ਤਰਨਤਾਰਨ ਬਲਾਸਟ : ਇਕ ਦਰਜਨ ਵਿਅਕਤੀਆਂ ਤੋਂ ਪੁਲਸ ਕਰ ਰਹੀ ਹੈ ਪੁੱਛਗਿੱਛ

09/15/2019 10:27:33 AM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ 4 ਸਤੰਬਰ ਨੂੰ ਇਕ ਖਾਲੀ ਪਲਾਟ 'ਚ ਹੋਏ ਹਾਈ ਐਕਸਪਲੋਸਿਵ ਬਲਾਸਟ ਨੂੰ ਅੱਜ 10 ਦਿਨ ਬੀਤ ਚੁੱਕੇ ਹਨ। ਇਸ ਬਲਾਸਟ 'ਚ ਹਰਪ੍ਰੀਤ ਸਿੰਘ ਅਤੇ ਬਿੱਕਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਗੁਰਜੰਟ ਸਿੰਘ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਰਜੀਤ ਸਿੰਘ ਵਲੋਂ ਹਸਪਤਾਲ 'ਚ ਦਾਖਲ ਕਰਵਾਉਣ ਉਪਰੰਤ ਉਸੇ ਰਾਤ ਉਹ ਫਰਾਰ ਹੋ ਗਿਆ ਸੀ, ਜਿਸ ਦੀ ਭਾਲ ਲਈ ਪੁਲਸ ਟੀਮਾਂ ਦਿਨ-ਰਾਤ ਪਠਾਨਕੋਟ, ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਖੇ ਡੇਰੇ ਲਾਈ ਬੈਠੀਆਂ ਗ੍ਰਿਫਤਾਰੀ ਦੇ ਇੰਤਜ਼ਾਰ 'ਚ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਰਜੀਤ ਸਿੰਘ ਕਲੀਨ ਸ਼ੇਵ ਹੋ ਕੇ ਵਿਦੇਸ਼ ਜਾਣ 'ਚ ਕਾਮਯਾਬ ਹੋ ਚੁੱਕਾ ਹੈ ਜਦਕਿ ਇਸ ਕੇਸ ਨਾਲ ਜੁੜੇ ਕਰੀਬ 12 ਦੋਸ਼ੀਆਂ ਨੂੰ ਪੁਲਸ ਵਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਪੁਲਸ ਆਖਰੀ ਸਟੇਜ 'ਤੇ ਜਾ ਪੁੱਜੀ ਹੈ, ਜਿਸ ਦਾ ਖੁਲਾਸਾ ਪੁਲਸ ਵਲੋਂ ਕੁਝ ਦਿਨਾਂ 'ਚ ਕਰ ਦਿੱਤਾ ਜਾਵੇਗਾ।

ਜਾਣਕਾਰੀ ਅਨੁਸਾਰ ਤਰਨਤਾਰਨ ਤੋਂ ਖਡੂਰ ਸਾਹਿਬ ਰੋਡ ਦੇ ਰਸਤੇ 'ਚ ਮੌਜੂਦ ਪੰਡੋਰੀ ਗੋਲਾ ਪਿੰਡ ਦੇ ਇਕ ਖਾਲੀ ਪਲਾਟ ਵਿਖੇ ਜ਼ਮੀਨ 'ਚ ਦੱਬੇ ਹੋਏ ਹਾਈ ਐਕਸਪਲੋਸਿਵ ਮਟੀਰੀਅਲ ਨਾਲ ਕੀਤੀ ਛੇੜਛਾੜ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪੁਲਸ ਇਸ ਕੇਸ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਹਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪਿਛਲੇ ਦਸ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਕਰ ਚੁੱਕੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਹਰਜੀਤ ਦੀ ਆਨਲਾਈਨ ਲੋਕੇਸ਼ਨ ਦੇ ਆਧਾਰ 'ਤੇ ਜ਼ਿਲਾ ਪੁਲਸ ਦੀਆਂ ਰਵਾਨਾ ਹੋਈਆਂ ਟੀਮਾਂ ਨੂੰ ਪਠਾਨਕੋਟ ਤੋਂ ਬਾਅਦ ਜੰਮੂ-ਕਸ਼ਮੀਰ ਤੱਕ ਦੀਆਂ ਲੋਕੇਸ਼ਨਾਂ ਨਜ਼ਰ ਆਈਆਂ ਪਰ ਬਾਅਦ 'ਚ ਉਸ ਦੀ ਕੋਈ ਲੋਕੇਸ਼ਨ ਨਜ਼ਰ ਨਾ ਆਉਣ 'ਤੇ ਪੁਲਸ ਨੂੰ ਸ਼ੱਕ ਹੈ ਕਿ ਹਰਜੀਤ ਸਰਹੱਦ ਰਾਹੀਂ ਪਾਕਿਸਤਾਨ 'ਚ ਦਾਖਲ ਨਾ ਹੋ ਗਿਆ ਹੋਵੇ।

ਉਧਰ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਦੇ ਹੁਕਮਾਂ 'ਤੇ ਪੁਲਸ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੇ ਜਾਣ ਉਪਰੰਤ ਫਤਿਹਗੜ੍ਹ ਸਾਹਿਬ ਦੇ ਵਾਸੀ ਇਕ ਨਿਹੰਗ ਸਿੰਘ ਸਮੇਤ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸੇ ਤਰ੍ਹਾਂ ਮੁਰਾਦਪੁਰ ਤੋਂ ਇਕ, ਫਤਿਹਗੜ੍ਹ ਚੂੜੀਆਂ ਤੋਂ ਤਿੰਨ, ਤਰਨਤਾਰਨ ਦੇ 4 ਵਿਅਕਤੀਆਂ ਤੋਂ ਇਲਾਵਾ ਹਰਜੀਤ ਸਿੰਘ ਦੀ ਮਾਤਾ, ਪਿਤਾ, ਭੈਣ, ਪਤਨੀ ਅਤੇ ਗੁਰਜੰਟ ਸਿੰਘ ਦੀ ਮਾਤਾ ਨੂੰ ਪੁਲਸ ਵਲੋਂ ਹਿਰਾਸਤ 'ਚ ਲਏ ਜਾਣ ਦੌਰਾਨ
ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਵਿਅਕਤੀਆਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਪੁਲਸ ਨੂੰ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਉਹ ਇਸ ਕੇਸ ਨੂੰ ਹੱਲ ਕਰਨ ਦੇ ਬਿਲਕੁਲ ਨਜ਼ਦੀਕ ਜਾ ਪੁੱਜੀ ਹੈ, ਜਿਸ ਦਾ ਖੁਲਾਸਾ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਇਕ ਦੋ ਦਿਨਾਂ ਅੰਦਰ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਧਰ ਜ਼ਖਮੀ ਗੁਰਜੰਟ ਸਿੰਘ ਦੇ ਇਲਾਜ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਇਲਾਜ 'ਚ ਡਾਕਟਰਾਂ ਦੀ ਪੂਰੀ ਟੀਮ ਜ਼ਖਮੀ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਨੂੰ ਬਚਾਉਣ ਦੀ ਮਦਦ 'ਚ ਲੱਗੀ ਹੋਈ ਹੈ ਤਾਂ ਜੋ ਉਹ ਦੁਬਾਰਾ ਦੇਖ ਸਕੇ।

ਕੇਸ ਦੀ ਬਾਰੀਕੀ ਨਾਲ ਕੀਤੀ ਜਾ ਰਹੀ ਜਾਂਚ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸ ਬਲਾਸਟ ਕੇਸ ਦੀ ਉਨ੍ਹਾਂ ਵਲੋਂ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਕੇਸ ਨੂੰ ਜਲਦ ਹੱਲ ਕਰਦੇ ਹੋਏ ਮਾਮਲੇ ਦਾ ਸਹੀ ਖੁਲਾਸਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਇਸ ਕੇਸ ਨਾਲ ਜੁੜੇ ਦੋਸ਼ੀਆਂ ਦੀ ਭਾਲ ਲਈ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ 'ਚ ਲੱਗੀ ਹੋਈ ਹੈ।


Baljeet Kaur

Content Editor

Related News