ਤਰਨਤਾਰਨ ਪੁਲਸ ਆਉਣ ਵਾਲੇ ਦਿਨਾਂ ''ਚ ਬਰਾਮਦ ਕਰ ਸਕਦੀ ਹੈ ਹਥਿਆਰਾਂ ਦਾ ਵੱਡਾ ਜ਼ਖੀਰਾ
Thursday, Oct 03, 2019 - 01:19 PM (IST)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਤੋਂ ਫੜੇ ਗਏ 4 ਅੱਤਵਾਦੀਆਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਪਿੰਡ ਪੰਡੋਰੀ ਗੋਲਾ ਵਿਖੇ ਹੋਏ ਬਲਾਸਟ ਮਾਮਲੇ 'ਚ ਆਪਣੀ ਤਫਤੀਸ਼ ਨੂੰ ਤੇਜ਼ ਕਰਦੇ ਹੋਏ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਥਾਣਾ ਸਦਰ ਦੀ ਪੁਲਸ ਨੇ ਫੇਸਬੁੱਕ ਰਾਹੀਂ ਲੋਕਾਂ 'ਚ ਨਫਰਤ ਪੈਦਾ ਕਰਨ, ਧਮਕਾਉਣ, ਭੜਕਾਉਣ ਸਬੰਧੀ ਇਕ ਨੂੰ ਗ੍ਰਿਫਤਾਰ ਕਰਦੇ ਹੋਏ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉੱਧਰ ਐੱਨ. ਆਈ. ਏ. ਟੀਮ ਵਲੋਂ ਜ਼ਿਲੇ 'ਚ ਬੰਬ ਬਲਾਸਟ ਮਾਮਲੇ 'ਚ ਸ਼ਾਮਲ 7 ਮੁਲਜ਼ਮਾਂ ਨੂੰ ਆਪਣੀ ਹਿਰਾਸਤ 'ਚ ਲੈਣ ਦੀ ਤਿਆਰੀ ਕਰ ਰਹੀ ਹੈ, ਜਿਸ ਦੌਰਾਨ ਜ਼ਖਮੀ ਗੁਰਜੰਟ ਨੂੰ ਵੀ ਪੁਲਸ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ। ਥਾਣਾ ਸਦਰ ਦੀ ਪੁਲਸ ਵਲੋਂ ਬਲਜੀਤ ਸਿੰਘ ਉਰਫ ਬਲਜੀਤ ਨਾਂ ਦੀ ਫੇਸਬੁੱਕ ਆਈ. ਡੀ. ਬਣਾ ਕੇ ਲੋਕਾਂ 'ਚ ਨਫਰਤ ਭਰੇ ਮੈਸੇਜ ਪਾਉਣ ਅਤੇ ਧਮਕਾਉਣ ਵਾਲੇ ਬਲਜੀਤ ਸਿੰਘ ਉਰਫ ਬਾਉੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸਰਾਏ ਦਿਵਾਨਾ ਨੂੰ ਗ੍ਰਿਫਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਇਸ ਦੇ ਨਾਲ ਅਣਪਛਾਤੇ ਦੋਸ਼ੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਆਉਣ ਵਾਲੇ ਦਿਨਾਂ 'ਚ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਣ ਦੀ ਆਸ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲਾ ਪੁਲਸ ਵਲੋਂ ਇਸ ਮਾਮਲੇ 'ਚ ਇਕ ਬਠਿੰਡਾ, ਇਕ ਮੋਹਾਲੀ ਨਿਵਾਸੀ ਅਤੇ ਇਕ ਤਰਨਤਾਰਨ ਨਿਵਾਸੀ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।।ਉਨ੍ਹਾਂ ਦੀ ਨਿਸ਼ਾਨ ਦੇਹੀ 'ਤੇ ਜਲਦ ਕੁੱਝ ਨਵੀਆਂ ਗੱਲਾਂ ਸਾਹਮਣੇ ਆ ਸਕਦੀਆਂ ਹਨ ਜੋ ਸਭ ਨੂੰ ਹੈਰਾਨ ਕਰ ਦੇਣਗੀਆਂ। ਇਨ੍ਹਾਂ ਬਾਰੇ ਸਾਰੀ ਪੁੱਛ ਪੜਤਾਲ ਜ਼ਿਲੇ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਖੁਦ ਕੀਤੀ ਜਾ ਰਹੀ ਹੈ।
ਉੱਧਰ ਪੰਡੋਰੀ ਗੋਲਾ ਬੰਬ ਬਲਾਸਟ ਮਾਮਲੇ 'ਚ ਨਾਮਜ਼ਦ 7 ਮੁਲਜ਼ਮ ਜੋ ਇਸ ਵੇਲੇ ਨਿਆਇਕ ਹਿਰਾਸਤ 'ਚ ਜੇਲ ਭੇਜੇ ਗਏ ਹਨ ਨੂੰ ਐੱਨ. ਆਈ. ਏ. ਵਲੋਂ ਕਾਨੂੰਨ ਅਨੁਸਾਰ ਆਪਣੀ ਗ੍ਰਿਫਤ 'ਚ ਲਏ ਜਾਣ ਦੀ ਵੀ ਤਿਆਰੀ ਕੀਤੀ ਜਾ ਚੁੱਕੀ ਹੈ।