75 ਮੈਡੀਕਲ ਕਾਲਜ ਖੋਲ੍ਹਣ ਤੇ ਵਿਦੇਸ਼ੀ ਨਿਵੇਸ਼ ਦੇ ਦਾਇਰੇ ’ਚ ਵਾਧੇ ਨਾਲ ਵਹੇਗੀ ਵਿਕਾਸ ਦੀ ਗੰਗਾ : ਚੁੱਘ
Friday, Aug 30, 2019 - 03:24 PM (IST)
ਅੰਮ੍ਰਿਤਸਰ (ਕਮਲ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਕੇਂਦਰੀ ਵਿਧਾਨ ਸਭਾ ਦੇ ਉੱਘੇ ਕਰਮਚਾਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ’ਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣ, ਨਵੇਂ 75 ਮੈਡੀਕਲ ਕਾਲਜ ਖੋਲ੍ਹਣ ਅਤੇ ਦੇਸ਼ ਦੇ ਗੰਨਾ ਕਿਸਾਨਾਂ ਨੂੰ 6 ਹਜ਼ਾਰ 268 ਕਰੋਡ਼ ਰੁਪਏ ਦੀ ਸਬਸਿਡੀ ਉਨ੍ਹਾਂ ਦੇ ਖਾਤਿਆਂ ’ਚ ਸਿੱਧੀ ਪਾਉਣ ਦੇ ਫੈਸਲੇ ਨੂੰ ਕਿਸਾਨਾਂ, ਗਰੀਬਾਂ ਦੇ ਹਿੱਤ ’ਚ ਦੱਸਦਿਆਂ ਸ਼ਾਬਾਸ਼ੀ ਦਿੱਤੀ।
ਇਸ ਤਰ੍ਹਾਂ ਦੇ ਫੈਸਲਿਆਂ ਨਾਲ ਦੇਸ਼ ’ਚ ਵਿਕਾਸ ਦੀ ਗੰਗਾ ਵਹੇਗੀ। ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਤੋਹਫਾ ਦਿੰਦਿਆਂ 60 ਲੱਖ ਮੀਟ੍ਰਿਕ ਟਨ ਚੀਨੀ ਦਰਾਮਦ ’ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਸਮੇਂ-ਸਮੇਂ ’ਤੇ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਸਾਹਮਣੇ ਰੱਖਦੇ ਰਹੇ ਹਨ। ਇਸ ਤੋਂ ਬਾਅਦ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਰਾਹਤ ਦਿੰਦਿਆਂ ਸਬਸਿਡੀ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਫੈਸਲੇ ਨਾਲ ਪੰਜਾਬ ਦੇ ਮਾਝੇ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਗੰਨੇ ਦੀ ਖੇਤੀ ਕਰਨ ਦਾ ਉਤਸ਼ਾਹ ਮਿਲੇਗਾ ਅਤੇ ਆਪਣੀ ਫਸਲ ਦਾ ਉਚਿਤ ਮੁੱਲ ਵੀ।