ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਗੈਂਗ ਦਾ ਇਕ ਮੈਂਬਰ ਕਾਬੂ

01/22/2020 5:02:49 PM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੀ ਸੀ. ਆਈ. ਏ. ਸਟਾਫ ਪੁਲਸ ਵਲੋਂ ਇਕ ਮੁਲਜ਼ਮ ਨੂੰ 15 ਲਗਜ਼ਰੀ ਗੱਡੀਆਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵਲੋਂ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀਆਂ ਗਈਆਂ ਸਾਰੀਆਂ ਲਗਜ਼ਰੀ ਗੱਡੀਆਂ ਚੋਰੀ ਦੀਆਂ ਦੱਸੀਆਂ ਜਾ ਰਹੀਆਂ ਹਨ।

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਸਮੇਤ ਪੁਲਸ ਪਾਰਟੀ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜੈਦੀਪ ਸਿੰਘ ਉਰਫ ਜੈ ਪੁੱਤਰ ਕੁਲਬੀਰ ਸਿੰਘ ਵਾਸੀ ਬੂਡ਼ ਚੰਦ, ਬਲਬੀਰ ਸਿੰਘ ਉਰਫ ਬੱਬੀ ਵਾਸੀ ਪੱਧਰੀ ਹਾਲ ਵਾਸੀ ਗੋਲਡਨ ਐਵੀਨਿਊ ਅੰਮ੍ਰਿਤਸਰ ਅਤੇ ਧਰਮਿੰਦਰ ਸਿੰਘ ਉਰਫ ਗੋਰਾ ਵਾਸੀ ਵਾਡ਼ਾ ਤੇਲੀਆਂ ਅਤੇ ਇਨ੍ਹਾਂ ਦੇ ਤਿੰਨ ਚਾਰ ਹੋਰ ਸਾਥੀ ਇਕ ਗੈਂਗ ਬਣਾ ਕੇ ਵੱਖ-ਵੱਖ ਰਾਜਾਂ ਤੋਂ ਮਹਿੰਗੇ ਭਾਅ ਦੀਆਂ ਗੱਡੀਆਂ ਚੋਰੀ ਕਰਦੇ ਹਨ। ਜਿਨ੍ਹਾਂ ਨੂੰ ਬਾਅਦ ’ਚ ਪੰਜਾਬ ਲਿਆ ਕੇ ਜ਼ਿਲਾ ਤਰਨਤਾਰਨ ਅਤੇ ਹੋਰ ਜ਼ਿਲਿਆਂ ’ਚ ਭੋਲੇ-ਭਾਲੇ ਲੋਕਾਂ ਨੂੰ ਵੇਚਣ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੈਦੀਪ ਸਿੰਘ ਉਰਫ ਜੈ ਨੂੰ ਘੁਰਕਵਿੰਡ ਨਾਕੇਬੰਦੀ ਦੌਰਾਨ ਚੋਰੀ ਕੀਤੀ ਸਫੈਦ ਰੰਗ ਦੀ ਸਕਾਰਪੀਓ ਸਮੇਤ ਕਾਬੂ ਕਰ ਲਿਆ ਗਿਆ ਹੈ, ਜੋ ਗੱਡੀ ਦੇ ਕਾਗਜ਼ ਵਗੈਰਾ ਪੇਸ਼ ਨਹੀਂ ਕਰ ਪਾਇਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਜੈਦੀਪ ਸਿੰਘ ਨੇ ਮੰਨਿਆ ਕਿ ਇਹ ਗੱਡੀ ਦਿੱਲੀ ਤੋਂ ਸਾਥੀਆਂ ਨਾਲ ਮਿਲ ਕੇ ਚੋਰੀ ਕੀਤੀ ਸੀ ਅਤੇ ਅੱਗੇ ਗਾਹਕਾਂ ਨੂੰ ਅੰਮ੍ਰਿਤਸਰ ਵੇਚਣ ਲਈ ਜਾ ਰਿਹਾ ਸੀ।

ਜਿਸ ਸਬੰਧੀ ਪੁਲਸ ਨੇ ਥਾਣਾ ਕੱਚਾ-ਪੱਕਾ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਜੈਦੀਪ ਸਿੰਘ ਨੇ ਮੰਨਿਆ ਕਿ ਉਸ ਦੇ ਸਾਥੀ ਧਰਮਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਰਭੇਜ ਸਿੰਘ ਵਾਸੀ ਵਾਡ਼ਾ ਤੇਲੀਆਂ ਅਤੇ ਬਲਬੀਰ ਸਿੰਘ ਉਰਫ ਬੱਬੀ ਵਾਸੀ ਗੋਲਡਨ ਐਵੀਨਿਊ ਜੋ ਯੂ. ਪੀ., ਹਰਿਆਣਾ, ਦਿੱਲੀ, ਐੱਮ. ਪੀ. ਆਦਿ ਸਟੇਟਾਂ ਤੋਂ ਮਹਿੰਗੀਆਂ ਗੱਡੀਆਂ ਚੋਰੀ ਕਰ ਕੇ ਜ਼ਿਲਾ ਤਰਨਤਾਰਨ ਵਿਖੇ ਲੋਕਾਂ ਨੂੰ ਵੇਚਣ ਦਾ ਕਾਰੋਬਾਰ ਕਰਦੇ ਸਨ। ਬਰਾਮਦ ਕੀਤੀਆਂ ਗੱਡੀਆਂ ’ਚ 2 ਫਾਰਚੂਨਰ, 3 ਕਰੇਟਾ, 3 ਬਰੈਜ਼ਾ, 1 ਆਈ-20, 1 ਇਨੋਵਾ, 2 ਸਵਿਫਟ ਡਿਜ਼ਾਇਅਰ, 1 ਸਕਾਰਪੀਓ, 2 ਸਵਿਫਟ ਕਾਰਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ’ਚ ਨਾਮਜ਼ਦ ਬਾਕੀ ਸਾਥੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


Baljeet Kaur

Content Editor

Related News