ਸਕੂਲ ਦੇ ਨਿਰਮਾਣ ਲਈ ਸੋਨੂੰ ਚੀਮਾ ਵਲੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ
Sunday, Feb 24, 2019 - 03:52 AM (IST)
ਤਰਨਤਾਰਨ (ਲਾਲੂਘੁੰਮਣ, ਬਖਤਾਵਰ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੀਮਾ ਕਲਾਂ ਦੇ ਸੁੰਦਰੀਕਰਨ ਲਈ ਆਰੰਭ ਕਰਾਏ ਜਾਣ ਵਾਲੇ ਨਿਰਮਾਣ ਕੰਮਾਂ ਸਬੰਧੀ ਜ਼ਿਲਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾ ਵਲੋਂ ਸਕੂਲ ਦੇ ਪ੍ਰਬੰਧਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਨਿਰਮਾਣ ਕੰਮਾਂ ਲਈ ਸਰਪੰਚ ਸੋਨੂੰ ਚੀਮਾ ਵਲੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲ ਦੇ ਨਿਰਮਾਣ ਲਈ ਉਨ੍ਹਾਂ ਵਲੋਂ ਹਰ ਸੰਭਵ ਸਹਿਯੋਗ ਅੱਗੇ ਵੀ ਦਿੱਤਾ ਜਾਵੇਗਾ। ਇਸ ਮੌਕੇ ਮੋਨੂੰ ਚੀਮਾ ਨੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੋਂ ਇਸ ਸਰਹੱਦੀ ਖੇਤਰ ਅੰਦਰ ਸਿੱਖਿਆ ਅਤੇ ਸੇਹਤ ਲਈ ਉੱਚਿਤ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਹੱਦੀ ਪਿੰਡ ਚੀਮਾ ਕਲਾਂ ਵਿਖੇ ਉਚੇਰੀ ਸਿੱਖਿਆ ਲਈ ਡਿਗਰੀ ਕਾਲਜ ਸਥਾਪਿਤ ਕਰਨ ਦੇ ਨਾਲ ਸਿਹਤ ਸਹੂਲਤਾਂ ਲਈ ਕਮਿਊਨਿਟੀ ਹੈੱਲਥ ਸੈਂਟਰ ਵੀ ਬਣਾਇਆ ਜਾਵੇ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋਡ਼ਣ ਲਈ ਯੋਗ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੀਮਾ ਦੀ ਬਿਲਡਿੰਗ ਨੂੰ ਰੰਗ ਰੋਗਨ ਕਰਨ ਲਈ ਸਕੂਲ ਦੇ ਸਟਾਫ ਅਤੇ ਪਿੰਡ ਚੀਮਾ ਕਲਾਂ ਵਾਸੀਆਂ ਦੇ ਸਹਿਯੋਗ ਨਾਲ 1.60 ਲੱਖ ਰੁਪਏ ਇਕੱਤਰ ਕੀਤੇ ਗਏ ਹਨ, ਜਦੋਂ ਕਿ ਉਨ੍ਹਾਂ ਦੇ ਭਰਾ ਸਰਪੰਚ ਸੋਨੂੰ ਚੀਮਾ ਵਲੋਂ ਇਸ ਕਾਰਜ ਲਈ 50 ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਹਿਯੋਗ ਨਾਲ ਇਸ ਸਕੂਲ ’ਚ ਬੱਚਿਆਂ ਲਈ ਬਣਾਏ ਜਾ ਰਹੇ 4 ਬਾਥਰੂਮਾਂ ਲਈ 1.40 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ। ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਮਨਜੀਤ ਸਿੰਘ ਲਾਡੀ, ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਕੰਵਲਜੀਤ ਕੌਰ, ਟੀਚਰ ਰਣਜੀਤ ਸਿੰਘ, ਟੀਚਰ ਸਤਨਾਮ ਸਿੰਘ, ਸਕੂਲ ਕਮੇਟੀ ਦੇ ਚੇਅਰਮੈਨ ਗੁਰਦਿੱਤ ਸਿੰਘ, ਬਲਵਿੰਦਰ ਸਿੰਘ ਬਿੱਲਾ ਚੀਮਾ, ਮੈਂਬਰ ਪੰਚਾਇਤ ਈਸ਼ਰ ਸਿੰਘ, ਪੰਚ ਸਤਨਾਮ ਸਿੰਘ, ਪੰਚ ਜਸਪਾਲ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਗਿਆਨ ਸਿੰਘ, ਪੰਚ ਜਸਪਾਲ ਸਿੰਘ ਕਾਲਾ, ਕਾਂਗਰਸੀ ਆਗੂ ਜੱਸਾ ਸਿੰਘ ਗਹਿਰੀ ਅਤੇ ਬਾਵਾ ਸਿੰਘ ਐਮਾ ਹਾਜ਼ਰ ਸਨ।