ਇਤਿਹਾਸਕ ਸ਼ਹਿਰਾਂ 'ਚੋਂ ਇਕ ਹੈ ਤਰਨਤਾਰਨ ਸਾਹਿਬ, ਜਾਣੋ ਇਤਿਹਾਸ

Wednesday, Mar 04, 2020 - 11:35 AM (IST)

ਇਤਿਹਾਸਕ ਸ਼ਹਿਰਾਂ 'ਚੋਂ ਇਕ ਹੈ ਤਰਨਤਾਰਨ ਸਾਹਿਬ, ਜਾਣੋ ਇਤਿਹਾਸ

ਤਰਨਤਾਰਨ : ਤਰਨਤਾਰਨ ਸਾਹਿਬ ਪੰਜਾਬ ਦੇ ਇਤਿਹਾਸਕ ਸ਼ਹਿਰਾਂ 'ਚੋਂ ਇਕ ਹੈ। ਤਰਨਤਾਰਨ ਗੁਰੂ ਨਗਰੀ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਦੱਖਣ ਦਿਸ਼ਾ 'ਚ ਸਥਿਤ ਹੈ। ਅੰਮ੍ਰਿਤਸਰ ਦੀ ਤਰ੍ਹਾਂ ਇਹ ਅਸਥਾਨ ਵੀ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ। ਇਸ ਸ਼ਹਿਰ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਵਲੋਂ ਵਸਾਇਆ ਗਿਆ ਸੀ। ਇਹ ਸ਼ਹਿਰ ਪੁਰਾਤਨ ਤੌਰ 'ਤੇ ਦਿੱਲੀ ਤੋਂ ਲਾਹੌਰ ਜਾਣ ਵਾਲੇ ਸ਼ਾਹੀ ਮਾਰਗ 'ਤੇ ਸਥਿਤ ਹੈ। ਤਰਨਤਾਰਨ ਸਾਹਿਬ ਦਾ ਸਰੋਵਰ ਏਸ਼ੀਆ ਭਰ 'ਚ ਆਕਾਰ ਪੱਖੋਂ ਸਭ ਤੋਂ ਵੱਡਾ ਸਰੋਵਰ ਹੈ। ਇਹ ਸਰੋਵਰ ਕਰੀਬ 16 ਏਕੜ ਜ਼ਮੀਨ 'ਚ ਫੈਲਿਆ ਹੋਇਆ ਹੈ, ਜਿਸ ਦੀ ਲੰਬਾਈ 212 ਗਜ ਅਤੇ ਚੌੜਾਈ 208 ਗਜ ਹੈ ਅਤੇ ਇਸ ਦਾ ਘੇਰਾ ਇਕ ਮੀਲ 212 ਗਜ ਦਾ ਬਣਦਾ ਹੈ।

ਤਰਨਤਾਰਨ ਸਾਹਿਬ ਦੀ ਇਤਿਹਾਸ
ਇਤਿਹਾਸ ਮੁਤਾਬਕ ਪਹਿਲਾਂ ਇਸ ਸਰੋਵਰ ਵਾਲੀ ਥਾਂ 'ਤੇ ਪਿੰਡਡ ਪਲਾਸੌਰ ਦੀ ਇਕ ਢਾਬ ਹੋਇਆ ਕਰਦੀ ਸੀ, ਜਿਥੇ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਇਕੱਠਾ ਹੁੰਦਾ ਸੀ। ਗੁਰੂ ਅਰਜਨ ਦੇਵ ਜੀ ਜਦੋਂ 1590 ਈ. ਨੂੰ ਅੰਮ੍ਰਿਤਸਰੋਂ-ਗੋਇੰਦਵਾਲ ਸਾਹਿਬ ਜਾਂਦਿਆ ਇਸ ਢਾਬ ਕੋਲ ਰੁਕੇ ਤਾਂ ਉਨ੍ਹਾਂ ਨੂੰ ਇਥੋਂ ਦਾ ਪੌਣ ਪਾਣੀ ਬਹੁਤ ਵਧੀਆ ਲੱਗਾ। ਇਸ ਲਈ ਗੁਰੂ ਜੀ ਨੇ ਇਹ ਜ਼ਮੀਨ ਖਰੀਦ ਕੇ ਇਸ ਢਾਬ ਨੂੰ ਦੁਖ ਨਿਵਾਰਨ ਸਰੋਵਰ ਦਾ ਨਾਂ ਦਿੱਤਾ। 1590 ਈ. 'ਚ ਗੁਰੂ ਜੀ ਨੇ ਇਸ ਸਰੋਵਰ ਦੀ ਨੀਂਹ ਰੱਖਣ ਸਮੇਂ ਬਾਬਾ ਬੁੱਢਾ ਜੀ ਪਾਸੋਂ ਅਰਦਾਸਸ ਕਰਵਾਈ।

ਗੁਰੂ ਜੀ ਵਲੋਂ ਜਦੋਂ ਸ਼ਹਿਰ ਦੀ ਉਸਾਰੀ ਅਤੇ ਪਾਵਨ ਸਰੋਵਰ ਨੂੰ ਪੱਕਿਆਂ ਕਰਨ ਦਾ ਕਾਰਜ ਪੂਰੇ ਜ਼ੋਰਾਂ 'ਤੇ ਕਰਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਹੀ ਸਰਕਾਰੀ ਹਾਕਮ ਨੁਰੂਦੀਨ ਨੇ ਨਜ਼ਦੀਕੀ ਨਗਰ ਵਿਖੇ ਇੱਕ ਸਰਾਂ ਦੀ ਉਸਾਰੀ ਸ਼ਰੂ ਕਰਵਾ ਦਿੱਤੀ।  ਉਸਦੇ ਹੁਕਮਾਂ ਅਨੁਸਾਰ ਇਲਾਕੇ ਦੇ ਸਾਰੇ ਭੱਠਿਆਂ ਦੀਆਂ ਇੱਟਾਂ ਕਿਧਰੇ ਹੋਰ ਭੇਜਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਵਾ ਦਿੱਤੀ ਗਈ ਤੇ ਨਾਲ ਹੀ ਸ਼ਹਿਰ ਅਤੇ ਸਰੋਵਰ ਲਈ ਆਈਆਂ ਇੱਟਾਂ ਵੀ ਨੂਰੂਦੀਨ ਦੀ ਸਰਾਂ ਦੀ ਉਸਾਰੀ ਲਈ ਮੰਗਵਾ ਲਈਆਂ। ਇਸ ਕਾਰਵਾਈ ਖਿਲਾਫ ਸਿੱਖਾਂ ਅੰਦਰ ਡਾਹਢਾ ਰੋਸ ਪੈਦਾ ਹੋਇਆ ਪਰ ਗੁਰੂ ਜੀ ਨੇ ਸਿੱਖਾਂ ਨੂੰ ਸ਼ਾਂਤ ਕਰ ਦਿੱਤਾ। ਨੁਰੂਦੀਨ ਦੀ ਇਸ ਚਾਲ ਕਾਰਨ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਵਿਚਾਲੇ ਹੀ ਰੁੱਕ ਗਈ। ਸਮਾਂ ਨਿਕਲਿਆ ਤਾਂ 1778 ਈ 'ਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਨੂਰਦੀਨ ਦੀ ਸਰਾਂ ਨੂੰ 481 ਕੇ ਗੁਰੂ-ਘਰ ਦੀਆਂ ਇੱਟਾਂ ਵਾਪਸ ਲਿਆਂਦੀਆਂ ਤੇ ਗੁਰੂ ਨਗਰੀ ਤਰਨਤਾਰਨ ਦਾ ਨਿਰਮਾਣ ਕਾਰਜ ਦੋਬਾਰਾ ਸ਼ੁਰੂ ਕਰਵਾਇਆ।  

ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਦਿੱਖ ਨੂੰ ਧਿਆਨ 'ਚ ਰੱਖਦਿਆ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਇਮਾਰਤ 'ਤੇ ਵੀ ਸੋਨੇ ਦੀ ਮੀਨਾਕਾਰੀ ਦਾ ਇਤਿਹਾਸਕ ਕਾਰਜ ਕਰਵਾਇਆ। ਦਰਬਾਰ ਸਾਹਿਬ ਜੀ ਦੇ ਸਾਹਮਣੇ ਬਣੀ ਪੁਰਾਣੀ ਡਿਓੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਵਲੋਂ ਬਣਵਾਇਆ ਗਿਆ, ਜਿਸ ਨੂੰ ਸਮੇਂ-ਸਮੇਂ 'ਤੇ ਨਵ-ਨਿਰਮਾਣ ਦਾ ਨਾਮ ਦੇ ਕੇ ਢਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਸਿੱਖਾਂ ਵਲੋਂ ਕੀਤੇ ਗਏ ਵਿਰੋਧ ਨੇ ਹਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਇਸ ਦੇ ਸਦਕਾ ਇਹ ਇਤਿਹਾਸਕ ਪੁਰਾਤਨ ਡਿਓੜੀ ਅੱਜ ਵੀ ਕੱਚੀ ਪੱਕੀ ਹਾਲਤ 'ਚ ਦਰਬਾਰ ਸਾਹਿਬ ਦੀ ਸ਼ੋਭਾ ਵਧਾ ਰਹੀ ਹੈ। ਗੁਰੂ ਜੀ ਨੇ ਸਰੋਵਰ ਦੀ ਖੁਦਾਈ ਸਮੇਂ ਵਾਤਾਵਰਣ ਨੂੰ ਹੋਰ ਸੁਹਾਵਨਾ ਬਣਾਉਣ ਲਈ ਇਸ ਦੇ ਚਾਰੇ ਪਾਸੇ ਅੰਬਾਂ ਦੇ ਦਰੱਖਤ ਲਗਵਾਏ ਸਨ। ਇਨ੍ਹਾਂ ਦਰੱਖਤਾਂ ਨੂੰ ਕੁਝ ਸਾਲ ਪਹਿਲਾਂ ਪੁੱਟਵਾ ਕੇ ਇਥੇ ਸੰਗਮਰਮਰ ਦੀ ਪਰਿਕਰਮਾ ਬਣਾ ਦਿੱਤੀ ਗਈ ਸੀ ਪਰ ਹੁਣ ਇਕ ਵਾਰ ਫਿਰ ਸਰੋਵਰ ਦੀ ਪਰਿਕਰਮਾ 'ਚ ਬੂਟੇ ਲਾਉਣ ਦਾ ਕਾਰਜ ਆਰੰਭ ਕੀਤਾ ਗਿਆ ਹੈ। ਦਰਬਾਰ ਸਾਹਿਬ ਤਰਨਤਾਰਨ ਦੀ ਪਰਿਕਰਮਾ 'ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵੀ ਸ਼ੁਸ਼ੋਭਿਤ ਹੈ, ਜਿਥੇ ਬੈਠ ਕੇ ਗੁਰੂ ਅਰਜੁਨ ਦੇਵ ਜੀ ਸਰੋਵਰ ਦੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸਨ। ਇਸੇ ਅਸਥਾਨ 'ਤੇ ਇਕ ਚਾਰ ਮੰਜ਼ਿਲਾ ਬੁੰਗਾ ਵੀ ਬਣਵਾਇਆ ਗਿਆ ਸੀ, ਜਿਥੇ ਸਿੱਖ ਸੰਗਤਾਂ ਰਾਤ ਵੇਲੇ ਵਿਸ਼ਰਾਮ ਕਰਦੀਆਂ। ਇਹ ਬੁੰਗਾ ਅੱਜ ਵੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਉਸੇ ਤਰ੍ਹਾਂ ਸ਼ੁਸ਼ੋਭਿਤ ਹੈ। ਇਸ ਪਵਿੱਤਰ ਇਤਿਹਾਸਕ ਅਸਥਾਨ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਖਾਲਸੇ ਦਾ ਸਾਜਨਾ ਦਿਵਸ  ਵੱਡੀ ਪੱਧਰ 'ਤੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।


author

Baljeet Kaur

Content Editor

Related News