚ ਜਦੋਂ ਯੂ. ਪੀ. ਏ. ਸਰਕਾਰ ਦੇ ਮੁੱਖ ਮੰਤਰੀਆਂ ਨੇ ਝਾਰਖੰਡ ਅਤੇ ਅਸਾਮ ’ਚ ਵਿਧਾਨ ਸਭਾ ਭਵਨਾਂ ਦੇ ਨੀਂਹ ਪੱਥਰ ਰੱਖੇ ਸਨ ਤਾਂ ਰਾਜਪਾਲਾਂ ਨੂੰ ਵੀ ਨਹੀਂ ਬੁਲਾਇਆ ਗਿਆ ਸੀ। ਸਾਲ 2020 ’ਚ ਸੋਨੀਆ ਗਾਂਧੀ ਨੇ ਛੱਤੀਸਗੜ੍ਹ ’ਚ ਨਵੇਂ ਵਿਧਾਨ ਸਭਾ ਭਵਨ ਦਾ ਨੀਂਹ ਪੱਥਰ ਰੱਖਿਆ ਸੀ, ਜਿਸ ’ਚ ਰਾਜਪਾਲ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ ਸੀ। ਹਾਲ ਹੀ ’ਚ ਤੇਲੰਗਾਨਾ ਦੇ ਵਿਧਾਨ ਸਭਾ ਭਵਨ ਦਾ ਉਦਘਾਟਨ ਮੁੱਖ ਮੰਤਰੀ ਕੇ. ਸੀ. ਰਾਓ ਨੇ ਕੀਤਾ ਪਰ ਰਾਜਪਾਲ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਸੰਸਦੀ ਪ੍ਰਕਿਰਿਆਵਾਂ-ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨਾ, ਸੈਸ਼ਨਾਂ ’ਚ ਵਿਘਨ ਪਾਉਣਾ, ਮਹੱਤਵਪੂਰਨ ਵਿਧਾਨਕ ਕੰਮਾਂ ਦੌਰਾਨ ਸਦਨ ਦਾ ਬਾਈਕਾਟ ਕਰਨਾ ਵਿਰੋਧੀ ਧਿਰ ਦੀ ਆਦਤ ਬਣ ਗਈ ਹੈ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਪ੍ਰਤੀ ਦਿਖਾਇਆ ਗਿਆ ਗੈਰ-ਜ਼ਿੰਮੇਵਾਰਨਾ ਰਵੱਈਆ ਮਰਿਆਦਾ ਦੇ ਸਿਖਰ ’ਤੇ ਪਹੁੰਚ ਗਿਆ ਸੀ, ਜਿਸ ਨੂੰ ਸਾਰੇ ਦੇਸ਼ ਨੇ ਦੇਖਿਆ ਸੀ। ਉਨ੍ਹਾਂ ਦੀ ਉਮੀਦਵਾਰੀ ਦਾ ਸਖ਼ਤ ਵਿਰੋਧ ਕਰ ਕੇ ਉਨ੍ਹਾਂ ਦਾ ਅਪਮਾਨ ਕਰ ਕੇ ਦੇਸ਼ ਦੀ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦਾ ਸਿੱਧਾ ਅਪਮਾਨ ਕਰਨ ਵਾਲੀ ਕਾਂਗਰਸ ਦੇ ਮੂੰਹ ਤੋਂ ਇਸ ਤਰ੍ਹਾਂ ਦੀ ਗੱਲ ਚੰਗੀ ਨਹੀਂ ਲੱਗਦੀ।
ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਸੂਬੇ ’ਚ ਕੌਮੀ ਮਾਰਗਾਂ ਤੇ ਰੇਲਵੇ ਪ੍ਰਾਜੈਕਟਾਂ ਲਈ ਰਹਿੰਦੇ ਕੰਮ ਜਲਦ ਪੂਰਾ ਕਰਨ ਦੇ ਦਿੱਤੇ ਆਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani