ਤਰੁਣ ਚੁੱਘ ਦਾ ਵਿਰੋਧੀਆਂ 'ਤੇ ਹਮਲਾ, 'ਭਾਜਪਾ ਨੂੰ ਸਿੱਖੀ ਵਿਰੋਧੀ ਕਹਿਣ ਵਾਲੇ ਕਾਂਗਰਸ ਦਾ ਇਤਿਹਾਸ ਘੋਖ ਲੈਣ'
Sunday, May 07, 2023 - 01:35 AM (IST)
ਜਲੰਧਰ (ਰਮਨਦੀਪ ਸਿੰਘ ਸੋਢੀ): ਜਲੰਧਰ ਲੋਕ ਸਭਾ ਹਲਕੇ ਦੀ ਸੀਟ 'ਤੇ ਜ਼ਿਮਨੀ ਚੋਣ ਹੋ ਰਹੀ ਹੈ। ਜਲੰਧਰ ਸਿਆਸਤ ਦਾ ਕੇਂਦਰ ਬਣ ਗਿਆ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਟੀ ਦੇ ਆਗੂਆਂ ਨੇ ਜਲੰਧਰ ਵਿਚ ਡੇਰੇ ਲਾਏ ਹੋਏ ਹਨ।
10 ਮਈ ਨੂੰ ਵੋਟਾਂ ਪੈਣੀਆਂ ਹਨ। ਜਿਉਂ-ਜਿਉਂ ਵੋਟਾਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ। ਭਾਜਪਾ ਵੀ ਆਪਣੇ ਪੱਧਰ 'ਤੇ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਸਮੁੱਚੀ ਪਾਰਟੀ ਇਸ ਚੋਣ ਵਿਚ ਜਿੱਤ ਦਾ ਝੰਡਾ ਲਹਿਰਾਉਣ ਲਈ ਯਤਨਸ਼ੀਲ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਸ ਵਾਰ ਅਕਾਲੀ ਦਲ-ਭਾਜਪਾ ਅਲੱਗ-ਅਲੱਗ ਚੋਣਾਂ ਲੜ ਰਹੇ ਹਨ ਅਤੇ ਲੋਕਾਂ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਭਾਜਪਾ ਅਕਾਲੀ ਦਲ ਨੂੰ ਪਿੱਛੇ ਛੱਡਦੀ ਹੈ ਜਾਂ ਅਕਾਲੀ ਦਲ ਭਾਜਪਾ ਨੂੰ ਪਿੱਛੇ ਛੱਡਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਹਾਲਤ ਜੋ ਇਨ੍ਹਾਂ 13 ਮਹੀਨਿਆਂ ਵਿਚ ਹੋਈ, ਉਹ ਕਦੀ ਨਹੀਂ ਦੇਖੀ: ਅਵਿਨਾਸ਼ ਰਾਏ ਖੰਨਾ
ਇਸ ਸਬੰਧੀ ਅੱਜ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਗੱਲ ਕੀਤੀ ਗਈ ਕਿ ਭਾਜਪਾ ਦੀ ਰਣਨੀਤੀ ਕੀ ਹੈ ਅਤੇ ਪੰਜਾਬ ਨੂੰ ਲੈ ਕੇ ਭਾਜਪਾ ਦਾ ਰੋਡਮੈਪ ਕੀ ਹੈ? ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਵਰ੍ਹਦਿਆਂ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਨੂੰ ਸਿੱਖ ਵਿਰੋਧੀ ਕਹਿਣ ਵਾਲਿਆਂ ਨੂੰ ਕਾਂਗਰਸ ਦਾ ਇਤਿਹਾਸ ਘੋਖ ਲੈਣਾ ਚਾਹੀਦਾ ਹੈ ਕਿ ਕੌਣ ਸਿੱਖ ਵਿਰੋਧੀ ਹੈ। ਪੇਸ਼ ਹਨ ਭਾਜਪਾ ਆਗੂ ਨਾਲ ਹੋਈ ਗੱਲਬਾਤ ਦੇ ਅੰਸ਼:
ਲੋਕ ਚਾਹੁੰਦੇ ਹਨ ਕਿ ਭਾਜਪਾ ਜਲੰਧਰ ਵਿਚ ਚੋਣਾਂ ਜਿੱਤੇ
ਜਦੋਂ ਤਰੁਣ ਚੁੱਘ ਨੂੰ ਪੁੱਛਿਆ ਗਿਆ ਕਿ ਤੁਸੀਂ ਜ਼ਮੀਨ 'ਤੇ ਕੀ ਸਥਿਤੀ ਦੇਖਦੇ ਹੋ, ਤਾਂ ਉਨ੍ਹਾਂ ਕਿਹਾ ਕਿ 2022 'ਚ ਲੋਕਾਂ ਨੇ ਰਵਾਇਤੀ ਪਾਰਟੀਆਂ ਖ਼ਿਲਾਫ਼ ਫ਼ਤਵਾ ਜਾਰੀ ਕੀਤਾ ਸੀ। 2022 ਵਿਚ ਪਾਰਟੀ ਬਹੁਤ ਛੋਟੀ ਸੀ। ਅਕਾਲੀ ਦਲ ਦਾ ਸਾਥ ਛੱਡਿਆ ਸੀ। ਗਠਜੋੜ ਤਹਿਤ ਭਾਜਪਾ ਨੇ ਸਿਰਫ਼ 23 ਸੀਟਾਂ 'ਤੇ ਚੋਣ ਲੜੀ ਅਤੇ ਅਕਾਲੀ ਦਲ ਨੂੰ 94 ਸੀਟਾਂ ਦਿੱਤੀਆਂ। ਕਈ ਸਿਆਸੀ ਹਲਕੇ ਹਨ, ਜਿਨ੍ਹਾਂ ਵਿਚ ਅਸੀਂ ਬਿਲਕੁਲ ਨਵੇਂ ਸੀ।
ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਪਰ ਚੋਣਾਂ ਦੇ ਇਕ ਮਹੀਨੇ ਬਾਅਦ ਹੀ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਗਲਤੀ ਹੋ ਗਈ ਹੈ ਅਤੇ ਸੰਗਰੂਰ ਜ਼ਿਮਨੀ ਚੋਣ ਇਸ ਦਾ ਜਵਾਬ ਹੈ। ਪੰਜਾਬ ਵਿਚ ਕੁਝ ਮਹੀਨੇ ਪਹਿਲਾਂ 92 ਸੀਟਾਂ ਜਿੱਤ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਲੋਕ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ਨੂੰ ਹਾਰ ਤੋਂ ਨਹੀਂ ਬਚਾ ਸਕੇ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ, UP ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
ਹੁਣ ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਆ ਗਈ ਹੈ ਅਤੇ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਜੇਕਰ ਕੋਈ ਪੰਜਾਬ ਨੂੰ ਮੌਜੂਦਾ ਦੌਰ 'ਚੋਂ ਬਾਹਰ ਕੱਢ ਸਕਦਾ ਹੈ, ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਗੈਂਗਸਟਰਾਂ ਦੀ ਮਾਰ ਤੋਂ ਜੇਕਰ ਕੋਈ ਬਚਾ ਸਕਦਾ ਹੈ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ। ਜੇਕਰ ਕੋਈ ਪੰਜਾਬ ਦੀ ਆਰਥਿਕਤਾ ਨੂੰ ਲੀਹ 'ਤੇ ਲਿਆ ਸਕਦਾ ਹੈ ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਇਹ ‘ਆਪ’ ਸਰਕਾਰ ਦੀ ਨਾਕਾਮੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਹੈ, ਜਿਸ ਕਾਰਨ ਪੰਜਾਬ ਅੰਦਰ ਇਹ ਮਾਹੌਲ ਬਣ ਗਿਆ ਹੈ ਕਿ ਇਸ ਵਾਰ ਜਲੰਧਰ ਵਿਚ ਭਾਜਪਾ ਨੇ ਲੋਕ ਸਭਾ ਜ਼ਿਮਨੀ ਚੋਣ ਜਿੱਤੀ ਹੈ ਤਾਂ ਜੋ ਸਰਕਾਰ ਨੂੰ ਸੁਨੇਹਾ ਜਾਵੇ ਕਿ ਪੰਜਾਬ ਵਿਕਾਸ ਅਤੇ ਤਰੱਕੀ ਚਾਹੁੰਦਾ ਹੈ।
ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਕੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਦਾ ਪਿੰਡਾਂ ਵਿਚ ਆਧਾਰ ਨਹੀਂ ਹੈ ਅਤੇ ਭਾਜਪਾ ਨੂੰ ਪਿੰਡਾਂ ਵਿਚ ਸਥਾਪਤ ਹੋਣ ਵਿਚ ਸਮਾਂ ਲੱਗੇਗਾ। ਇਸ 'ਤੇ ਚੁੱਘ ਨੇ ਕਿਹਾ ਕਿ ਪਿੰਡਾਂ ਦੇ ਲੋਕ ਬਹੁਤ ਸਾਦੇ ਅਤੇ ਚੰਗੇ ਹਨ। ਅਸੀਂ 2014 ਵਿਚ ਕੇਂਦਰ ਵਿਚ ਸੱਤਾ ਵਿਚ ਆਏ ਸੀ। ਵਿਕਾਸ ਤਾਂ ਬਹੁਤ ਹੋਇਆ, ਪਰ ਪੰਜਾਬ ਵਿਚ ਚਿਹਰਾ ਅਕਾਲੀ ਦਲ ਸੀ, ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਨਹੀਂ ਲੈ ਜਾ ਸਕਿਆ।
ਇਹ ਖ਼ਬਰ ਵੀ ਪੜ੍ਹੋ - RDF ਲਈ ਕੇਂਦਰ ਕੋਲ ਜਾਣ ਨੂੰ ਤਿਆਰ ਜਾਖੜ, ਪਰ CM ਮਾਨ ਅੱਗੇ ਰੱਖੀ ਇਹ ਸ਼ਰਤ
ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਤਹਿਤ 1.42 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਸਨਮਾਨ ਨਿਧੀ ਦਾ ਪੈਸਾ ਦੇਸ਼ ਦੇ 11 ਕਰੋੜ ਕਿਸਾਨਾਂ ਤਕ ਪਹੁੰਚ ਰਿਹਾ ਹੈ। ਪਹਿਲੀ ਵਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾ ਰਿਹਾ ਹੈ। ਲੋਕਾਂ ਦਾ ਆਸ਼ੀਰਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ। ਅਸੀਂ ਦੂਜੀਆਂ ਪਾਰਟੀਆਂ ਵੱਲੋਂ ਫੈਲਾਏ ਭੰਬਲਭੂਸੇ ਵਿਚੋਂ ਬਾਹਰ ਆਏ ਹਾਂ। ਯਕੀਨਨ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਲੋਕਾਂ ਦਾ ਦਿਲ ਜਿੱਤ ਕੇ ਸੱਤਾ ਵਿਚ ਆਵੇਗੀ ਅਤੇ ਪੰਜਾਬ ਦੇ ਮਸਲੇ ਹੱਲ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।