ਅਕਾਲੀ ਵਰਕਰ ਮਰ ਸਕਦੈ ਪਰ ਬੇਅਦਬੀ ਨਹੀਂ ਕਰ ਸਕਦਾ : ਸੁਖਬੀਰ ਬਾਦਲ
Thursday, Feb 27, 2020 - 03:54 PM (IST)
ਤਰਨਤਾਰਨ (ਰਮਨ) : ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਜਗ ਜ਼ਾਹਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਤਰਨਤਾਰਨ ਅਨਾਜ ਮੰਡੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਹ ਰੈਲੀ ਇੰਨੀ ਵਿਸ਼ਾਲ ਸਾਬਤ ਹੋਈ ਕਿ ਲੋਕਾਂ ਦੇ ਬੈਠਣ ਲਈ ਤਰਨਤਾਰਨ ਦੀ ਸਾਰਿਆਂ ਨਾਲੋਂ ਵੱਡੀ ਮੰਡੀ ਵੀ ਛੋਟੀ ਲੱਗਣ ਲੱਗ ਪਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਸ਼ਾਲ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਬੇਅਦਬੀ ਦਾ ਝੂਠਾ ਇਲਜ਼ਾਮ ਲਾਇਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਜਮਾਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਮਰ ਸਕਦੈ ਪਰ ਬੇਅਦਬੀ ਕਦੇ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੇਰੀ ਪਾਰਟੀ ਨਹੀਂ ਪੂਰੀ ਸਿੱਖ ਕੌਮ ਦੀ ਪਾਰਟੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ 'ਚੋਂ 4 ਹਫਤਿਆਂ 'ਚ ਨਸ਼ਾ ਖਤਮ ਕਰ ਦੇਵਾਂਗਾ ਪਰ 3 ਸਾਲ ਬੀਤਣ 'ਤੇ ਵੀ ਕੈਪਟਨ ਸਰਕਾਰ ਕੁਝ ਨਹੀਂ ਕਰ ਸਕੀ, ਸਗੋਂ ਸੂਬੇ ਅੰਦਰ ਅੱਗੇ ਨਾਲੋਂ ਜ਼ਿਆਦਾ ਨਸ਼ਾ ਫੈਲ ਚੁੱਕਾ ਹੈ। ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਸਾਰੇ ਝੂਠੇ ਨਿਕਲੇ ਹਨ, ਸਾਡੀ ਸਰਕਾਰ ਆਉਣ 'ਤੇ ਵਾਅਦਿਆਂ ਨੂੰ ਸੱਚ ਸਾਬਤ ਕਰ ਕੇ ਵਿਖਾਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸੂਬੇ ਦੇ ਸਾਰੇ ਪਿੰਡਾਂ ਦੀਆਂ ਸੀਮੈਂਟ ਦੀਆਂ ਗਲੀਆਂ, ਸੀਵਰੇਜ ਸਿਸਟਮ ਅਤੇ ਸਟਰੀਟ ਲਾਈਟਾਂ ਆਦਿ ਤੋਂ ਇਲਾਵਾ ਬਿਜਲੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਦਿੱਲੀ ਅੰਦਰ ਦੰਗੇ ਭੜਕਾਉਣ ਅਤੇ ਦੰਗਿਆਂ ਵਿਚ ਭਾਗ ਲੈਣ ਵਾਲੇ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਕਿਸੇ ਨੂੰ ਵੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਬਾਦਲ ਨੇ ਕਿਹਾ ਕਿ ਚੱਲ ਰਹੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਨਾ ਸਿਰਫ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਇਕ ਵਾਰ ਦੁਬਾਰਾ ਮੁੱਕਰ ਗਿਆ ਹੈ, ਸਗੋਂ ਉਹ ਵੱਡੇ-ਵੱਡੇ ਝੂਠ ਵੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਮੁੱਖ ਮੰਤਰੀ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਇਹ ਝੂਠ ਬੋਲੇ ਕਿ ਉਸ ਨੇ ਪੰਜਾਬ ਦੇ ਲੋਕਾਂ ਨੂੰ 12 ਲੱਖ ਨੌਕਰੀਆਂ ਦਿੱਤੀਆਂ ਹਨ, ਜਦਕਿ ਉਸ ਦੀ ਆਪਣੀ ਸਰਕਾਰ ਨੇ ਵਿਧਾਨ ਸਭਾ ਵਿਚ ਲਿਖਤੀ ਤੌਰ 'ਤੇ ਇਹ ਗੱਲ ਦੱਸੀ ਹੈ ਕਿ ਇਸ ਨੇ ਸਿਰਫ 33 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਕੋਰੋਨਾ ਵਾਇਰਸ ਦਾ ਹਊਆ ਖੜ੍ਹਾ ਕਰ ਕੇ ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਵਾਅਦੇ ਮੁਤਾਬਿਕ ਸਮਾਰਟ ਫੋਨ ਨਾ ਮੰਗਣ। ਕੋਰੋਨਾ ਵਾਇਰਸ ਇਕ ਮਹੀਨਾ ਪਹਿਲਾਂ ਸਾਹਮਣੇ ਆਇਆ ਹੈ, ਜਦਕਿ ਕੈਪਟਨ ਅਮਰਿੰਦਰ ਨੌਜਵਾਨਾਂ ਨੂੰ 3 ਸਾਲ ਤੋਂ ਸਮਾਰਟ ਫੋਨ ਦੇਣ ਦਾ ਵਾਅਦਾ ਕਰਦਾ ਆ ਰਿਹਾ ਹੈ।
ਬਹਿਬਲ ਕਲਾਂ ਪੁਲਸ ਗੋਲੀਬਾਰੀ ਕੇਸ ਵਿਚ ਮੁੱਖ ਗਵਾਹਾਂ ਉੁਤੇ ਹਮਲੇ ਕਰਨ ਅਤੇ ਧਮਕਾਉਣ ਵਾਲਿਆਂ ਦਾ ਸਮਰਥਨ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਬਾਦਲ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਗਵਾਹਾਂ ਨੂੰ ਸੁਰੱਖਿਆ ਲਈ ਹਾਈ ਕੋਰਟ ਜਾਣਾ ਪਿਆ ਕਿਉਂਕਿ ਕਾਂਗਰਸੀ ਮੰਤਰੀ ਅਤੇ ਸਲਾਹਕਾਰ ਉਨ੍ਹਾਂ ਨੂੰ ਅਦਾਲਤ ਵਿਚ ਗਵਾਹੀ ਨਾ ਦੇਣ ਲਈ ਧਮਕਾ ਰਹੇ ਸਨ। ਬਹਿਬਲ ਕਲਾਂ ਪੁਲਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਸੁਰਜੀਤ ਸਿੰਘ ਨੂੰ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਇੰਨਾ ਤੰਗ ਕੀਤਾ ਕਿ ਉਸ ਦੀ ਮੌਤ ਹੋ ਗਈ। ਸੂਬੇ ਦੀ ਆਰਥਿਕ ਹਾਲਤ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਮੁੱਖ ਮੁੱਦਾ ਨੀਅਤ ਦਾ ਹੈ, ਪੈਸਿਆਂ ਦੀ ਕਮੀ ਦਾ ਨਹੀਂ। ਕਾਂਗਰਸ ਸਰਕਾਰ ਨੇ 3 ਸਾਲ ਪਹਿਲਾਂ ਸੱਤਾ ਸੰਭਾਲਦੇ ਹੀ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਸਨ। ਅਕਾਲੀ ਪ੍ਰਧਾਨ ਨੇ ਅਕਾਲੀ ਵਰਕਰਾਂ ਅਤੇ ਆਮ ਵਿਅਕਤੀਆਂ ਖ਼ਿਲਾਫ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਸ ਅਤੇ ਸਿਵਲ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਉੱਤੇ ਕੀਤੇ ਅੱਤਿਆਚਾਰਾਂ ਦੀ ਕੀਮਤ ਚੁਕਾਉਣੀ ਪਵੇਗੀ। ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਦੇ ਹੀ ਇਨ੍ਹਾਂ ਅਧਿਕਾਰੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਕਬੱਡੀ ਕੱਪ ਨੂੰ ਅਸੀਂ ਆਪਣੀ ਸਰਕਾਰ ਆਉਣ 'ਤੇ 5 ਕਰੋੜ ਦੇ ਇਨਾਮ ਵਾਲੇ ਕਬੱਡੀ ਕੱਪ ਆਰੰਭ ਕਰਾਵਾਂਗੇ। ਅਖੀਰ 'ਚ ਮਝੈਲ ਅਕਾਲੀ ਵਰਕਰਾਂ ਦੇ ਲਾਮਿਸਾਲ ਵਿਸ਼ਾਲ ਇਕੱਠ ਨੂੰ ਦੇਖ ਬਾਗੋਬਾਗ ਹੋਏ ਸੁਖਬੀਰ ਬਾਦਲ ਨੇ ਮਖੌਲ ਭਰੇ ਲਹਿਜ਼ੇ 'ਚ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਨੋਟਾਂ ਦੇ ਟਰਾਲੇ ਭਰ ਕੇ ਲਿਆਵਾਂਗੇ, ਤੁਸੀਂ ਸਰਪੰਚੋ ਜਿੰਨੇ ਮਰਜ਼ੀ ਬੋਰੇ ਲਾਹ ਲਿਓ।