ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਵਿਕਸਿਤ ਭਾਰਤ ਦੀ ਯਾਤਰਾ ਦਾ ਇਤਿਹਾਸਕ ਮੀਲ ਪੱਥਰ: ਤਰੁਣ ਚੁੱਘ

Friday, Jul 17, 2026 - 07:49 PM (IST)

ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਵਿਕਸਿਤ ਭਾਰਤ ਦੀ ਯਾਤਰਾ ਦਾ ਇਤਿਹਾਸਕ ਮੀਲ ਪੱਥਰ: ਤਰੁਣ ਚੁੱਘ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਸਾਂਸਦ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰਿਆਣਾ ਦੇ ਜੀਂਦ ਅਤੇ ਸੋਨੀਪਤ ਵਿਚਕਾਰ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਨੂੰ ਵਿਕਸਿਤ ਭਾਰਤ ਦੀ ਯਾਤਰਾ ਦਾ ਇਤਿਹਾਸਕ ਮੀਲ ਪੱਥਰ ਦੱਸਿਆ। ਚੁੱਘ ਨੇ ਕਿਹਾ ਕਿ ਪੂਰੀ ਤਰ੍ਹਾਂ ਸਵਦੇਸ਼ੀ ਹਾਈਡ੍ਰੋਜਨ ਫਿਊਲ ਸੈੱਲ ਤਕਨੀਕ 'ਤੇ ਆਧਾਰਿਤ ਇਹ ਟ੍ਰੇਨ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਜੀਵੰਤ ਜਿੱਤ ਹੈ। ਉਨ੍ਹਾਂ ਕਿਹਾ ਕਿ 3,200 ਹਾਰਸਪਾਵਰ ਨਾਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ, 10 ਕੋਚਾਂ ਨਾਲ ਸਭ ਤੋਂ ਲੰਮੀ ਅਤੇ 2,600 ਯਾਤਰੀਆਂ ਦੀ ਸਮਰੱਥਾ ਨਾਲ ਸਭ ਤੋਂ ਵੱਧ ਯਾਤਰੀ ਸਮਰੱਥਾ ਵਾਲੀ ਇਹ ਟ੍ਰੇਨ ਸਿਰਫ਼ ਜਲ ਵਾਸ਼ਪ ਛੱਡਦੀ ਹੈ, ਜੋ ਵਾਤਾਵਰਣ ਸੁਰੱਖਿਆ ਅਤੇ ਹਰਿਤ ਊਰਜਾ ਪ੍ਰਤੀ ਮੋਦੀ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਸਬੂਤ ਹੈ। ਅੱਜ ਪੂਰਾ ਵਿਸ਼ਵ ਭਾਰਤ ਦੀ ਇਸ ਰੇਲ ਕ੍ਰਾਂਤੀ ਨੂੰ ਦੇਖ ਰਿਹਾ ਹੈ।

 ਚੁੱਘ ਨੇ ਕਿਹਾ ਕਿ ਹਾਈਡ੍ਰੋਜਨ ਟ੍ਰੇਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਜੀ ਨੇ ਲਗਭਗ 15,000 ਕਰੋੜ ਰੁਪਏ ਦੀਆਂ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਦੇਸ਼ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇ ਵਰਗੀਆਂ ਪਰਿਯੋਜਨਾਵਾਂ ਨਾਲ ਦਿੱਲੀ ਤੋਂ ਕਟੜਾ ਤੱਕ ਦਾ ਸਫ਼ਰ ਹੁਣ 14 ਘੰਟੇ ਦੀ ਥਾਂ ਸਿਰਫ਼ 6 ਘੰਟੇ ਵਿੱਚ ਪੂਰਾ ਹੋਵੇਗਾ। ਚੁੱਘ ਨੇ ਕਿਹਾ ਕਿ ਇਹ ਐਕਸਪ੍ਰੈੱਸਵੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਹਾਈ-ਸਪੀਡ ਕਨੈਕਟੀਵਿਟੀ ਪ੍ਰਦਾਨ ਕਰੇਗਾ, ਜੋ ਆਸਥਾ ਅਤੇ ਵਿਕਾਸ ਦਾ ਬੇਮਿਸਾਲ ਸੰਗਮ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿੱਚ ਹੀ ਅਧਿਆਤਮਿਕ ਵਿਰਾਸਤ ਅਤੇ ਆਧੁਨਿਕ ਬੁਨਿਆਦੀ ਢਾਂਚਾ ਇਕੱਠੇ ਅੱਗੇ ਵਧ ਰਹੇ ਹਨ।

ਰਾਸ਼ਟਰੀ ਮਹਾਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਨੂੰ  5,500 ਕਰੋੜ ਰੁਪਏ ਦੀਆਂ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਇਤਿਹਾਸਕ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੌਲਤਪੁਰ ਚੌਕ-ਕਰਤੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਪੰਜਾਬ ਦੀ ਕਨੈਕਟੀਵਿਟੀ ਦਾ ਨਵਾਂ ਅਧਿਆਏ ਹੈ, ਜਦਕਿ ਅੰਮ੍ਰਿਤਸਰ (ਛੇਹਰਟਾ)-ਵਾਰਾਣਸੀ ਐਕਸਪ੍ਰੈੱਸ ਗੁਰੂ ਨਗਰੀ ਨੂੰ ਕਾਸ਼ੀ ਨਾਲ ਜੋੜਦਿਆਂ ਸੰਤ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਪਰੰਪਰਾ ਨੂੰ ਸਮਰਪਿਤ ਹੈ। ਚੁੱਘ ਨੇ ਕਿਹਾ ਕਿ ਜਲੰਧਰ ਕੈਂਟ ਅਤੇ ਮੁਕਤਸਰ ਸਮੇਤ ਦੇਸ਼ ਭਰ ਦੇ 75 ਪੁਨਰ-ਵਿਕਸਿਤ ਅੰਮ੍ਰਿਤ ਸਟੇਸ਼ਨ ਅਤੇ 25.24 ਕਿਲੋਮੀਟਰ ਲੰਮੇ 6 ਲੇਨ ਦੱਖਣੀ ਲੁਧਿਆਣਾ ਬਾਈਪਾਸ ਨਾਲ ਪੰਜਾਬ ਦੇ ਉਦਯੋਗ, ਕਿਸਾਨ ਅਤੇ ਵਪਾਰੀ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਰਿਯੋਜਨਾਵਾਂ ਸੈਰ-ਸਪਾਟਾ, ਵਪਾਰ ਅਤੇ ਸਥਾਨਕ ਅਰਥਵਿਵਸਥਾ ਨੂੰ ਨਵੀਂ ਗਤੀ ਦੇਣਗੀਆਂ।

ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਪੰਜਾਬ ਦੇ ਵਿਕਾਸ ਅਤੇ ਭਲਾਈ ਲਈ 4.13 ਲੱਖ ਕਰੋੜ ਰੁਪਏ ਤੋਂ ਵੱਧ ਦੀ ਕੇਂਦਰੀ ਸਹਾਇਤਾ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦਾ ਵਿਕਾਸ ਕੇਂਦਰ ਦੀ ਸਰਵਉੱਚ ਤਰਜੀਹ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ 43,527 ਕਰੋੜ ਰੁਪਏ ਦੇ ਨੈਸ਼ਨਲ ਹਾਈਵੇ ਅਤੇ 34,488 ਕਰੋੜ ਰੁਪਏ ਦਾ ਰੇਲ ਆਧੁਨਿਕੀਕਰਨ ਕੀਤਾ ਗਿਆ ਹੈ। ਚੁੱਘ ਨੇ ਕਿਹਾ ਕਿ ਪੀਐਮ ਕਿਸਾਨ ਸੰਮਾਨ ਨਿਧੀ ਤਹਿਤ ਪੰਜਾਬ ਦੇ 11 ਲੱਖ ਤੋਂ ਵੱਧ ਕਿਸਾਨਾਂ ਨੂੰ ਸਿੱਧਾ 6,552 ਕਰੋੜ ਰੁਪਏ ਦਾ ਲਾਭ ਮਿਲਿਆ ਹੈ, MSP ਖਰੀਦ ਲਈ  2.60 ਲੱਖ ਕਰੋੜ ਰੁਪਏ ਦਾ ਬਜਟ ਮਨਜ਼ੂਰ ਹੋਇਆ ਹੈ ਅਤੇ ਜਲ ਜੀਵਨ ਮਿਸ਼ਨ ਤਹਿਤ 17 ਲੱਖ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਘਰਾਂ ਵਿੱਚ ਨਲ ਤੋਂ ਸ਼ੁੱਧ ਪਾਣੀ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਏਮਸ ਬਠਿੰਡਾ ਅਤੇ 565 ਤੋਂ ਵੱਧ ਜਨ ਔਸ਼ਧੀ ਕੇਂਦਰ ਮੋਦੀ ਸਰਕਾਰ ਦੀ ਲੋਕ-ਭਲਾਈ ਸੋਚ ਦੇ ਪ੍ਰਤੀਕ ਹਨ।
ਚੁੱਘ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਪੰਜਾਬ 'ਤੇ ਵਿਕਾਸ ਦੀ ਵਰਖਾ ਕਰ ਰਹੀ ਹੈ, ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਝੂਠੇ ਇਸ਼ਤਿਹਾਰਾਂ ਅਤੇ ਸਵੈ-ਪ੍ਰਚਾਰ ਵਿੱਚ ਡੁੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਿੱਚ ਨਾ ਕਾਨੂੰਨ ਵਿਵਸਥਾ ਸੰਭਲੀ, ਨਾ ਨਸ਼ੇ ਦੇ ਕਾਰੋਬਾਰ 'ਤੇ ਲਗਾਮ ਲੱਗੀ ਅਤੇ ਨਾ ਹੀ ਜਨਤਾ ਨਾਲ ਕੀਤੇ ਗਏ ਕਿਸੇ ਵਾਅਦੇ ਨੂੰ ਪੂਰਾ ਕੀਤਾ ਗਿਆ। ਚੁੱਘ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਆਮ ਆਦਮੀ ਪਾਰਟੀ ਦੇ ਝੂਠ ਅਤੇ ਧੋਖੇ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਪੂਰਾ ਹਿਸਾਬ ਲਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News