ਕਾਂਗਰਸੀ ਵਿਧਾਇਕ ਦੇ ਧੱਕੇ ਖਿਲਾਫ ਇਕਜੁੱਟ ਹੋਏ 120 ਦਲਿਤ ਪਰਿਵਾਰ
Friday, Nov 29, 2019 - 11:26 AM (IST)

ਤਰਨਤਾਰਨ (ਵਿਜੇ ਕੁਮਾਰ) : ਤਰਨਤਾਰਨ ਦੇ ਪਿੰਡ ਖਵਾਸਪੁਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ 120 ਦਲਿਤ ਪਰਿਵਾਰ ਇਕਜੁੱਟ ਹੋ ਗਏ ਹਨ। ਦਰਅਸਲ ਦਲਿਤ ਪਰਿਵਾਰਾਂ ਨੇ ਹਲਕਾ ਵਿਧਾਇਕ 'ਤੇ ਉਨ੍ਹਾਂ ਦੇ ਹੱਕ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਉਕਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਜ਼ਮੀਨ ਦਾ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਬਾਵਜੂਦ ਇਸ ਦੇ ਕੁਝ ਲੋਕ ਸਿਆਸੀ ਸ਼ਹਿ ਕਾਰਨ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ ਤੇ ਜ਼ਬਰੀ ਜ਼ਮੀਨ ਹਥਿਆਉਣਾ ਚਾਹੁੰਦੇ ਹਨ। ਦਲਿਤਾਂ ਨੇ ਕਿਸੇ ਵੀ ਤਰ੍ਹਾਂ ਦਾ ਧੱਕਾ ਹੋਣ ਦੀ ਸੂਰਤ 'ਚ ਹੱਥਾਂ 'ਚ ਮਿੱਟੀ ਦੇ ਤੇਲ ਦੀਆਂ ਬੋਤਲਾਂ ਫੜ੍ਹ ਕੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਵੀ ਦੇ ਦਿੱਤੀ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਦਲਿਤ ਪਰਿਵਾਰਾਂ ਦੇ ਹੱਕ 'ਚ ਆਣ ਖਲੌਤੇ ਤੇ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਬਿੱਟੂ ਨੇ ਕਿਹਾ ਕਿ ਉਹ ਦਲਿਤ ਪਰਿਵਾਰਾਂ ਦੇ ਨਾਲ ਖੜ੍ਹੇ ਨੇ ਤੇ ਜੇਕਰ ਲੌੜ ਪਈ ਤਾਂ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਤੱਕ ਲੈ ਕੇ ਜਾਣਗੇ। ਫਿਲਹਾਲ ਤਣਾਅਪੂਰਣ ਸਥਿਤੀ 'ਤੇ ਕਾਬੂ ਪਾਉਣ ਲਈ ਵੱਡੀ ਗਿਣਤੀ 'ਚ ਪੁਲਸ ਬਲ ਮੌਕੇ 'ਤੇ ਤਾਇਨਾਤ ਹੈ ਤੇ ਪਿੰਡ ਖਵਾਸਪੁਰ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।