ਕੇਜਰੀਵਾਲ-ਸਿੱਧੂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ, ਚੁਣਾਵੀ ਹਾਰ ਸਿਖਾਵੇਗੀ ਕੌੜਾ ਸਬਕ : ਚੁੱਘ

Tuesday, Feb 22, 2022 - 03:13 PM (IST)

ਕੇਜਰੀਵਾਲ-ਸਿੱਧੂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ, ਚੁਣਾਵੀ ਹਾਰ ਸਿਖਾਵੇਗੀ ਕੌੜਾ ਸਬਕ : ਚੁੱਘ

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਆਗੂ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ ਅਤੇ ਚੁਣਾਵੀ ਹਾਰ ਦੋਹਾਂ ਨੂੰ ਕੌੜਾ ਸਬਕ ਸਿਖਾਵੇਗੀ। ਤਰੁਣ ਚੁੱਘ ਨੇ ਕਿਹਾ ਕਿ ਸਿੱਧੂ ਸਾਹਿਬ ਹਾਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ 5 ਸਾਲ ਤੱਕ ਦਾ ਸਰਕਾਰ 'ਚ ਰਹੇ, ਫਿਰ ਹੁਣ ਕਿਉਂ ਮਾਫ਼ੀਆ ਰਾਜ ਦੀ ਗੱਲ ਕਰ ਰਹੇ ਹਨ, ਜਦੋਂ ਕਿ ਉਸ ਸਮੇਂ ਤਾਂ ਕੋਈ ਗੱਲ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਰੇਤ ਮਾਫ਼ੀਆ ਦੇ ਮੂਕ ਗਵਾਹ ਹਨ, ਜਿਸ ਦੀ ਅਗਵਾਈ ਮੁੱਖ ਮੰਤਰੀ ਵੱਜੋਂ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸੂਬੇ 'ਚ ਮਾਫ਼ੀਆ ਰਾਜ ਵੱਧ-ਫੁੱਲ ਰਿਹਾ ਸੀ ਤਾਂ ਨਵਜੋਤ ਸਿੱਧੂ ਉਸ ਸਮੇਂ ਸੱਤਾ ਦਾ ਪੂਰਾ ਸੁੱਖ ਭੋਗ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਉਸ ਸਮੇਂ ਨਵਜੋਤ ਸਿੱਧੂ ਸੂਬੇ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਜਦੋਂ ਉਨ੍ਹਾਂ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਦਿੱਲੀ 'ਚ 800 ਦੇ ਕਰੀਬ ਠੇਕੇ ਕੇਜਰੀਵਾਲ ਨੇ ਖੁੱਲ੍ਹਵਾਏ ਹਨ, ਜਿਸ ਤੋਂ ਕੇਜਰੀਵਾਲ ਦੇ ਸ਼ਰਾਬ ਮਾਫ਼ੀਆ ਨਾਲ ਸਬੰਧਾਂ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹੀ ਸਭ ਕੁੱਝ ਕੇਜਰੀਵਾਲ ਹੁਣ ਪੰਜਾਬ 'ਚ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਚੋਣਾਂ 'ਚ ਸ਼ਰਮਾਨਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੇ ਧੋਖੇ ਅਤੇ ਝੂਠੇ ਚਰਿੱਤਰ ਨੂੰ ਪਛਾਣ ਚੁੱਕੇ ਹਨ।


author

Babita

Content Editor

Related News